ਜਲ੍ਹਿਆਂਵਾਲਾ ਬਾਗ ਦੇ ਬੋਰਡ ‘ਤੇ ਪੰਜਾਬੀ ਨੂੰ ਹੇਠਾਂ ਲਿਖੇ ਜਾਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਭਾਰੀ ਵਿਰੋਧ

ਅੰਮ੍ਰਿਤਸਰ, 25 ਅਕਤੂਬਰ (ਪੰਜਾਬ ਮੇਲ)- ਸਥਾਨਕ ਜਲ੍ਹਿਆਂਵਾਲਾ ਬਾਗ਼ ਦੇ ਬਾਹਰ ਸਮਾਰਕ ਦੇ ਨਾਂਅ ਵਾਲੇ ਲਾਏ ਬੋਰਡ ‘ਤੇ ਅੰਗਰੇਜ਼ੀ ਨੂੰ ਪਹਿਲਾ ਤੇ ਪੰਜਾਬੀ ਨੂੰ ਸਭ ਤੋਂ ਹੇਠਾਂ ਲਿਖੇ ਜਾਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਭਾਰੀ ਵਿਰੋਧ ਸ਼ੁਰੂ ਹੋ ਚੁੱਕਾ ਹੈ ਅਤੇ ਪੰਜਾਬੀ ਪ੍ਰੇਮੀਆਂ ਵਲੋਂ ਇਸ ਸਬੰਧੀ ਰੋਸ ਪ੍ਰਗਟ ਕਰਦਿਆਂ ਤੁਰੰਤ ਇਸ ਨੂੰ ਬਦਲੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਮਾਰਕ ਦੇ ਬਾਹਰ ਲਾਏ ਪ੍ਰਮੁੱਖ ਬੋਰਡ ‘ਤੇ ਸਭ ਤੋਂ ਉੱਪਰ ਅੰਗਰੇਜ਼ੀ ‘ਚ ਜਲ੍ਹਿਆਂਵਾਲਾ ਬਾਗ਼ ਮੈਮੋਰੀਅਲ, ਉਸ ਦੇ ਹੇਠਾਂ ਹਿੰਦੀ ‘ਚ ਅਤੇ ਤੀਜੇ ਨੰਬਰ ‘ਤੇ ਪੰਜਾਬੀ ਵਿਚ ਜਲ੍ਹਿਆਂਵਾਲਾ ਬਾਗ਼ ਦੀ ਯਾਦਗਾਰ ਲਿਖਦਿਆਂ ਉਰਦੂ ਵਿਚ ਇਹੋ ਨਾਂਅ ਖੱਬੇ ਪਾਸੇ ਵੱਖ ਤੋਂ ਲਿਖਿਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਇਸ ਬਾਰੇ ਵਿਚ ਟਿੱਪਣੀ ਕਰਦਿਆਂ ਪੰਜਾਬੀ ਤੇ ਵਿਰਾਸਤ ਪ੍ਰੇਮੀਆਂ ਨੇ ਲਿਖਿਆ ਹੈ ਕਿ ਗੋਲੀਆਂ ਮਾਰਨ ਵਾਲੇ (ਅੰਗਰੇਜ਼) ਪਹਿਲੇ ਨੰਬਰ ‘ਤੇ ਅਤੇ ਗੋਲੀਆਂ ਖਾਣ ਵਾਲੇ ਤੀਜੇ ਨੰਬਰ ‘ਤੇ, ਇਹ ਦੁਖਾਂਤ ਵੀ ਗੋਲੀ ਲੱਗਣ ਤੋਂ ਘੱਟ ਨਹੀਂ ਹੈ। ਉਪਰੋਕਤ ਦੇ ਇਲਾਵਾ ਯਾਦਗਾਰ ਦੇ ਪ੍ਰਮੁੱਖ ਦਰਵਾਜ਼ੇ ਦੇ ਸਾਹਮਣੇ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ‘ਚ ਸ਼ਹੀਦ ਹੋਣ ਵਾਲੇ 381 ਨਾਗਰਿਕਾਂ ਦੇ ਨਾਂਅ ਵੀ ਸ਼ਹੀਦੀ ਸਮਾਰਕ ਦੀ ਸ਼ਹੀਦੀ ਲਾਟ ਦੇ ਹੇਠਾਂ ਅੰਗਰੇਜ਼ੀ ‘ਚ ਲਿਖੇ ਗਏ ਹਨ। ਇਹ ਨਾਂਅ ਵੀ ਪੰਜਾਬੀ ਤੇ ਹਿੰਦੀ ‘ਚ ਲਿਖੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਉੱਧਰ ਉਪਰੋਕਤ ਸਮਾਰਕ ਦੀ ਦੇਖ-ਰੇਖ ਲਈ ਸੰਨ 1951 ‘ਚ ਗਠਿਤ ਕੀਤੀ ਗਈ ਜਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੌਜੂਦਾ ਸਕੱਤਰ ਸ਼੍ਰੀ ਐੱਸ.ਕੇ. ਮੁਖਰਜੀ ਦਾ ਕਹਿਣਾ ਹੈ ਕਿ ਸਥਾਨਕ ਰਾਜਨੀਤਿਕਾਂ ਦੀ ਆਪਸੀ ਖਿੱਚੋਤਾਣ ਕਰਕੇ ਪਿਛਲੀ ਸੂਬਾ ਸਰਕਾਰ ਵਲੋਂ ਸਮਾਰਕ ਦੇ ਮੁੱਖ ਦਰਵਾਜ਼ੇ ‘ਤੇ ਲੱਗਣ ਵਾਲੇ ਬੋਰਡ ਦਾ ਡਿਜ਼ਾਈਨ ਪਾਸ ਹੋ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਬੋਰਡ ਨਹੀਂ ਲੱਗ ਸਕਿਆ, ਜਦੋਂਕਿ ਉਪਰੋਕਤ ਵਿਰਾਸਤੀ ਮਾਰਗ ‘ਤੇ ਆਉਂਦੇ ਰਸਤਿਆਂ ‘ਤੇ ਸਭ ਦੁਕਾਨਾਂ, ਦਫ਼ਤਰਾਂ ਤੇ ਰੇਹੜੀਆਂ ਦੇ ਸਰਕਾਰ ਵਲੋਂ ਨਵੇਂ ਵਿਰਾਸਤੀ ਦਿਖ ਪ੍ਰਗਟ ਕਰਦੇ ਬੋਰਡ ਲਾਏ ਗਏ ਹਨ।