PUNJABMAILUSA.COM

ਚੰਡੀਗੜ੍ਹ ਦਾ ਕੌਮਾਂਤਰੀ ਹਵਾਈ ਅੱਡਾ ਜਲਦੀ ਹੋਵੇ ਸ਼ੁਰੂ

ਚੰਡੀਗੜ੍ਹ ਦਾ ਕੌਮਾਂਤਰੀ ਹਵਾਈ ਅੱਡਾ ਜਲਦੀ ਹੋਵੇ ਸ਼ੁਰੂ

ਚੰਡੀਗੜ੍ਹ ਦਾ ਕੌਮਾਂਤਰੀ ਹਵਾਈ ਅੱਡਾ ਜਲਦੀ ਹੋਵੇ ਸ਼ੁਰੂ
April 27
10:21 2016

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444
air indiaਪੰਜਾਬ ਵਿਚ ਕੌਮਾਂਤਰੀ ਹਵਾਈ ਅੱਡੇ ਦੀ ਜ਼ਰੂਰਤ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬ ਇਕ ਅਜਿਹਾ ਰਾਜ ਹੈ, ਜਿਥੋਂ ਲੱਖਾਂ ਲੋਕ ਬਾਹਰਲੇ ਮੁਲਕਾਂ ਵਿਚ ਜਾ ਵਸੇ ਹਨ। ਵਿਦੇਸ਼ਾਂ ਤੋਂ ਇਨ੍ਹਾਂ ਲੋਕਾਂ ਦਾ ਆਉਣ-ਜਾਣ ਸਾਰਾ ਸਾਲ ਬਣਿਆ ਰਹਿੰਦਾ ਹੈ। ਪਰ ਹੈਰਾਨੀ ਤੇ ਅਫਸੋਸ ਦੀ ਗੱਲ ਇਹ ਹੈ ਕਿ ਬਾਹਰਲੇ ਮੁਲਕਾਂ ਤੋਂ ਪੰਜਾਬ ਲਈ ਇੰਨੇ ਵੱਡੇ ਵਪਾਰਕ ਮੌਕਿਆਂ ਦੇ ਬਾਵਜੂਦ ਪੰਜਾਬ ਅੰਦਰ ਕੋਈ ਵੀ ਕਾਮਯਾਬ ਕੌਮਾਂਤਰੀ ਹਵਾਈ ਅੱਡਾ ਨਹੀਂ ਹੈ। ਇਹ ਆਮ ਸਮਝਿਆ ਜਾਂਦਾ ਹੈ ਕਿ ਪੰਜਾਬ ਵਿਚ ਕੌਮਾਂਤਰੀ ਹਵਾਈ ਅੱਡਾ ਤਾਂ ਸਿਰਫ ਪ੍ਰਵਾਸੀ ਪੰਜਾਬੀਆਂ ਦੇ ਸਹਾਰੇ ਹੀ ਕਾਮਯਾਬ ਹੋ ਸਕਦਾ ਹੈ। ਹੋਰਨਾਂ ਕਈ ਸੂਬਿਆਂ ਆਂਧਰਾ ਪ੍ਰਦੇਸ਼, ਤਾਮਿਲਨਾਡੂ ਆਦਿ ਵਿਚ ਕੌਮਾਂਤਰੀ ਹਵਾਈ ਅੱਡੇ ਬੜੀ ਕਾਮਯਾਬੀ ਨਾਲ ਚੱਲ ਰਹੇ ਹਨ। ਹਾਲਾਂਕਿ ਇਨ੍ਹਾਂ ਥਾਵਾਂ ਨੂੰ ਪ੍ਰਵਾਸੀ ਭਾਰਤੀਆਂ ਦਾ ਆਉਣ-ਜਾਣ ਇੰਨਾ ਨਹੀਂ, ਜਿੰਨਾ ਕਿ ਪੰਜਾਬ ਵਿਚ ਹੈ। ਪੰਜਾਬ ਅੰਦਰ ਹਵਾਈ ਅੱਡੇ ਦੀ ਜ਼ਰੂਰਤ ਨੂੰ ਮਹਿਸੂਸ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ 300 ਸਾਲਾ ਪ੍ਰਗਟ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੌਮਾਂਤਰੀ ਹਵਾਈ ਅੱਡਾ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਸੀ। ਐਲਾਨ ਤਾਂ ਭਾਵੇਂ ਹੋ ਗਿਆ ਸੀ ਪਰ ਇਸ ਹਵਾਈ ਅੱਡੇ ਤੋਂ ਲੰਬਾ ਸਮਾਂ ਫਿਰ ਵੀ ਕੌਮਾਂਤਰੀ ਹਵਾਈ ਉਡਾਣਾਂ ਦਾ ਸਿਲਸਿਲਾ ਆਰੰਭ ਨਹੀਂ ਸੀ ਹੋ ਸਕਿਆ। ਉਸ ਤੋਂ ਬਾਅਦ ਪੰਜਾਬ ਕਰੀਬ ਦੋ ਦਹਾਕੇ ਖਾੜਕੂ ਲਹਿਰ ਦੀ ਭੇਂਟ ਚੜ੍ਹਿਆ ਰਿਹਾ, ਜਿਸ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੌਮਾਂਤਰੀ ਹਵਾਈ ਉਡਾਣਾਂ ਆਰੰਭ ਕਰਨ ਦਾ ਸਿਲਸਿਲਾ ਹੀ ਠੱਪ ਹੋ ਕੇ ਰਹਿ ਗਿਆ। ਫਿਰ 1995 ਤੋਂ ਬਾਅਦ ਜਦ ਪੰਜਾਬ ਵਿਚ ਹਾਲਾਤ ਆਮ ਵਾਂਗ ਹੋ ਗਏ, ਤਾਂ ਮੁੜ ਕੌਮਾਂਤਰੀ ਹਵਾਈ ਉਡਾਣਾਂ ਆਰੰਭ ਕਰਨ ਦੀ ਆਵਾਜ਼ ਉੱਠਣੀ ਸ਼ੁਰੂ ਹੋ ਗਈ। ਭਾਰਤ ਸਰਕਾਰ ਨੇ ਅੱਧੇ ਜਿਹੇ ਮਨ ਨਾਲ ਕੁਝ ਕੌਮਾਂਤਰੀ ਫਲਾਈਟਾਂ ਆਰੰਭ ਵੀ ਕੀਤੀਆਂ, ਪਰ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਯੋਗ ਸਹੂਲਤਾਂ ਨਾ ਹੋਣ ਅਤੇ ਭਾਰਤੀ ਏਅਰਪੋਰਟ ਅਥਾਰਿਟੀ ਵੱਲੋਂ ਦਿਲਚਸਪੀ ਨਾ ਲਏ ਜਾਣ ਕਾਰਨ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਦਿੱਲੀ ਹਵਾਈ ਅੱਡੇ ਦੀ ਵਪਾਰਕ ਲਾਬੀ ਦੇ ਅੰਦਰਖਾਤੇ ਵਿਰੋਧ ਕਾਰਨ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਗਿਆ। ਇਸ ਵੇਲੇ ਹਾਲਾਤ ਇਹ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧੀ ਕੋਈ ਵੀ ਕੌਮਾਂਤਰੀ ਉਡਾਣ ਨਹੀਂ ਹੈ। ਇਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਨੇ ਚੰਡੀਗੜ੍ਹ ਵਿਖੇ ਹਵਾਈ ਅੱਡਾ ਬਣਾਉਣ ਦਾ ਕੰਮ ਆਰੰਭਿਆ। ਤਿੰਨ ਰਾਜਾਂ ਦੇ ਸਾਂਝੇ ਉਦਮ ਵਜੋਂ ਚੰਡੀਗੜ੍ਹ ਹਵਾਈ ਅੱਡੇ ਦਾ ਕੰਮ ਸ਼ੁਰੂ ਹੋਇਆ। 320 ਪਿੰਡਾਂ ਨੂੰ ਉਜਾੜ ਕੇ ਹਾਸਲ ਕੀਤੀ ਜ਼ਮੀਨ ਉਪਰ 1400 ਕਰੋੜ ਰੁਪਏ ਦੇ ਕਰੀਬ ਰਕਮ ਖਰਚ ਕੇ ਇਹ ਹਵਾਈ ਅੱਡਾ ਕੌਮਾਂਤਰੀ ਉਡਾਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਪਰ ਕਿੰਨੇ ਮਹੀਨੇ ਲੰਘ ਗਏ ਹਨ, ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਆਰੰਭ ਨਹੀਂ ਕੀਤੀਆਂ ਜਾ ਰਹੀਆਂ। ਆਖਰ ਕੁਝ ਲੋਕਾਂ ਨੇ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਉਠਾਇਆ। ਇਸ ਬਾਰੇ ਹਾਈਕੋਰਟ ਦੇ ਜੱਜਾਂ ਵੱਲੋਂ ਬੜੀ ਸਖ਼ਤ ਟਿੱਪਣੀ ਕਰਕੇ ਨੋਟਿਸ ਭੇਜੇ ਗਏ ਹਨ। ਜੱਜਾਂ ਨੇ ਕਿਹਾ ਹੈ ਕਿ ਜੇਕਰ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਆਰੰਭ ਹੀ ਨਹੀਂ ਕਰਨੀਆਂ, ਤਾਂ ਫਿਰ ਕੌਮਾਂਤਰੀ ਹਵਾਈ ਅੱਡਾ ਬਣਾਉਣ ਦੀ ਤੁੱਕ ਹੀ ਕੀ ਰਹਿ ਜਾਂਦੀ ਹੈ। ਜੱਜਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਨਹੀਂ ਕਰਨੀਆਂ, ਤਾਂ ਫਿਰ ਇਹ ਜ਼ਮੀਨ ਕਿਸਾਨਾਂ ਨੂੰ ਵਰਤੋਂ ਲਈ ਵਾਪਸ ਕਰ ਦੇਣੀ ਚਾਹੀਦੀ ਹੈ। ਹਾਈਕੋਰਟ ਨੇ ਵੱਖ-ਵੱਖ ਹਵਾਈ ਕੰਪਨੀਆਂ ਨੂੰ ਵੀ ਨੋਟਿਸ ਭੇਜ ਕੇ ਕਿਹਾ ਹੈ ਕਿ ਉਹ ਦੱਸਣ ਕਿ ਕੌਮਾਂਤਰੀ ਹਵਾਈ ਉਡਾਣਾਂ ਆਰੰਭ ਕਰਨ ਵਿਚ ਕੀ ਦਿੱਕਤ ਆ ਰਹੀ ਹੈ।
ਉਂਝ ਤਾਂ ਪੰਜਾਬ ਦੇ ਵਿਕਾਸ ਲਈ ਵੀ ਵੱਖ-ਵੱਖ ਰਾਜਾਂ ਅਤੇ ਦੇਸ਼ਾਂ ਵਿਚ ਆਉਣ-ਜਾਣ ਵਾਸਤੇ ਹਵਾਈ ਸਹੂਲਤ ਦੀ ਲੋੜ ਬੇਹੱਦ ਜ਼ਰੂਰੀ ਹੈ। ਪਰ ਪੰਜਾਬ ਦੀ ਵਿਸ਼ੇਸ਼ ਹਾਲਤ ਨੂੰ ਦੇਖਦਿਆਂ ਇਥੇ ਕੌਮਾਂਤਰੀ ਹਵਾਈ ਉਡਾਣਾਂ ਦਾ ਹੋਣਾ ਹੋਰ ਵੀ ਜ਼ਰੂਰੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਦਿੱਲੀ ਹਵਾਈ ਅੱਡਾ ਪੰਜਾਬ ਤੋਂ ਬਹੁਤ ਦੂਰ ਪੈਂਦਾ ਹੈ। ਦੂਜਾ ਇਹ ਕਿ ਪਿਛਲੇ ਦਿਨਾਂ ਵਿਚ ਹਰਿਆਣਾ ਦੇ ਇਲਾਕੇ ਅੰਦਰ ਜਾਟ ਰਾਖਵੇਂਕਰਨ ਅੰਦੋਲਨ ਸਮੇਂ ਪ੍ਰਵਾਸੀ ਪੰਜਾਬੀਆਂ ਨਾਲ ਹੋਈ ਬਦਸਲੂਕੀ ਨੇ ਪੂਰੀ ਦੁਨੀਆਂ ਵਿਚ ਰਹਿੰਦੇ ਪ੍ਰਵਾਸੀ ਪੰਜਾਬੀਆਂ ਨੂੰ ਵੱਡੀ ਚਿੰਤਾ ਅਤੇ ਫਿਕਰ ਵਿਚ ਪਾ ਦਿੱਤਾ ਹੈ। ਉਹ ਹੁਣ ਹਰਿਆਣਾ ਵਿਚੋਂ ਲੰਘਦਿਆਂ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ। ਬਹੁਤ ਸਾਰੇ ਪ੍ਰਵਾਸੀ ਪੰਜਾਬੀ ਪੰਜਾਬ ਜਾਣ ਦੀ ਇੱਛਾ ਰੱਖਦਿਆਂ ਹੋਇਆਂ ਵੀ ਇਸੇ ਡਰ ਕਾਰਨ ਪੰਜਾਬ ਵਿਚ ਜਾਣ ਤੋਂ ਟਾਲਾ ਵੱਟ ਰਹੇ ਹਨ। ਜੇਕਰ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਹੋ ਜਾਣ, ਤਾਂ ਲੋਕਾਂ ਕੋਲ ਪੰਜਾਬ ਪਹੁੰਚਣ ਦਾ ਇਕ ਸੁਰੱਖਿਅਤ ਬਦਲ ਹੋਵੇਗਾ। ਉਂਝ ਵੀ ਦਿੱਲੀ ਆਉਣ-ਜਾਣ ਲਈ ਪੰਜਾਬ ਤੋਂ 7-8 ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਇਸ ਸਫਰ ਦੀ ਥਕਾਵਟ ਵੱਖਰੀ ਹੁੰਦੀ ਹੈ। ਬਾਹਰਲੇ ਮੁਲਕਾਂ ਤੋਂ ਗਏ ਲੋਕ ਚਾਹੁੰਦੇ ਹਨ ਕਿ ਉਹ ਸੌਖੇ ਆਪਣੀ ਮੰਜ਼ਿਲ ਉਪਰ ਪਹੁੰਚਣ। ਪਰ ਜਦ ਹਵਾਈ ਜਹਾਜ਼ ਤੋਂ ਉੱਤਰ ਕੇ ਉਨ੍ਹਾਂ ਨੂੰ 7-8 ਘੰਟੇ ਸੜਕੀ ਸਫਰ ਕਰਨਾ ਪੈਂਦਾ ਹੈ, ਤਾਂ ਇਹ ਉਨ੍ਹਾਂ ਲਈ ਬੜਾ ਮੁਸ਼ਕਿਲ ਸਫਰ ਹੁੰਦਾ ਹੈ। ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿਚ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ, ਕਿਉਂਕਿ ਜੇਕਰ ਪ੍ਰਵਾਸੀ ਪੰਜਾਬੀਆਂ ਦਾ ਆਉਣ-ਜਾਣ ਘਟੇਗਾ, ਤਾਂ ਇਸ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੋਵੇਗਾ। ਇਕ ਤਾਂ ਆਰਥਿਕ ਪੱਖ ਤੋਂ ਨੁਕਸਾਨ ਹੋਵੇਗਾ, ਕਿਉਂਕਿ ਪ੍ਰਵਾਸੀ ਪੰਜਾਬੀ ਪਰਿਵਾਰ ਜਦ ਪੰਜਾਬ ਜਾਂਦੇ ਹਨ, ਤਾਂ ਜਿਥੇ ਹਵਾਈ ਟਿਕਟਾਂ ਉਪਰ ਵੱਡੇ ਖਰਚ ਕਰਦੇ ਹਨ, ਉਥੇ ਨਾਲ ਹੀ ਖਰੀਦੋ-ਫਰੋਖਤ ਅਤੇ ਹੋਰ ਜ਼ਰੂਰਤਾਂ ਲਈ ਵੀ ਪੈਸੇ ਖਰਚ ਕਰਦੇ ਹਨ। ਇਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਦਾ ਹੈ। ਇਸ ਤੋਂ ਇਲਾਵਾ ਪੰਜਾਬ ਗਏ ਪ੍ਰਵਾਸੀ ਪੰਜਾਬੀ ਆਪਣੇ-ਆਪਣੇ ਪਿੰਡਾਂ ਵਿਚ ਧਾਰਮਿਕ, ਸਮਾਜਿਕ, ਖੇਡਾਂ ਅਤੇ ਰੀਤੀ-ਰਿਵਾਜ਼ ਸਮੇਂ ਵੀ ਵੱਡੀਆਂ ਰਕਮਾਂ ਖਰਚ ਕੇ ਆਉਂਦੇ ਹਨ। ਜੇਕਰ ਹਵਾਈ ਅੱਡਿਆਂ ਦੀ ਘਾਟ ਕਾਰਨ ਹੀ ਪ੍ਰਵਾਸੀ ਪੰਜਾਬੀ ਖੱਜਲ-ਖੁਆਰੀ ਤੋਂ ਡਰਦੇ ਪੰਜਾਬ ਜਾਣ ਤੋਂ ਟਾਲਾ ਵੱਟਣ ਲੱਗ ਪਏ, ਤਾਂ ਇਸ ਨਾਲ ਪ੍ਰਵਾਸੀ ਪੰਜਾਬੀਆਂ ਅਤੇ ਪੰਜਾਬ ਵਿਚਕਾਰਲਾ ਗੂੜ੍ਹਾ ਰਿਸ਼ਤਾ ਵੀ ਕਮਜ਼ੋਰ ਪੈਣ ਲੱਗ ਪਵੇਗਾ, ਜੋ ਕਿ ਬੇਹੱਦ ਖਤਰਨਾਕ ਹੋਵੇਗਾ ਅਤੇ ਆਉਣ ਵਾਲੇ ਸਮੇਂ ‘ਚ ਪੰਜਾਬ ਦੇ ਲੋਕਾਂ ਲਈ ਬੇਹੱਦ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਸ ਕਰਕੇ ਪ੍ਰਵਾਸੀ ਪੰਜਾਬੀਆਂ ਨੂੰ ਸੁਖਾਲੇ ਅਤੇ ਖੁਸ਼ੀ-ਖੁਸ਼ੀ ਆਪਣੇ ਘਰਾਂ ਵਿਚ ਪਹੁੰਚਣ ਦੀ ਸਹੂਲਤ ਦੇਣਾ ਮੁੱਢਲਾ ਫਰਜ਼ ਬਣਦਾ ਹੈ। ਹੁਣ ਜਦ ਚੰਡੀਗੜ੍ਹ ਦਾ ਕੌਮਾਂਤਰੀ ਹਵਾਈ ਅੱਡਾ ਬਣ ਕੇ ਪੂਰੀ ਤਰ੍ਹਾਂ ਤਿਆਰ ਹੈ, ਤਾਂ ਇਸ ਨੂੰ ਚਲਾਉਣ ਲਈ ਪੰਜਾਬ ਸਰਕਾਰ ਨੂੰ ਵਧੇਰੇ ਯਤਨ ਕਰਨੇ ਚਾਹੀਦੇ ਹਨ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਜੇਕਰ ਚੰਡੀਗੜ੍ਹ ਦਾ ਕੌਮਾਂਤਰੀ ਹਵਾਈ ਅੱਡਾ ਕਾਮਯਾਬ ਹੁੰਦਾ ਹੈ, ਤਾਂ ਘੱਟੋ-ਘੱਟ 50 ਫੀਸਦੀ ਕੌਮਾਂਤਰੀ ਆਵਾਜਾਈ ਦਿੱਲੀ ਹਵਾਈ ਅੱਡੇ ਤੋਂ ਖੁੱਸ ਜਾਵੇਗੀ ਅਤੇ ਦਿੱਲੀ ਵਾਲੇ ਨਹੀਂ ਚਾਹੁੰਦੇ ਕਿ ਉਸ ਨੂੰ ਇੱਡੀ ਵੱਡੀ ਵਪਾਰਕ ਸੱਟ ਸਹਿਣੀ ਪਵੇ। ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਦੇ ਫੇਲ ਹੋਣ ਦਾ ਵੱਡਾ ਕਾਰਨ ਵੀ ਇਹੀ ਹੈ ਕਿ ਹਵਾਈ ਅੱਡਿਆਂ ਦੀ ਦੇਖਰੇਖ ਅਤੇ ਪ੍ਰਬੰਧ ਕਰਨ ਵਾਲੀ ਏਅਰ ਇੰਡੀਆ ਅਥਾਰਿਟੀ ਉਪਰ ਦਿੱਲੀ ਦੇ ਹੀ ਹਿੱਤ ਭਾਰੂ ਹਨ। ਦਿੱਲੀ ਹਵਾਈ ਅੱਡੇ ਦੇ ਹਿੱਤ ਪੂਰਨ ਲਈ ਪਹਿਲਾਂ ਉਨ੍ਹਾਂ ਨੇ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡੇ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਿਚ ਲਗਾਤਾਰ ਅੜਿੱਕੇ ਡਾਹੇ ਅਤੇ ਜਦੋਂ ਉਥੋਂ ਕੌਮਾਂਤਰੀ ਉਡਾਣਾਂ ਚੱਲਣ ਵੀ ਲੱਗ ਪਈਆਂ, ਤਾਂ ਇਥੋਂ ਹਵਾਈ ਉਡਾਣਾਂ ਨੂੰ ਰੋਕਣ ਲਈ ਅਜਿਹੇ ਕਾਨੂੰਨ ਬਣਾ ਦਿੱਤੇ, ਜਿਸ ਕਾਰਨ ਉਨ੍ਹਾਂ ਦਾ ਚੱਲ ਸਕਣਾ ਹੀ ਸੰਭਵ ਨਾ ਹੋਵੇ। ਲੱਗਦਾ ਹੈ ਕਿ ਅਜਿਹੀ ਹੀ ਹਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ਨੂੰ। 1400 ਕਰੋੜ ਰੁਪਏ ਖਰਚ ਕਰਕੇ ਇਹ ਅੱਡਾ ਹਾਲੇ ਵੀ ਵਿਰਾਨ ਪਿਆ ਹੈ। ਇਥੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਬਾਰੇ ਏਅਰ ਇੰਡੀਆ ਅਥਾਰਿਟੀ ਵੱਲੋਂ ਕੋਈ ਵਿਸ਼ੇਸ਼ ਯਤਨ ਨਹੀਂ ਕੀਤੇ ਜਾ ਰਹੇ। ਜੇਕਰ ਭਾਰਤ ਸਰਕਾਰ ਅਤੇ ਏਅਰ ਇੰਡੀਆ ਅਥਾਰਿਟੀ ਦਾ ਵਤੀਰਾ ਇਸੇ ਤਰ੍ਹਾਂ ਦਾ ਰਿਹਾ, ਤਾਂ ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਕੌਮਾਂਤਰੀ ਹਵਾਈ ਉਡਾਣਾਂ ਚੱਲਣ ਦਾ ਸਿਲਸਿਲਾ ਆਰੰਭ ਹੋਣਾ ਬੇਹੱਦ ਮੁਸ਼ਕਿਲ ਹੋਵੇਗਾ। ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿਚ ਬੇਹੱਦ ਚੌਕਸੀ ਵਰਤਣ ਦੀ ਜ਼ਰੂਰਤ ਹੈ। ਕਿਉਂਕਿ ਪੰਜਾਬ ਅੰਦਰ ਇਸ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਬਾਅਦ ਬਠਿੰਡਾ, ਪਠਾਨਕੋਟ ਅਤੇ ਲੁਧਿਆਣਾ ਦੇ ਡੋਮੈਸਟਿਕ ਹਵਾਈ ਅੱਡੇ ਬੰਦ ਪਏ ਹਨ। ਜੇਕਰ ਚੰਡੀਗੜ੍ਹ ਦਾ ਹਵਾਈ ਅੱਡਾ ਵੀ ਚਾਲੂ ਨਾ ਹੋ ਸਕਿਆ, ਤਾਂ ਇਸ ਦਾ ਖਾਮਿਆਜ਼ਾ ਪ੍ਰਵਾਸੀ ਪੰਜਾਬੀਆਂ ਨੂੰ ਤਾਂ ਭੁਗਤਣਾ ਹੀ ਪਵੇਗਾ ਪਰ ਨਾਲ ਦੀ ਨਾਲ ਪੰਜਾਬ ਦੇ ਵਿਕਾਸ ਨੂੰ ਵੀ ਇਹ ਨਾਂਹ-ਪੱਖੀ ਰੂਪ ਵਿਚ ਪ੍ਰਭਾਵਿਤ ਕਰੇਗਾ। ਸੋ ਹਾਲੇ ਵੀ ਵੇਲਾ ਹੈ ਕਿ ਇਸ ਹਵਾਈ ਅੱਡੇ ਦੀ ਕਾਮਯਾਬੀ ਲਈ ਯਤਨ ਆਰੰਭ ਕੀਤੇ ਜਾਣ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

Read Full Article
    ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

Read Full Article
    ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

Read Full Article
    ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

Read Full Article
    ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

Read Full Article
    ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

Read Full Article
    ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

Read Full Article
    ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

Read Full Article
    ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

Read Full Article
    ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article
    ਐੱਚ-1ਬੀ ਦੀ ਮਿਆਦ ਨੂੰ ਨਵੇਂ ਨਿਯਮਾਂ ਤਹਿਤ ਘਟਾਇਆ

ਐੱਚ-1ਬੀ ਦੀ ਮਿਆਦ ਨੂੰ ਨਵੇਂ ਨਿਯਮਾਂ ਤਹਿਤ ਘਟਾਇਆ

Read Full Article
    ਅਮਰੀਕੀ ਸੈਨੇਟਰ ਵੱਲੋਂ ਟਰੰਪ ਤੋਂ ਚੀਨ ਨੂੰ ਮੁਦਰਾ ‘ਚ ਹੇਰ-ਫੇਰ ਕਰਨ ਵਾਲਾ ਦੇਸ਼ ਐਲਾਨਣ ਦੀ ਅਪੀਲ

ਅਮਰੀਕੀ ਸੈਨੇਟਰ ਵੱਲੋਂ ਟਰੰਪ ਤੋਂ ਚੀਨ ਨੂੰ ਮੁਦਰਾ ‘ਚ ਹੇਰ-ਫੇਰ ਕਰਨ ਵਾਲਾ ਦੇਸ਼ ਐਲਾਨਣ ਦੀ ਅਪੀਲ

Read Full Article
    ਟਰੰਪ ਦੇ ਮੁਰੀਦਾਂ ਲਈ ਬਣਾਏ ਗਏ ਨਵੇਂ ਡੇਟਿੰਗ ਐਪ ਉੱਤੇ ਪਹਿਲੇ ਦਿਨ ਹੀ ਡਾਟਾ ਲੀਕ

ਟਰੰਪ ਦੇ ਮੁਰੀਦਾਂ ਲਈ ਬਣਾਏ ਗਏ ਨਵੇਂ ਡੇਟਿੰਗ ਐਪ ਉੱਤੇ ਪਹਿਲੇ ਦਿਨ ਹੀ ਡਾਟਾ ਲੀਕ

Read Full Article