ਜਰਮਨੀ ਚੋਣਾਂ : ਐਂਜਲਾ ਮਰਕਲ ਚੌਥੀ ਵਾਰ ਜੇਤੂ

ਬਰਲਿਨ, 25 ਸਤੰਬਰ (ਪੰਜਾਬ ਮੇਲ)- ਜਰਮਨੀ ਦੀਆਂ ਚੋਣਾਂ ਵਿਚ ਚਾਂਸਲਰ ਐਂਜਲਾ ਮਰਕਲ ਨੇ ਚੌਥੀ ਵਾਰ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਮਰਕਲ ਨੇ ਮੰਨਿਆ ਹੈ ਕਿ ਪਹਿਲੀ ਵਾਰ ਪਾਰਟੀ ਦੇ ਲਈ ਤੈਅ ਕੀਤੇ ਗਏ 40 ਫ਼ੀਸਦੀ ਵੋਟ ਦੇ ਟੀਚੇ ਨੂੰ ਪਾਉਣ ਵਿਚ ਅਸਫਲ ਰਹੇ ਹਨ। ਇਸ ਚੋਣ ਵਿਚ 60 ਸਾਲ ਵਿਚ ਪਹਿਲੀ ਵਾਰ ਸੱਜੇ ਪੱਖੀ ਏਐਫਡੀ ਪਾਰਟੀ ਨੇ ਵੀ ਸੰਸਦ ਵਿਚ ਅਪਣੀ ਪਹਿਲੀ ਸੀਟ ਜਿੱਤ ਕੇ ਇਤਿਹਾਸ ਰਚਿਆ ਹੈ। ਵੋਟਿੰਗ ਤੋਂ ਬਾਅਦ ਐਗਜ਼ਿਟ ਪੋਲ ਦੇ ਮੁਤਾਬਕ ਮਰਕਲ ਦੇ ਕੰਜ਼ਰਵੇਟਿਵ ਕ੍ਰਿਸ਼ਚੀਅਨ ਯੂਨੀਅਨ ਸੀਡੀਯੂ-ਸੀਐਸਯੂ ਗੱਠਜੋੜ ਨੂੰ 33 ਫ਼ੀਸਦੀ ਵੋਟ ਮਿਲੇ ਹਨ ਅਤੇ ਉਸ ਨੇ ਅਪਣੇ ਕਰੀਬੀ ਵਿਰੋਧੀ ਮਾਰਟਿਨ ਸਕਲਜ਼ ਵਾਲੀ ਸੋਸ਼ਲ ਡੈਮੋਕਰੇਟਿਕ ਪਾਰਟੀ (ਐਸਪੀਡੀ) ‘ਤੇ ਦੋਹਰੇ ਅੰਕਾਂ ਦੀ ਲੀਡ ਪ੍ਰਾਪਤ ਹੋਈ ਹੈ। ਮਰਕਲ ਦੀ ਪਾਰਟੀ ਨੂੰ 33 ਫ਼ੀਸਦੀ ਵੋਟਾਂ ਮਿਲੀਆਂ। ਐਸਪੀਡੀ ਨੂੰ 20-21 ਫੀਸਦੀ ਵੋਟਾਂ ਮਿਲੀਆਂ ਹਨ ਤੇ ਉਹ ਦੂਜੇ ਸਥਾਨ ‘ਤੇ ਹੈ। ਇਸਲਾਮ ਵਿਰੋਧੀ, ਪਰਵਾਸੀ ਵਿਰੋਧੀ ਅਲਟਰਨੇਟਿਵ ਫਾਰ ਜਰਮਨੀ (ਏਐਫਡੀ) ਨੂੰ 13 ਫ਼ੀਸਦੀ ਵੋਟਾਂ ਮਿਲੀਆਂ ਹਨ ਅਤੇ ਉਹ ਜਰਮਨੀ ਦੀ ਤੀਜੀ ਸਭ ਤੋਂ ਮਜ਼ਬੂਤ ਪਾਰਟੀ ਦੇ ਰੂਪ ਵਿਚ ਉਭਰੀ ਹੈ। ਏਐਫਡੀ ਦਾ ਸੀਟ ਜਿੱਤਣਾ ਮਹੀਨਿਆਂ ਤੋਂ ਸਪਸ਼ਟ ਸੀ, ਟਿੱਪਣੀਕਾਰਾਂ ਨੇ ਇਸ ਨੂੰ ਜਰਮਨੀ ਦੇ ਇਤਿਹਾਸ ਵਿਚ ਇਤਿਹਾਸਕ ਪਲ ਦੱਸਿਆ ਹੈ। ਟੀਵੀ ‘ਤੇ ਨਤੀਜੇ ਐਲਾਨਣ ਤੋਂ ਬਾਅਦ ਪਾਰਟੀ ਦੇ ਸਮਰਥਕਾਂ ਨੇ ਬਰਲਿਨ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਚ ਇਕੱਠੇ ਹੋ ਕੇ ਜਸ਼ਨ ਮਨਾਇਆ ਅਤੇ ਕਈਆਂ ਨੇ ਇਕੱਠੇ ਹੋ ਕੇ ਜਰਮਨੀ ਦਾ ਰਾਸ਼ਟਰ ਗੀਤ ਗਾਇਆ। ਚਾਰ ਸਾਲ ਪੁਰਾਣੀ ਨੈਸ਼ਨਲਿਸਟ ਪਾਰਟੀ ਨੂੰ ਜਰਮਨੀ ਦੀ ਮੁੱਖ ਧਾਰਾ ਵਲੋਂ ਤਿਆਗ ਦਿੱਤਾ ਗਿਆ ਹੈ।