ਜਗਦੀਸ਼ ਭੋਲਾ ਮਾਮਲੇ ‘ਚ ਪੁਲਿਸ ਵੱਲੋਂ ਗੈਂਗਸਟਰ ਰਵੀ ਦਿਓਲ ਤੋਂ ਪੁੱਛਗਿੱਛ

ਫ਼ਤਹਿਗੜ੍ਹ ਸਾਹਿਬ, 28 ਫਰਵਰੀ (ਪੰਜਾਬ ਮੇਲ)- ਬੀਤੀ 30 ਜਨਵਰੀ ਨੂੰ ਸੰਗਰੂਰ ‘ਚ ਆਤਮ ਸਮਰਪਣ ਕਰਨ ਵਾਲੇ ਗੈਂਗਸਟਰ ਰਵੀਚਰਨ ਸਿੰਘ ਉਰਫ਼ ਰਵੀ ਦਿਓਲ ਨੂੰ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਵਲੋਂ ਪ੍ਰੋਟੈਕਸ਼ਨ ਵਰੰਟਾਂ ਉੱਪਰ 2013 ‘ਚ ਨਸ਼ਿਆਂ ਦੇ ਮਾਮਲੇ ਵਿਚ ਦਰਜ 100 ਨੰਬਰ ਐਫ.ਆਈ.ਆਰ. ਦੇ ਸਬੰਧ ‘ਚ ਲਿਆਂਦਾ ਗਿਆ ਅਤੇ ਸੀ.ਆਈ.ਏ. ਸਰਹਿੰਦ ਵਿਚ ਉਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਥੇ ਇਹ ਵਰਨਣਯੋਗ ਹੈ ਕਿ ਨਸ਼ਿਆਂ ਦੇ ਮਾਮਲੇ ‘ਚ ਬਰਖ਼ਾਸਤ ਕੀਤੇ ਡੀ.ਐੱਸ.ਪੀ. ਜਗਦੀਸ਼ ਭੋਲਾ ਸਮੇਤ ਰਵੀ ਦਿਓਲ ਦਾ ਨਾਂਅ ਮੀਡੀਆ ‘ਚ ਚਰਚਾ ਦਾ ਵਿਸ਼ਾ ਬਣਿਆ ਸੀ ਅਤੇ ਪੁਲਿਸ ਨੇ ਉਸ ਸਮੇਂ ਇਸ ਦੇ ਘਰੋ 90 ਕਿਲੋ ਨਸ਼ੀਲਾ ਪਦਾਰਥ ‘ਸੂਡੋ’ ਜਿਸ ਨਾਲ ਆਈਸ ਨਸ਼ਾ ਤਿਆਰ ਹੁੰਦਾ ਹੈ, ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਰਵੀ ਦਿਓਲ ਨੂੰ ਅਸੀਸ ਠਠਈ ਸਬ-ਡਵੀਜ਼ਨਲ ਜੂਡੀਸੀਅਲ ਮੈਜਿਸਟਰੇਟ ਅਮਲੋਹ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਰਵੀ ਦਿਓਲ ਵਲੋਂ ਵਕੀਲ ਮਨਦੀਪ ਸਿੰਘ ਬੈਂਸ ਪੇਸ਼ ਹੋਏ। ਅਦਾਲਤ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਬਾਅਦ ਰਵੀ ਦਿਓਲ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ।