‘‘ਜਾਗਦਾ ਪੰਜਾਬ ਮਿਸ਼ਨ’’ ਦੀ ਸਮੁੱਚੀ ਟੀਮ ਵੱਲੋਂ ਦਿੜ੍ਹਬਾ ਦੇ ਪਿੰਡਾਂ ਵਿਚ ਵਿਸ਼ੇਸ਼ ਦੌਰਾ

504
Share

ਨਕੋਦਰ/ਮਹਿਤਪੁਰ, 3 ਮਈ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ‘‘ਜਾਗਦਾ ਮਿਸ਼ਨ ਪੰਜਾਬ’’ ਦੇ ਸੀਨੀਅਰ ਆਗੂ ਅਤੇ ਸਹਾਇਤਾ ਐੱਨ.ਜੀ.ਓ. ਇੰਡੀਆ ਦੇ ਡਾਇਰੈਕਟਰ ਡਾ. ਰਾਜਿੰਦਰ ਰਾਜ਼ੀ, ਉੱਘੇ ਫਿਲਮ ਅਦਾਕਾਰ ਅਤੇ ਗਾਇਕ ਪਰਮਜੀਤ ਸਿੰਘ ਸਿੱਧੂ ਪੰਮੀ ਬਾਈ, ਦਿੜ੍ਹਬਾ ਜ਼ੋਨ ਦੇ ਪ੍ਰਧਾਨ ਰਣਜੀਤ ਸਿੰਘ ਸ਼ੀਤਲ, ਲੁਧਿਆਣਾ ਦੇ ਪ੍ਰਧਾਨ ਜੱਸ ਲੁਧਿਆਣਾ, ਜਸਵਿੰਦਰ ਸਿੰਘ ਸੁਨਾਮ ਤੋਂ ਇਲਾਵਾ ‘‘ਜਾਗਦਾ ਪੰਜਾਬ ਮਿਸ਼ਨ’’ ਦੀ ਸਮੁੱਚੀ ਟੀਮ ਵੱਲੋਂ ਜ਼ੋਨ ਦਿੜ੍ਹਬਾ ਦੇ ਪਿੰਡਾਂ ਵਿਚ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਪਿੰਡ ਮਹਿਲਾਂ ਦੇ ਗਾਇਕ ਬਲੌਰ ਮਹਿਲਾਂ ਦੀਆਂ ਦੋ ਲੜਕੀਆਂ ਨੂੰ ਦਸਵੀਂ ਤੋਂ ਬਾਅਦ ਅਗਲੇਰੀ ਪੜ੍ਹਾਈ ਕਰਵਾਉਣ ਦਾ ਜ਼ਿੰਮਾ ਲਿਆ ਗਿਆ। ਪਿੰਡ ਤਰੰਜੀ ਖੇੜਾ ਖਡਿਆਲੀ ਵਿਖੇ ਇਕ ਲੜਕੀ ਦੀ ਪੜ੍ਹਾਈ ਅਤੇ ਪਲੱਸ ਟੂ ਪਾਸ ਲੋੜਵੰਦ ਵਿਦਿਆਰਥੀ ਨੂੰ ਕਿੱਤਾ ਮੁਖੀ ਕੋਰਸ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਛਾਜਲਾ ਵਿਖੇ ਆਪਣੇ ਸਿਰ ਚੜ੍ਹੇ ਭਾਰੀ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਕਿਸਾਨ ਦੀ ਇਕਲੌਤੀ ਲੋੜਵੰਦ ਧੀ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲਈ ਗਈ, ਪਿੰਡ ਗੰਢੂਆਂ ਦੀਆਂ ਦੋ ਲੋੜਵੰਦ ਵਿਦਿਆਰਥਣਾਂ ਦੀ ਬਾਰ੍ਹਵੀਂ ਤੋਂ ਬਾਅਦ ਅਗਲੇਰੀ ਪੜ੍ਹਾਈ ਅਤੇ ਕੋਰਸ ਕਰਵਾਉਣ ਦਾ ਜ਼ਿੰਮਾ ਲਿਆ ਗਿਆ। ਪਿੰਡ ਜਖੇਪਲ ਵਿਖੇ ਬਾਰ੍ਹਵੀਂ ਪਾਸ ਹੁਸ਼ਿਆਰ ਤੇ ਲੋੜਵੰਦ ਵਿਦਿਆਰਥੀ ਨੂੰ ਕਿੱਤਾ ਮੁਖੀ ਕੋਰਸ ਕਰਵਾਉਣ ਅਤੇ ਪਿੰਡ ਜਖੇਪਲ ਦੇ ਹੀ ਹੰਬਲਵਾਸ ਦੇ ਗ਼ਰੀਬ ਘਰ ਦੀ ਲੜਕੀ ਜਿਸ ਦਾ ਪਿਤਾ ਭੱਠੇ ’ਤੇ ਇੱਟਾਂ ਪੱਥ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ ਪ੍ਰੰਤੂ ਆਪਣੇ ਸਿਰ ਚੜ੍ਹੇ ਭਾਰੀ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਿਆ ਸੀ, ਦੀ ਐੱਮ.ਏ. ਪਾਸ ਲੜਕੀ ਨੂੰ ਬੀ.ਐੱਡ ਕਰਵਾਉਣ ਦਾ ਜ਼ਿੰਮਾ ਵੀ ਜਾਗਦਾ ਪੰਜਾਬ ਮਿਸ਼ਨ ਵੱਲੋਂ ਲਿਆ ਗਿਆ। ਇਸ ਤੋਂ ਪਹਿਲਾਂ ਲਹਿਰਾਂ ਵਿਖੇ 3 ਲੋੜਵੰਦ ਵਿਦਿਆਰਥਣਾਂ ਨੂੰ ਵੀ ਅਗਲੇਰੀ ਪੜ੍ਹਾਈ ਕਰਵਾਉਣ ਦੀ ਜ਼ਿੰਮੇਵਾਰੀ ਲਈ ਹੈ। ਡੇਰਾ ਮਹਿਲਾਂ ਦੇ ਮਹੰਤ ਬਾਬਾ ਮੱਘਰ ਦਾਸ, ਖੇਡ ਪ੍ਰਮੋਟਰ ਜੀਤ ਕਪਿਆਲ, ਮਨਦੀਪ ਸਿੰਘ, ਐਡਵੋਕੇਟ ਵਰਿੰਦਰ ਗੋਇਲ, ਮੈਡਮ ਕਾਂਤਾ ਗੋਇਲ, ਪਰਗਟ ਸਿੰਘ ਗਾਗਾ, ਨੰਬਰਦਾਰ ਬਲਵਿੰਦਰ ਸਿੰਘ ਕਮਾਲਪੁਰ, ਸਾਬਕਾ ਬਲਾਕ ਸੰਮਤੀ ਚੇਅਰਮੈਨ ਪਰਵਿੰਦਰ ਸਿੰਘ ਗੰਢੂਆਂ, ਡਾ. ਦਲਜੀਤ ਸਿੰਘ ਗੰਢੂਆਂ, ਹਮੀਰ ਸਿੰਘ ਗੰਢੂਆਂ, ਗੁਰਦੁਆਰਾ ਸਾਹਿਬ ਗੰਢੂਆਂ ਦੇ ਮੈਨੇਜਰ ਨੈਬ ਸਿੰਘ, ਬਲਕਾਰ ਸਿੰਘ ਗੰਢੂਆਂ, ਹਰਭਗਵਾਨ ਸਿੰਘ ਭੈਣੀ ਗੰਢੂਆਂ, ਡਾ. ਜਗਦੇਵ ਸਿੰਘ ਕਣਕਵਾਲ, ਡਾ. ਜਗਦੇਵ ਸਿੰਘ ਛਾਜਲੀ, ਜਸਬੀਰ ਸਿੰਘ ਲਾਡੀ, ਅਮਰਜੀਤ ਸਿੰਘ, ਹਰਤਿੰਦਰ ਸਿੰਘ ਛਾਜਲੀ, ਖੇਡ ਬੁਲਾਰੇ ਸੱਤਪਾਲ ਖਡਿਆਲ ਆਦਿ ਵੱਡੀ ਗਿਣਤੀ ’ਚ ਜਾਗਦਾ ਪੰਜਾਬ ਮਿਸ਼ਨ ਦੇ ਵੱਖ-ਵੱਖ ਪਿੰਡਾਂ ਦੇ ਪ੍ਰਧਾਨ ਅਤੇ ਪਿੰਡਾਂ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ।

Share