ਜਗਰਾਓਂ ਗੋਲੀ ਕਾਂਡ ਵਿੱਚ ਏ.ਐਸ.ਆਈਜ਼ ਦੀ ਹੱਤਿਆ ਦੇ ਮਾਮਲੇ `ਚ ਗੈਂਗਸਟਰ ਅਤੇ ਨਸ਼ਾ ਤਸਕਰ ਜੈਪਾਲ ਭੁੱਲਰ ਦੇ ਦੋ ਸਾਥੀ ਗ੍ਰਿਫ਼ਤਾਰ

215
Share

ਚੰਡੀਗੜ੍ਹ, 30 ਮਈ (ਪੰਜਾਬ ਮੇਲ)- ਪੰਜਾਬ ਪੁਲਿਸ ਨੇ 15 ਮਈ ਨੂੰ ਜਗਰਾਉਂ ਦੀ ਅਨਾਜ ਮੰਡੀ ਵਿਖੇ ਸੀ.ਆਈ.ਏ. ਦੇ ਸਹਾਇਕ ਸਬ ਇੰਸਪੈਕਟਰਾਂ (ਏਐਸਆਈਜ਼) ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੀ ਗੋਲੀਆਂ ਮਾਰ  ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸ਼ੱਕੀ ਵਿਅਕਤੀਆਂ ਬਲਜਿੰਦਰ ਸਿੰਘ ਉਰਫ ਬੱਬੀ ਜੋ ਕਿ ਪਿੰਡ ਮਾਹਲਾ ਖੁਰਦ, ਮੋਗਾ ਦਾ ਵਸਨੀਕ ਹੈ ਅਤੇ ਦਰਸ਼ਨ ਸਿੰਘ ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਹੌਲੀ ਦਾ ਵਸਨੀਕ ਹੈ, ਜਿਨ੍ਹਾਂ ਦੇ ਸਿਰ `ਤੇ ਦੋ-ਦੋ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ, ਗੈਂਗਸਟਰ ਅਤੇ ਨਸ਼ਾ ਤਸਕਰ ਜੈਪਾਲ  ਭੁੱਲਰ ਦੇ ਸਾਥੀ ਹਨ ਜ਼ਿਨ੍ਹਾਂ ਨੂੰ ਸ਼ੁੱਕਰਵਾਰ ਦੀ ਸ਼ਾਮ ਗਵਾਲੀਅਰ (ਐਮ.ਪੀ) ਦੇ ਡਾਬਰਾ ਤੋਂ ਕਾਬੂ ਕੀਤਾ ਗਿਆ। ਉਨ੍ਹਾਂ ਦਾ ਇਕ ਹੋਰ ਸਾਥੀ ਹਰਚਰਨ ਸਿੰਘ, ਜਿਸ ਨੇ ਉਨ੍ਹਾਂ ਨੂੰ ਕਥਿਤ ਤੌਰ `ਤੇ ਪਨਾਹ ਦਿੱਤੀ ਸੀ, ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਡੀ.ਜੀ.ਪੀ, ਪੰਜਾਬ ਦਿਨਕਰ ਗੁਪਤਾ ਵੱਲੋਂ ਜਾਂਚ ਦੇ ਵੇਰਵੇ ਦਿੰਦਿਆਂ ਦੱਸਿਆ ਗਿਆ ਕਿ ਸ਼ੱਕੀ ਵਿਅਕਤੀਆਂ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਘਟਨਾ ਵਾਲੇ ਦਿਨ ਜੈਪਾਲ ਅਤੇ ਜੱਸੀ ਨੂੰ ਸੂਬੇ ਤੋਂ ਬਾਹਰ ਸੁਰੱਖਿਅਤ ਕਿਸੇ ਟਿਕਾਣੇ `ਤੇ ਲਿਜਾਣ ਲਈ ਬਲਜਿੰਦਰ ਜਗਰਾਓਂ ਦੀ ਅਨਾਜ ਮੰਡੀ ਵਿੱਚ ਆਪਣੇ ਕੈਂਟਰ `ਤੇ ਆਇਆ ਜਿੱਥੇ ਦਰਸ਼ਨ ਉਕਤ ਗੈਂਗਸਟਰ ਅਤੇ ਉਸਦੇ ਸਾਥੀ ਲਈ ਕੁਝ ਕੱਪੜੇ ਲੈ ਕੇ ਆਇਆ। ਸ੍ਰੀ ਗੁਪਤਾ ਨੇ ਦੱਸਿਆ ਕਿ ਸੀ.ਆਈ.ਏ. ਦੇੇ ਦੋ ਏਐਸਆਈਜ਼ ਜੋ ਉਸ ਵੇਲੇ ਡਿਊਟੀ ’ਤੇ ਸਨ, ਨੂੰ ਕੈਂਟਰ ਗੱਡੀ ਵਿੱਚ ਨਸ਼ੀਲੇ ਪਦਾਰਥ ਵੇਖ ਕੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਡਰਾਇਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਦੋਸ਼ੀਆਂ ਨੂੰ ਪੁਲਿਸ ਨੇ ਘੇਰਾ ਪਾ ਲਿਆ ਤਾਂ ਦਰਸ਼ਨ ਨੇ ਆਪਣੀ 0.32 ਪਿਸਤੌਲ ਤੋਂ ਏਐਸਆਈਜ਼ `ਤੇ ਗੋਲੀਆਂ ਚਲਾ ਦਿੱਤੀਆਂ ਅਤੇ ਬਾਅਦ ਵਿਚ ਜੈਪਾਲ ਅਤੇ ਜੱਸੀ ਨਾਲ ਆਈ-10 ਹੰਡਈ ਕਾਰ ਵਿਚ ਮੌਕੇ `ਤੋਂ ਫਰਾਰ ਹੋ ਗਿਆ। ਬੱਬੀ ਕੈਂਟਰ ਗੱਡੀ ਵਿੱਚ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਅਤੇ ਅੱਗੇ ਕੁਝ ਦੂਰੀ `ਤੇ ਜਾ ਕੇ ਆਪਣੇ ਸਾਥੀਆਂ ਨਾਲ ਰਲ ਗਿਆ ਅਤੇ ਫਿਰ ਸਾਰੇ ਦੋਸ਼ੀ ਹਰਿਆਣਾ ਅਤੇ ਰਾਜਸਥਾਨ ਵੱਲ ਨੂੰ ਨਿਕਲ ਗਏ।
ਡੀ.ਜੀਪੀ. ਨੇ ਦੱਸਿਆ ਕਿ ਪੜਤਾਲ ਦੌਰਾਨ ਖੁਫੀਆ ਜਾਣਕਾਰੀ ਮਿਲੀ ਸੀ ਕਿ ਸ਼ੱਕੀ ਵਿਅਕਤੀ ਮੱਧ ਪ੍ਰਦੇਸ਼ ਦੇ ਗਵਾਲੀਅਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਲੁਕੇ ਹੋ ਸਕਦੇ ਹਨ। ਇੰਸਪੈਕਟਰ ਪੁਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਸੰਗਠਿਤ ਅਪਰਾਧ ਰੋਕੂ ਇਕਾਈ (ਓ.ਸੀ.ਸੀ.ਯੂ.) ਦੀ ਇੱਕ ਟੀਮ ਨੂੰ ਅਗਲੇਰੀ ਜਾਂਚ-ਪੜਤਾਲ ਲਈ ਤੁਰੰਤ ਮੱਧ ਪ੍ਰਦੇਸ਼ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ, ਓ.ਸੀ.ਸੀ.ਯੂ ਦੀ ਟੀਮ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣ ਵਿੱਚ ਸਫ਼ਲ ਰਹੀ ਅਤੇ ਉਨ੍ਹਾਂ ਨੂੰ ਬੀਤੀ ਸ਼ਾਮ ਗਵਾਲੀਅਰ ਨੇੜੇ ਡਾਬਰਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਸ੍ਰੀ ਗੁਪਤਾ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਰੇਲਗੱਡੀ ਵਿੱਚ ਮਹਾਰਾਸ਼ਟਰ ਜਾਣ ਦੀ ਯੋਜਨਾ ਬਣਾ ਰਹੇ ਸਨ।
ਗੁਪਤਾ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਅਤੇ ਦੋਵਾਂ ਨੂੰ ਪਹਿਲਾਂ ਵੀ ਦੋ ਵੱਖ-ਵੱਖ ਕਤਲ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਦਰਅਸਲ ਉਹ ਜੇਲ੍ਹ ਵਿੱਚ ਸਜ਼ਾ ਭੁਗਤਣ ਦੌਰਾਨ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸਨ। ਜਦੋਂ ਕਿ ਦਰਸ਼ਨ ਨੂੰ ਆਪਣੀ ਸਜ਼ਾ ਦੌਰਾਨ ਛੋਟ ਮਿਲ ਗਈ ਸੀ ਓਥੇ ਹੀ ਬਲਜਿੰਦਰ ਸਿੰਘ ਨੂੰ ਸੈਸ਼ਨ ਕੋਰਟ, ਮੋਗਾ ਦੁਆਰਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਦਰਸ਼ਨ ਦੇ ਖਿਲਾਫ ਕਥਿਤ ਤੌਰ `ਤੇ ਦੋ ਹੋਰ ਅਪਰਾਧਿਕ ਮਾਮਲੇ ਦਰਜ ਹਨ ਅਤੇ ਹਾਲ ਹੀ ਵਿਚ ਉਹ ਅਫੀਮ ਦੀ ਤਸਕਰੀ ਵਿਚ ਵੀ ਸ਼ਾਮਲ ਪਾਇਆ ਗਿਆ ਸੀ।
 ਡੀਜੀਪੀ ਨੇ ਕਿਹਾ ਕਿ ਜੈਪਾਲ ਭੁੱਲਰ ਉਨ੍ਹਾਂ ਕੁਝ ਗੈਂਗਸਟਰਾਂ ਵਿੱਚੋਂ ਇੱਕ ਹੈ, ਜੋ ਹੁਣ ਤੱਕ ਗ੍ਰਿਫ਼ਤਾਰੀ ਤੋਂ ਬਚੇ ਹੋਏ ਹਨ। ਹਾਲਾਂਕਿ ਉਸ ਦੇ ਕਰੀਬੀ ਸਾਥੀ ਗੈਵੀ ਜਿਸਦੇ ਉਹ ਜ਼ਿਆਦਾ ਸਮੇਂ ਤੱਕ ਨਾਲ ਰਿਹਾ, ਨੂੰ ਪਿਛਲੇ ਮਹੀਨੇ ਪੰਜਾਬ ਪੁਲਿਸ ਨੇ ਜਮਸ਼ੇਦਪੁਰ ਤੋਂ ਗ੍ਰਿਫਤਾਰ ਕਰ ਲਿਆ ਸੀ। ਗੈਵੀ ਜਲੰਧਰ ਜ਼ਿਲ੍ਹੇ ਵਿੱਚ 11 ਕਿਲੋ ਹੈਰੋਇਨ ਦੀ ਬਰਾਮਦਗੀ ਦੇੇ ਮਾਮਲੇ ਵਿੱਚ ਲੋੜੀਂਦਾ ਸੀ।
ਜੈਪਾਲ ਅਤੇ ਗੈਵੀ ਦੋਵਾਂ ਦੇ ਪਾਕਿਸਤਾਨ ਅਤੇ ਜੰਮੂ ਅਧਾਰਤ ਨਸ਼ਾ ਤਸਕਰਾਂ ਨਾਲ ਨਜ਼ਦੀਕੀ ਸਬੰਧ ਹਨ। ਉਨ੍ਹਾਂ ਦਾ ਇਕ ਹੋਰ ਸਾਥੀ ਜਸਪ੍ਰੀਤ ਉਰਫ ਜੱਸੀ, ਜੋ ਜਗਰਾਉਂ ਗੋਲੀਬਾਰੀ ਤੋਂ ਬਾਅਦ ਫਰਾਰ ਹੈ, ਨੂੰ ਪਹਿਲਾਂ ਮੁਹਾਲੀ ਵਿੱਚ ਹੈਰੋਇਨ ਦੀ ਤਸਕਰੀ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਅਗਵਾ ਕਰਨ ਦੇ ਕੇਸ ਵਿੱਚ ਵੀ ਲੋੜੀਂਦਾ ਹੈ।
 ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ ਫਰਾਰ ਸ਼ੱਕੀ ਵਿਅਕਤੀਆਂ ਦੀ ਭਾਲ ਵੱਡੇ ਪੱਧਰ `ਤੇ ਜਾਰੀ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੁਹਰਾਇਆ ਕਿ ਦੋ ਬਹਾਦਰ ਏਐਸਆਈਜ਼ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ ਅਤੇ ਪੁਲਿਸ ਫੋਰਸ ਸਾਰੇ ਦੋਸ਼ੀਆਂ ਨੂੰ ਫੜ੍ਹਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੈਪਾਲ ਭੁੱਲਰ ਅਤੇ ਜਸਪ੍ਰੀਤ ਉਰਫ਼ ਜੱਸੀ ਬਾਬਾ ਦੀ ਗ੍ਰਿਫ਼ਤਾਰੀ ਲਈ ਕ੍ਰਮਵਾਰ 10 ਲੱਖ ਅਤੇ ਪੰਜ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ।


Share