ਚੰਡੀਗੜ੍ਹ, 24 ਫਰਵਰੀ (ਪੰਜਾਬ ਮੇਲ)- ਅੰਤਰਰਾਸ਼ਟਰੀ ਸਾਈਕਲਿਸਟ ਤੇ ਮਹਾਰਾਜਾ ਰਣਜੀਤ ਸਿੰਘ ਸਟੇਟ ਅਵਾਰਡੀ ਜਗਦੀਪ ਸਿੰਘ ਕਾਹਲੋਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ’ਚ ਉਸ ਵੇਲੇ ਇੱਕ ਹੋਰ ਵਾਧਾ ਹੋਇਆ, ਜਦੋਂ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਅਤੇ ਸਪੋਰਟਸ ਅਥਾਰਿਟੀ ਆਫ ਇੰਡੀਆ ਵੱਲੋਂ ਜਗਦੀਪ ਸਿੰਘ ਕਾਹਲੋਂ ਨੂੰ ਨੌਰਥ ਜ਼ੋਨ ਸਾਈਕਲਿੰਗ ਖੇਡ ਲਈ ਟੈਲੇਂਟ ਇੰਡੈਂਟੀਫਿਕੇਸ਼ਨ ਜ਼ੋਨਲ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਭਾਰਤੀ ਖੇਡ ਅਥਾਰਟੀ (ਭਾਰਤ ਸਰਕਾਰ) ਦੇ ਹਾਈਪ੍ਰਫਾਰਮਸ ਡਾਇਰੈਕਟਰ ਡਾ. ਐੱਸ.ਐੱਸ. ਰਾਉ ਨੇ ਦਿੱਤੀ। ਜਗਦੀਪ ਸਿੰਘ ਕਾਹਲੋਂ ਜਿਸ ਕਮੇਟੀ ਦੇ ਮੈਂਬਰ ਹਨ, ਉਹ ਕਮੇਟੀ ਦੇਸ਼ ਦੇ ਸੱਤ ਰਾਜਾਂ ਹਰਿਆਣਾ, ਜੇ ਐਂਡ ਕੇ, ਉਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਲੱਦਾਖ, ਚੰਡੀਗੜ੍ਹ ਦੇ ਰਾਜਾਂ ਦੇ ਖਿਡਾਰੀਆਂ ਦੀ ਜ਼ਮੀਨੀ ਪੱਧਰ ਤੋਂ ਚੋਣ ਕਰਕੇ ਖੇਲੋ ਇੰਡੀਆ ਅਕੈਡਮੀਆਂ ਲਈ ਚੁਣਨਗੇ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਗਦੀਪ ਸਿੰਘ ਕਾਹਲੋਂ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ਖੇਲੋ ਇੰਡੀਆ ਸਕੀਮ ਦੇ ਕਮੇਟੀ ਮੈਂਬਰ ਵਜੋਂ ਆਪਣੀਆ ਸੇਵਾਵਾਂ ਨਿਭਾ ਰਹੇ ਹਨ ਅਤੇ ਨਾਲ ਹੀ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੀ ਮੀਡੀਆ ਕਮੇਟੀ ਦੇ ਮੈਂਬਰ ਹਨ।