‘ਜਸ਼ਨ-ਏ-ਦਿਵਾਲੀ 2019’ ਪ੍ਰੋਗਰਾਮ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

ਫਰਿਜ਼ਨੋ, 6 ਨਵੰਬਰ (ਪੰਜਾਬ ਮੇਲ)- ਤਰਨ ਸਿੰਘ ਦੁਆਰਾ ਜਸਵੰਤ ਮਹਿੰਮੀ, ਮਲਕੀਅਤ ਮੀਤ ਅਤੇ ਕੁਲਵੰਤ ਉੱਭੀ ਧਾਲੀਆਂ ਦੇ ਸਹਿਯੋਗ ਨਾਲ ਬਣਾਏ ਗਰੁੱਪ ‘ਫਰਿਜ਼ਨੋ ਡਰੀਮਜ਼’ ਦੇ ਕਲਾਕਾਰਾਂ ਨੇ ਆਪਣੇ ਦੂਸਰੇ ਸਾਲਾਨਾ ਪ੍ਰੋਗਰਾਮ ‘ਜਸ਼ਨ-ਏ-ਦਿਵਾਲੀ 2019’ ਰਾਹੀਂ ਸਾਕਾਰ ਕਰ ਇਕ ਨਵਾਂ ਮੀਲ ਪੱਥਰ ਗੱਡ ਦਿੱਤਾ। ਇਸ ਪ੍ਰੋਗਰਾਮ ਵਿਚ ਸ਼ਾਮਲ ਸਾਰੇ ਕਲਾਕਾਰ ਕੈਲੀਫੋਰਨੀਆ ਦੇ ਨਿਵਾਸੀ ਸਨ। ਪ੍ਰੋਗਰਾਮ ਦੀ ਸ਼ੁਰੂਆਤ ਕੁਲਵੰਤ ਉੱਭੀ ਧਾਲੀਆਂ ਅਤੇ ਮਲਕੀਅਤ ਮੀਤ ਨੇ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਕੀਤੀ। ਉਪਰੰਤ ਰਾਜ ਬਰਾੜ ਨੇ ਧਾਰਮਿਕ ਗੀਤਾਂ ਰਾਹੀ ਆਗਾਜ਼ ਕੀਤਾ। ਗਾਇਕੀ ਦੇ ਖੁੱਲ੍ਹੇ ਅਖਾੜੇ ਵਿਚ ਗਾਇਕ ਬਹਾਦਰ ਸਿੱਧੂ, ਗੌਗੀ ਸੰਧੂ, ਅਵਤਾਰ ਗਰੇਵਾਲ, ਬਾਈ ਸੁਰਜੀਤ ਮਾਛੀਵਾੜਾ, ਗਾਇਕਾ ਜੋਤ ਰਣਜੀਤ ਕੌਰ, ਜਗਦੇਵ ਸਿੰਘ ਧੰਜਲ, ਜੇ. ਰਸੀਆ ਅਤੇ ਧਰਮਵੀਰ ਥਾਂਦੀ ਨੇ ਆਪਣੇ-ਆਪਣੇ ਅੰਦਾਜ਼ ਵਿਚ ਗਾਇਕੀ ਕਰਦੇ ਹੋਏ ਸਰੋਤਿਆਂ ਨੂੰ ਕੀਲੀ ਰੱਖਿਆਂ। ਜਦਕਿ ਅੱਠ ਸਾਲ ਦੇ ਛੋਟੇ ਬੱਚੇ ਅਮਨਜੋਤ ਨੇ ਗਾਇਕੀ ਰਾਹੀਂ ਵੱਡੇ ਧਮਾਕੇ ਕਰ ਸਭ ਦਾ ਮਨ ਮੋਹ ਲਿਆ। ਇਸੇ ਸਮੇਂ ‘ਫਰਿਜ਼ਨੋ ਡਰੀਮਜ਼’ ਵੱਲੋਂ ਚਲਾਏ ਜਾ ਰਹੇ ਬੱਚਿਆਂ ਨੂੰ ਗੀਤ-ਸੰਗੀਤ, ਗਿੱਧਾ-ਭੰਗੜਾ, ਐਕਟਿੰਗ ਆਦਿਕ ਸੈਂਟਰ ਦੇ ਬੱਚਿਆਂ ਨੇ ਦਵਿੰਦਰ ਕੌਰ ਸੰਘਾ ਦੀ ਨਿਰਦੇਸ਼ਨਾ ਹੇਠ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਮੁੱਖ ਪ੍ਰਬੰਧਕ ਤਰਨ ਸਿੰਘ ਨੇ ਆਪਣੇ ਸਾਥੀਆਂ ਸਮੇਤ ਸਟੇਜ ਤੋਂ ਸਮੂਹ ਹਾਜ਼ਰੀਨ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਬੀਬੀ ਆਸ਼ਾ ਸ਼ਰਮਾ ਨੇ ਸ਼ਾਇਰਾਨਾ ਅੰਦਾਜ਼ ਵਿਚ ਬਾਖੂਬੀ ਕੀਤਾ।