ਜਾਪਾਨ ਦੀ ਆਬਾਦੀ ‘ਚ ਪਿਛਲੇ 50 ਸਾਲਾਂ ਦੀ ਸਭ ਤੋਂ ਤੇਜ਼ ਗਿਰਾਵਟ ਦਰਜ

ਟੋਕੀਓ, 11 ਜੁਲਾਈ (ਪੰਜਾਬ ਮੇਲ)-ਜਾਪਾਨ ਦੀ ਆਬਾਦੀ ‘ਚ ਪਿਛਲੇ 50 ਸਾਲਾਂ ਦੀ ਸਭ ਤੋਂ ਤੇਜ਼ ਗਿਰਾਵਟ ਦਰਜ ਕੀਤੀ ਗਈ ਹੈ। ਸਾਲ 2018 ‘ਚ ਜਾਪਾਨ ਦੀ ਅਬਾਦੀ ‘ਚ ਰਿਕਾਰਡ ਚਾਰ ਲੱਖ 33 ਹਜ਼ਾਰ 239 ਦੀ ਗਿਰਾਵਟ ਦਰਜ ਕੀਤੀ ਗਈ, ਜਿਹੜੀ 1968 ਤੋਂ ਬਾਅਦ ਸਭ ਤੋਂ ਵੱਧ ਹੈ। ਜਾਪਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਦੀ ਆਬਾਦੀ ਘਟ ਕੇ 12 ਕਰੋੜ 48 ਲੱਖ ਰਹਿ ਗਈ ਹੈ।
ਦੇਸ਼ ਦੀ ਅਬਾਦੀ ‘ਚ ਪਿਛਲੇ 10 ਸਾਲਾਂ ਤੋਂ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਪਿਛਲੇ ਸਾਲ ਦੇਸ਼ ‘ਚ ਨੌਂ ਲੱਖ 21 ਹਜ਼ਾਰ ਬੱਚਿਆਂ ਦਾ ਜਨਮ ਹੋਇਆ। ਜਦਕਿ ਲੋਕਾਂ ਦੀ ਮੌਤ ਦਾ ਅੰਕੜਾ 13 ਲੱਖ 60 ਹਜ਼ਾਰ ਸੀ। ਲਗਾਤਾਰ 12 ਸਾਲਾਂ ਤੋਂ ਜਾਪਾਨ ‘ਚ ਮੌਤ ਦੇ ਅੰਕੜੇ ਜਨਮ ਤੋਂ ਵੱਧ ਰਹੇ ਹਨ। ਗ੍ਰਹਿ ਮੰਤਰਾਲੇ ਦੀ ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਜਾਪਾਨ ‘ਚ ਆਬਾਦੀ ਘਟਣ ਦੇ ਨਾਲ ਹੀ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ‘ਚ ਇਜ਼ਾਫ਼ਾ ਦਰਜ ਕੀਤਾ ਗਿਆ ਹੈ। ਜਾਪਾਨ ‘ਚ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਵਧ ਕੇ 26 ਲੱਖ 60 ਹਜ਼ਾਰ ਹੋ ਗਈ ਹੈ ਜਿਹੜੀ ਦੇਸ਼ ਦੀ ਪੂਰੀ ਅਬਾਦੀ ਦਾ ਦੋ ਫ਼ੀਸਦੀ ਤੋਂ ਕੁਝ ਜ਼ਿਆਦਾ ਹੈ।