ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਅਮਰੀਕਾ ‘ਚ ਕਈ ਥਾਈਂ ਹੋਏ ਹਿੰਸਕ ਪ੍ਰਦਰਸ਼ਨ

521
Share

ਮਿਨੀਸੋਟਾ/ਸੈਕਰਾਮੈਂਟੋ, 3 ਜੂਨ (ਪੰਜਾਬ ਮੇਲ)- ਫਿਲਾਡੇਲਫੀਆ ਦੇ ਮਿਨੀਸੋਟਾ ਦੇ ਮਿਨੇਐਪਲਿਸ ‘ਚ 46 ਸਾਲਾ ਅਫਰੀਕੀ-ਅਮਰੀਕੀ ਵਿਅਕਤੀ ਦੀ ਪੁਲਿਸ ਹਿਰਾਸਤ ‘ਚ ਮੌਤ ਹੋ ਗਈ, ਜਿਸ ਤੋਂ ਬਾਅਦ ਪੂਰਾ ਅਮਰੀਕਾ ਗੁੱਸੇ ਦੀ ਅੱਗ ‘ਚ ਝੁਲਸ ਰਿਹਾ ਹੈ। ਜਾਰਜ ਫਲਾਇਡ (46) ਨੂੰ 20 ਡਾਲਰ ਦੇ ਨਕਲੀ ਨੋਟ ਨਾਲ ਸਿਗਰਟ ਖਰੀਦਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਗ੍ਰਿਫਤਾਰੀ ਦੌਰਾਨ ਜਦੋਂ ਜਾਰਜ ਫਲਾਇਡ ਦਾ ਇੱਕ ਗੋਰੇ ਪੁਲਿਸ ਅਧਿਕਾਰੀ ਨਾਲ ਝਗੜਾ ਹੋ ਗਿਆ, ਤਾਂ ਗੋਰੇ ਪੁਲਿਸ ਅਧਿਕਾਰੀ ਨੇ ਫਲਾਇਡ ਨੂੰ ਹੇਠਾਂ ਸੁੱਟ ਕੇ ਗੋਡੇ ਨਾਲ ਉਸ ਦੀ ਗਰਦਨ ਦਬਾ ਲਈ। ਪੁਲਿਸ ਅਧਿਕਾਰੀ ਨੇ ਫਲਾਇਡ ਨੂੰ ਜ਼ਮੀਨ ‘ਤੇ ਸੁੱਟ ਕੇ ਲਗਭਗ 8.46 ਮਿੰਟ ਉਸ ਦੀ ਧੌਣ ਉਪਰ ਗੋਡਾ ਦੇਈ ਰੱਖਿਆ। ਇਸ ਘਟਨਾ ਦੀ ਵਾਇਰਲ ਹੋਈ ਵੀਡੀਓ ‘ਚ ਸੁਣਾਈ ਦੇ ਰਿਹਾ ਹੈ ਕਿ ਜਾਰਜ ਵਾਰ-ਵਾਰ ਪੁਲਿਸ ਵਾਲੇ ਨੂੰ ਕਹਿੰਦਾ ਰਿਹਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਪਰ ਪੁਲਿਸ ਅਫਸਰ ਨੇ ਕੋਈ ਪ੍ਰਵਾਹ ਨਹੀਂ ਕੀਤੀ। ਪੁਲਿਸ ਅਧਿਕਾਰੀ ਨੇ ਉਸ ਦੀ ਗਰਦਨ ਨੂੰ ਆਪਣੇ ਗੋਡੇ ਹੇਠ ਦੱਬੇ ਹੀ ਰੱਖਿਆ ਤੇ ਨਤੀਜਾ ਇਹ ਹੋਇਆ ਕਿ ਫਲਾਇਡ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਸ਼ੀ ਪੁਲਿਸ ਅਧਿਕਾਰੀ ਹਿਰਾਸਤ ਵਿਚ ਹੈ ਤੇ ਉਸ ਨੂੰ ਅਗਲੇ ਹਫਤੇ ਅਦਾਲਤ ‘ਚ ਪੇਸ਼ ਕੀਤਾ ਜਾਣਾ ਹੈ। ਇਸ ਨੂੰ ਲੋਕ ਨਸਲੀ ਹਿੰਸਾ ਦਾ ਮਾਮਲਾ ਮੰਨ ਰਹੇ ਹਨ ਅਤੇ ਲਗਾਤਾਰ ਪ੍ਰਦਰਸਨ ਕੀਤੇ ਜਾ ਰਹੇ ਹਨ, ਜੋ ਹਿੰਸਕ ਹੁੰਦੇ ਜਾ ਰਹੇ ਹਨ।
ਅਮਰੀਕਾ ‘ਚ ਪੁਲਿਸ ਕਰਮਚਾਰੀ ਦੀ ਗਲਤੀ ਕਾਰਨ ਮਾਰੇ ਗਏ ਅਸ਼ਵੇਤ ਅਮਰੀਕੀ ਨਾਗਰਿਕ ਜਾਰਜ ਫਲਾਇਡ ਲਈ ਲੋਕ ਨਿਆਂ ਮੰਗ ਰਹੇ ਹਨ। ਅਮਰੀਕਾ ‘ਚ ਲੋਕ ਪ੍ਰਦਰਸ਼ਨ ਕਰ ਰਹੇ ਹਨ ਪਰ ਕਈ ਥਾਵਾਂ ‘ਤੇ ਇਹ ਹਿੰਸਕ ਹੋ ਗਿਆ ਹੈ। ਅਮਰੀਕਾ ਦੇ 40 ਸ਼ਹਿਰਾਂ ‘ਚ ਹਿੰਸਾ ਦੀ ਅੱਗ ਝੁਲਸ ਰਹੀ ਹੈ। ਇਸ ਦੇ ਸੇਕ ਐਤਵਾਰ ਨੂੰ ਵ੍ਹਾਈਟ ਹਾਊਸ ਤੱਕ ਵੀ ਪੁੱਜਾ। ਰਾਸ਼ਟਰਪਤੀ ਟਰੰਪ ਨੂੰ ਵੀ ਵ੍ਹਾਈਟ ਹਾਊਸ ‘ਚ ਬਣੇ ਬੰਕਰ ‘ਚ ਲੁਕਣਾ ਪਿਆ।
ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਕੋਲ ਇਕ ਕੂੜੇਦਾਨ ‘ਚ ਅੱਗ ਲਗਾ ਦਿੱਤੀ ਅਤੇ ਪੁਲਿਸ ਨਾਲ ਧੱਕਾ-ਮੁੱਕੀ ਵੀ ਕੀਤੀ। ਮਾਮਲਾ ਇੰਨਾ ਵਿਗੜ ਗਿਆ ਕਿ ਸੀਕ੍ਰੇਟ ਸਰਵਿਸ ਏਜੰਟ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬੰਕਰ ‘ਚ ਲੈ ਗਏ। ਹਾਲਾਂਕਿ ਮੌਕੇ ‘ਤੇ ਪੁੱਜੀ ਪੁਲਿਸ ਨੇ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਦੌੜਾ ਦਿੱਤਾ। ਇਸ ਦੌਰਾਨ ਸੀਕ੍ਰੇਟ ਸਰਵਿਸ ਏਜੰਟ ਦੰਗਾਰੋਕੂ ਪੋਸ਼ਾਕ ‘ਚ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਜਾਰਜ ਦੀ ਮੌਤ ਦੇ ਬਾਅਦ ਅਮਰੀਕਾ ‘ਚ ਹਿੰਸਾ ਭੜਕ ਗਈ ਹੈ। ਪੁਲਿਸ ਨੇ ਕਈ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲਿਆ ਹੈ।
ਅਮਰੀਕੀ ਇਤਿਹਾਸ ‘ਚ ਸ਼ਾਇਦ ਪਹਿਲੀ ਵਾਰ ਇੰਝ ਹੋਇਆ ਕਿ ਪ੍ਰਦਰਸ਼ਨਕਾਰੀ ਵ੍ਹਾਈਟ ਹਾਊਸ ਦੀ ਗੈਲਰੀ ਤੱਕ ਪਹੁੰਚ ਗਏ। ਇਸੇ ਦੌਰਾਨ 50 ਤੋਂ ਵੱਧ ਸੀਕ੍ਰੇਟ ਸਰਵਿਸ ਏਜੰਟ ਵੀ ਜ਼ਖ਼ਮੀ ਹੋ ਗਏ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨਕਾਰੀਆਂ ਵਲੋਂ ਬੋਤਲਾਂ ਅਤੇ ਬੋਤਲ ਬੰਬ ਸੁੱਟਣ ਨਾਲ ਸੀਕ੍ਰੇਟ ਸਰਵਿਸ ਏਜੰਟ ਜ਼ਖ਼ਮੀ ਹੋ ਗਏ। ਜਾਰਜ ਫਲਾਇਡ ਦੀ ਮੌਤ ਲਈ ਜ਼ਿੰਮੇਵਾਰ 3 ਹੋਰ ਪੁਲਿਸ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਤੇ ਪੁਲਿਸ ਵਿਭਾਗ ‘ਚ ਸੁਧਾਰਾਂ ਨੂੰ ਲੈ ਕੇ ਤਕਰੀਬਨ ਪੂਰੇ ਦੇਸ਼ ‘ਚ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਰਿਹਾ। 40 ਹੋਰ ਸ਼ਹਿਰਾਂ ‘ਚ ਕਰਫ਼ਿਊ ਲਗਾਉਣਾ ਪਿਆ। ਲਗਪਗ 23 ਸੂਬਿਆਂ ‘ਚ 17000 ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ। ਪ੍ਰਦਰਸ਼ਨਕਾਰੀਆਂ ‘ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਸੁੱਟਣੇ ਪਏ ਅਤੇ ਪਲਾਸਟਿਕ ਦੀਆਂ ਗੋਲੀਆਂ ਦੀ ਵਰਤੋਂ ਕਰਨੀ ਪਈ।
ਸਿਆਟਲ ਡਾਊਨ ਟਾਊਨ ਵਿਖੇ ਪ੍ਰਦਰਸ਼ਨਕਾਰੀਆਂ ਵੱਲੋਂ ਲੁੱਟਮਾਰ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਸ਼ਹਿਰ ਦੇ ਸਾਰੇ ਮੁੱਖ ਸਟੋਰ, ਕਈ ਰੈਸਟੋਰੈਂਟ, ਬਾਰਾਂ ਲੁੱਟੀਆਂ ਜਾ ਚੁੱਕੀਆਂ ਸਨ। ਸਿਆਟਲ ਦੇ ਨਾਲ ਲੱਗਦੇ ਮਹਿੰਗੇ ਸ਼ਹਿਰ ਬੈਲਵਿਊ ਵਿਚ ਵੀ ਪ੍ਰਦਰਸ਼ਨ ਹੋਇਆ, ਜਿਥੇ ਪ੍ਰਦਰਸ਼ਨਕਾਰੀਆਂ ਨੇ ਕਈ ਸਟੋਰਾਂ ਦੇ ਸ਼ੀਸ਼ੇ ਤੋੜ ਦਿੱਤੇ ਪਰ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ‘ਚ ਕਾਮਯਾਬ ਰਹੀ। ਬੈਲਵਿਊ ਸ਼ਹਿਰ ‘ਚ ਕਰਫ਼ਿਊ ਲਗਾ ਦਿੱਤਾ ਗਿਆ। ਵੱਖ-ਵੱਖ ਸ਼ਹਿਰਾਂ ‘ਚ ਸੈਂਕੜੇ ਹਿੰਸਾਕਾਰੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ।
ਸ਼ਿਕਾਗੋ ਦੇ ਹੇਠਲੇ ਖੇਤਰ ‘ਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ‘ਚ ਹਿੱਸਾ ਲਿਆ। ਹਾਲਾਂਕਿ ਪ੍ਰਦਰਸ਼ਨ ਸ਼ਾਂਤਮਈ ਸ਼ੁਰੂ ਹੋਇਆ ਸੀ ਪਰ ਰਾਤ ਭਰ ਸ਼ਿਕਾਗੋ ਤੇ ਨਾਲ ਲੱਗਦੇ ਖੇਤਰਾਂ ‘ਚ ਹਿੰਸਾ ਤੇ ਭੰਨਤੋੜ ਦਾ ਸਿਲਸਿਲਾ ਚੱਲਦਾ ਰਿਹਾ। ਸਾਂਤਾ ਮੋਨੀਕਾ (ਕੈਲੀਫੋਰਨੀਆ), ਲਾਸ ਏਂਜਲਸ, ਸਾਵਾਨਾਹ (ਜਾਰਜੀਆ), ਫਿਲਾਡੇਲਫੀਆ ਤੇ ਹੋਰ ਥਾਵਾਂ ‘ਤੇ ਹਿੰਸਾ ਤੇ ਲੁੱਟਖੋਹ ਦੀਆਂ ਘਟਨਾਵਾਂ ਹੋਈਆਂ। ਕਈ ਪੰਜਾਬੀਆਂ ਦੇ ਸਟੋਰ ਵੀ ਲੁੱਟੇ ਗਏ ਹਨ। ਇਸੇ ਦੌਰਾਨ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਜੋਅ ਬਿਡੇਨ ਨਸਲਵਾਦ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨ ‘ਚ ਡੇਲਾਵੇਅਰ ਸੂਬੇ ‘ਚ ਪਹੁੰਚੇ ਅਤੇ ਕਿਹਾ ਕਿ ਅਮਰੀਕਾ ਦੇ ਹਾਲਾਤ ਇਸ ਵੇਲੇ ਬਹੁਤ ਮਾੜੇ ਹਨ ਅਤੇ ਸਾਰਾ ਅਮਰੀਕਾ ਇਸ ਵੇਲੇ ਦੁਖੀ ਹੈ। ਬਿਡੇਨ ਨੇ ਕਿਹਾ ਮੌਜੂਦਾ ਸਰਕਾਰ ਇਸ ਵੇਲੇ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਨਸਲਵਾਦ ਦੇ ਖ਼ਿਲਾਫ਼ ਹਾਂ ਤੇ ਜਾਰਜ ਫਲਾਇਡ ਦੀ ਮੌਤ ਦੀ ਨਿੰਦਾ ਕਰਦੇ ਹਾਂ।
ਸ਼ਿਕਾਗੋ ਦੇ ਸਥਾਨਕ ਟੀ.ਵੀ. ਚੈਨਲ ਐੱਨ.ਬੀ.ਸੀ. ਦੀ ਰਿਪੋਰਟ ਅਨੁਸਾਰ ਸ਼ਿਕਾਗੋ ਸ਼ਹਿਰ ‘ਚ ਤਿੰਨ ਦਿਨਾਂ ਦੌਰਾਨ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੌਰਾਨ ਘੱਟੋ-ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ।
ਵਰਜੀਨੀਆ ਸੂਬੇ ਦੀ ਰਾਜਧਾਨੀ ‘ਚ ਲਗਭਗ 200 ਨਸਲਵਾਦ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਕਰਫਿਊ ਉਲੰਘਣ ਦੇ ਦੋਸ਼ ਹੇਠ ਹਿਰਾਸਤ ‘ਚ ਲਿਆ ਗਿਆ ਹੈ। ਵਰਜੀਨੀਆ ਡਿਫੈਂਡਰਜ਼ ਫਾਰ ਫਰੀਡਮ, ਜਸਟਿਸ ਐਂਡ ਇਕੁਐਲਿਟੀ ਅੰਦੋਲਨ ਦੇ ਨੇਤਾ ਫਿਲ ਵਿਲੇਏਟੋ ਨੇ ਦੱਸਿਆ ਕਿ ਲਗਭਗ 200 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਉਹ ਰਾਤ ਮੇਅਰ ਵਲੋਂ ਲਗਾਏ ਕਰਫਿਊ ਦਾ ਉਲੰਘਣ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਮੇਅਰ ਬਿੱਲ ਡੇ ਬਲਾਸਿਓ ਅਤੇ ਨਿਊਯਾਰਕ ਸੂਬੇ ਦੇ ਗਵਰਨਰ ਐਂਡਰੀਊ ਕੁਓਮੋ ਨੇ ਸੋਮਵਾਰ ਨੂੰ ਕਰਫਿਊ ਦੀ ਘੋਸ਼ਣਾ ਕੀਤਾ।
ਪ੍ਰਦਰਸ਼ਨਕਾਰੀਆਂ ਵਿਚੋਂ ਕੋਈ ਵੀ ਜ਼ਖਮੀ ਨਹੀਂ ਹੋਇਆ ਪਰ ਸਾਰਿਆਂ ਨੂੰ ਜੇਲ੍ਹ ਲੈ ਜਾਣ ਤੋਂ ਪਹਿਲਾਂ ਕਈ ਘੰਟਿਆਂ ਤੱਕ ਬੱਸਾਂ ‘ਚ ਬਿਠਾਇਆ ਗਿਆ। ਉਨ੍ਹਾਂ ਸਾਰਿਆਂ ਨੂੰ ਹੱਥਕੜੀਆਂ ਲਗਾ ਕੇ ਬੱਸਾਂ ਵਿਚ ਬੈਠਾ ਦਿੱਤਾ ਗਿਆ ਸੀ।
ਵਿਰੋਧ ਪ੍ਰਦਰਸ਼ਨ ਜਲਦੀ ਹੀ ਅੱਗ ਲੱਗਣ, ਲੁੱਟ, ਪੁਲਿਸ ਨਾਲ ਝੜਪਾਂ ਤੇ ਦੰਗਿਆਂ ‘ਚ ਬਦਲ ਗਿਆ। ਵਾਸ਼ਿੰਗਟਨ ਤੋਂ ਸਿਰਫ ਦੋ ਘੰਟਿਆਂ ਦੀ ਦੂਰੀ ‘ਤੇ ਸਥਿਤ ਰਿਚਮੰਡ ਸ਼ਹਿਰ ‘ਚ ਵੀ ਐਤਵਾਰ ਨੂੰ ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਦੇ ਹਿੰਸਕ ਹੋਣ ਦੇ ਬਾਅਦ ਕਰਫਿਊ ਲਗਾ ਦਿੱਤਾ ਗਿਆ।
ਲੰਡਨ ਦੀ ਪੁਲਿਸ ਨੇ ਸੋਮਵਾਰ ਨੂੰ ਅਮਰੀਕੀ ਦੂਤਘਰ ਦੇ ਸਾਹਮਣੇ ਇਕੱਠੇ ਹੋਏ 23 ਲੋਕਾਂ ਨੂੰ ਹਿਰਾਸਤ ਵਿਚ ਲਿਆ, ਜੋ ਜਾਰਜ ਫਲਾਇਡ ਲਈ ਨਿਆਂ ਮੰਗਣ ਲਈ ਪ੍ਰਦਰਸ਼ਨ ਕਰ ਰਹੇ ਸਨ। ਲੰਡਨ ਦੀ ਮੈਟਰੋਪੋਲੀਟਨ ਪੁਲਿਸ ਸਰਵਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਟਵੀਟ ਕੀਤਾ, ”ਕੇਂਦਰੀ ਲੰਡਨ ਵਿਚ ਵੱਖ-ਵੱਖ ਇਕੱਠਾਂ ਤੋਂ ਕੁੱਲ 23 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ। ਇਸ ਵਿਚ ਸ਼ਾਮਲ ਬਹੁਤੇ ਲੋਕ ਇਸ ਖੇਤਰ ਤੋਂ ਚਲੇ ਗਏ। 
ਇਸ ਤੋਂ ਪਹਿਲੇ ਦਿਨ ਪੁਲਿਸ ਨੇ ਕਿਹਾ ਸੀ ਕਿ ਲੋਕਾਂ ਨੂੰ ਵੱਖ-ਵੱਖ ਜੁਰਮਾਂ ਲਈ ਨਜ਼ਰਬੰਦ ਕੀਤਾ ਗਿਆ ਹੈ। ਇਸ ਵਿਚ ਪੁਲਿਸ ‘ਤੇ ਹਮਲਾ ਕਰਨ ਲਈ ਹਥਿਆਰ ਕੋਲ ਰੱਖਣਾ ਅਤੇ ਕੋਰੋਨਾਵਾਇਰਸ ਕਾਰਨ ਲਾਈਆਂ ਪਾਬੰਦੀਆਂ ਦੀ ਉਲੰਘਣਾ ਕਰਨਾ ਸ਼ਾਮਲ ਸੀ।


Share