ਚੰਡੀਗੜ੍ਹ ‘ਚ ਦੀਵਾਲੀ ‘ਤੇ ਨਹੀਂ ਚੱਲਣਗੇ ‘ਪਟਾਕੇ’

63
Share

ਚੰਡੀਗੜ੍ਹ, 7 ਨਵੰਬਰ (ਪੰਜਾਬ ਮੇਲ)- ਯੂ. ਟੀ. ਪ੍ਰਸ਼ਾਸਨ ਨੇ ਸ਼ਹਿਰ ‘ਚ ਪਟਾਕਿਆਂ ’ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਇਸ ਤਹਿਤ ਅਗਲੇ ਹੁਕਮਾਂ ਤੱਕ ਪਟਾਕਿਆਂ ਨੂੰ ਚਲਾਉਣ ਅਤੇ ਵਿਕਰੀ ’ਤੇ ਰੋਕ ਰਹੇਗੀ। ਪ੍ਰਸ਼ਾਸਨ ਨੇ ਹੁਕਮ ‘ਚ ਦੱਸਿਆ ਹੈ ਕਿ ਪਟਾਕਿਆਂ ਨਾਲ ਮਾਹੌਲ ਪ੍ਰਦੂਸ਼ਿਤ ਹੋਣ ਕਾਰਣ ਕੋਰੋਨਾ ਫੈਲਣ ਦਾ ਖ਼ਤਰਾ ਹੈ, ਜਿਸ ਕਾਰਣ ਹੀ ਸਲਾਹਕਾਰ ਮਨੋਜ ਪਰਿਦਾ ਨੇ ਇਸ ਸਬੰਧ ‘ਚ ਹੁਕਮ ਜਾਰੀ ਕੀਤੇ ਹਨ। ਆਪਦਾ ਪ੍ਰਬੰਧਨ ਐਕਟ-2005 ਤਹਿਤ ਇਹ ਪਾਬੰਦੀ ਲਾਈ ਗਈ ਹੈ। ਨੈਸ਼ਨਲ ਗਰੀਨ ਟ੍ਰਿਬੀਊਨਲ (ਐੱਨ. ਜੀ. ਟੀ.) ਨੇ ਪਟਾਕਿਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਵੇਖਦੇ ਹੋਏ ਬੁੱਧਵਾਰ ਨੂੰ ਚੰਡੀਗੜ੍ਹ ਅਤੇ 18 ਸੂਬਿਆਂ ਨੂੰ ਨੋਟਿਸ ਜਾਰੀ ਕੀਤਾ ਸੀ, ਜਿਸ ਦੇ ਜਵਾਬ ‘ਚ ਹੀ ਪ੍ਰਸ਼ਾਸਨ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਹੁਕਮ ਅਨੁਸਾਰ ਇਸ ਵਾਰ ਸ਼ਹਿਰ ਵਾਸੀ ਈਕੋ-ਫਰੈਂਡਲੀ ਪਟਾਕੇ ਵੀ ਨਹੀਂ ਚਲਾ ਸਕਣਗੇ। ਅਜਿਹੇ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ’ਤੇ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਸੋਮਵਾਰ ਤੋਂ ਹੀ ਪ੍ਰਸ਼ਾਸਨ ਨੇ ਪਟਾਕਿਆਂ ’ਤੇ ਰੋਕ ਲਾਉਣ ਸੰਬੰਧੀ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਸਨ। ਸੋਮਵਾਰ ਨੂੰ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਵਾਰ ਪਟਾਕੇ ਨਾ ਚਲਾਉਣ। ਲੋਕਾਂ ਨੂੰ ਦੀਵਾਲੀ ਮੌਕੇ ਘਰ ‘ਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਇਕ ਸਿਹਤ ਸਲਾਹ ਵੀ ਜਾਰੀ ਕੀਤੀ ਅਤੇ ਵੱਖ-ਵੱਖ ਤੱਥਾਂ ਦਾ ਹਵਾਲਾ ਦੇ ਕੇ ਲੋਕਾਂ ਨੂੰ ਪਟਾਕੇ ਨਾ ਚਲਾਉਣ ਦਾ ਸੁਝਾਅ ਦਿੱਤਾ। ਪ੍ਰਸ਼ਾਸਨ ਨੇ ਕਿਹਾ ਕਿ ਸ਼ਹਿਰ ‘ਚ ਕੋਰੋਨਾ ਦੇ ਮਾਮਲੇ ਖਤਮ ਨਹੀਂ ਹੋਏ ਹਨ। ਕਈ ਲੋਕ ਹਾਲੇ ਹਸਪਤਾਲ ‘ਚ ਦਾਖ਼ਲ ਹਨ। ਵੱਖ-ਵੱਖ ਸੰਸਥਾਵਾਂ ਨੇ ਵੀ ਅਪੀਲ ਕੀਤੀ ਹੈ ਕਿ ਇਸ ਵਾਰ ਜੇਕਰ ਦੀਵਾਲੀ ’ਤੇ ਪਟਾਕੇ ਚਲਾਏ ਗਏ ਤਾਂ ਉਸ ਤੋਂ ਪੈਦਾ ਹੋਣ ਵਾਲਾ ਜ਼ਹਿਰੀਲਾ ਧੂੰਆ ਕੋਰੋਨਾ ਦੇ ਮਰੀਜ਼ਾਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਸਿਹਤ ਸਲਾਹ ‘ਚ ਕਿਹਾ ਗਿਆ ਸੀ ਕਿ ਪਟਾਕਿਆਂ ਦਾ ਪ੍ਰਦੂਸ਼ਣ ਕੋਰੋਨਾ ਨਾਲ ਠੀਕ ਹੋ ਚੁੱਕੇ ਲੋਕਾਂ ਲਈ ਬੇਹੱਦ ਨੁਕਸਾਨਦਾਇਕ ਹੈ। ਪਟਾਕਿਆਂ ’ਤੇ ਰੋਕ ਲਾਉਣ ਲਈ ਬੁੱਧਵਾਰ ਨੂੰ ਐੱਨ. ਜੀ. ਟੀ. ਨੇ ਚੰਡੀਗੜ੍ਹ ਨੂੰ ਨੋਟਿਸ ਜਾਰੀ ਕੀਤਾ ਸੀ।


Share