ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦੌਰਾਨ ਮੀਡੀਆ ਨੂੰ ਆ ਰਹੀ ਚੁਣੌਤੀਆਂ ਬਾਰੇ ਹੋਈ ਚਰਚਾ

ਜਲੰਧਰ, 24 ਜਨਵਰੀ (ਪੰਜਾਬ ਮੇਲ)- ‘ਵਰਲਡ ਪੰਜਾਬੀ ਟੈਲੀਵਿਜ਼ਨ, ਰੇਡੀਓ ਅਕੈਡਮੀ’ ਅਤੇ ਸੀ.ਟੀ. ਗਰੁੱਪ ਵੱਲੋਂ ਪੰਜਾਬ ਜਾਗ੍ਰਿਤੀ ਮੰਚ ਦੇ ਸਹਿਯੋਗ ਨਾਲ ਸੀ.ਟੀ. ਕੈਂਪਸ ਸ਼ਾਹਪੁਰ ਵਿਖੇ ਦੋ ਰੋਜ਼ਾ ਕਾਨਫਰੰਸ ਕਰਵਾਈ ਗਈ। ਇਸ ਦਾ ਉਦਘਾਟਨ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਇਸ ਮੌਕੇ ਉਨ੍ਹਾਂ ਸੀ.ਟੀ. ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਵਿਨੋਦ ਸ਼ਰਮਾ (ਹਿੰਦੋਸਤਾਨ ਟਾਈਮਜ਼), ਸਤਨਾਮ ਸਿੰਘ ਮਾਣਕ (ਅਜੀਤ), ਅਮਿਤ ਸ਼ਰਮਾ (ਦੈਨਿਕ ਜਾਗਰਣ), ਰਚਨਾ ਖਹਿਰਾ (ਟ੍ਰਿਬਿਊਨ), ਗੁਰਜਤਿੰਦਰ ਸਿੰਘ ਰੰਧਾਵਾ (ਪੰਜਾਬ ਮੇਲ ਯੂ.ਐੱਸ.ਏ.), ਸੁੱਖੀ ਬਾਠ (ਪੰਜਾਬ ਭਵਨ, ਸਰੀ), ਡਾ. ਵਰਿਆਮ ਸਿੰਘ ਸੰਧੂ, ਸੁਖਦੇਵ ਸਿੰਘ ਢਿੱਲੋਂ, ਪੰਡਿਤ ਰਾਓ ਧਰੇਨਵਰ, ਕੰਵਲਜੀਤ ਸਿੰਘ ਕੰਵਲ, ਕੰਵਲਜੀਤ ਕੌਰ ਵੀ ਹਾਜ਼ਰ ਸਨ।
ਕਾਨਫਰੰਸ ਦੇ ਮੁੱਖ ਪ੍ਰਬੰਧਕ ਕੁਲਬੀਰ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਮੰਚ ਸੰਚਾਲਨ ਦੀਪਕ ਬਾਲੀ ਨੇ ਕੀਤਾ। ਦੁਆਬਾ ਕਾਲਜ ਦੀ ਪੱਤਰਕਾਰ ਵਿਭਾਗ ਦੀ ਮੁਖੀ ਡਾ. ਸਿਮਰਨ ਸਿੱਧੂ ਨੇ ਪ੍ਰਧਾਨਗੀ ਮੰਡਲ ‘ਚ ਬੈਠੇ ਵਿਦਵਾਨਾਂ ਨੂੰ ਸੁਚੱਜੇ ਢੰਗ ਨਾਲ ਸਵਾਲ-ਜਵਾਬ ਕੀਤੇ। ਪਹਿਲੇ ਦਿਨ ‘ਮੀਡੀਆ ਦੀ ਆਜ਼ਾਦੀ’ ਵਿਸ਼ੇ ‘ਤੇ ਵਿਚਾਰ ਚਰਚਾ ਹੋਈ। ਵੱਖ-ਵੱਖ ਵਿਦਵਾਨਾਂ ਨੇ ਮੀਡੀਏ ‘ਤੇ ਹੋ ਰਹੇ ਚਹੁੰ ਤਰਫਾ ਹਮਲੇ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਬੁਲਾਰਿਆਂ ਨੇ ਕਿਹਾ ਕਿ ਅੱਜ ਮੀਡੀਆ ਅਦਾਰਿਆਂ ਸਾਹਮਣੇ ਆਪਣੀ ਭਰੋਸੇਯੋਗਤਾ ਬਣਾਈ ਰੱਖਣੀ ਵੱਡੀ ਚੁਣੌਤੀ ਹੈ। ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਇਸ ਸਮੇਂ ਸਰਕਾਰੀ ਦਬਾਅ ਦੇ ਨਾਲ-ਨਾਲ ਵੱਡਾ ਖਤਰਾ ਕਾਰਪੋਰੇਟ ਅਦਾਰਿਆਂ ਤੋਂ ਵੀ ਹੈ।
ਦੂਜੇ ਦਿਨ ਰਾਜ ਗਾਇਕ ਹੰਸ ਰਾਜ ਹੰਸ, ਸੀ.ਟੀ. ਗਰੁੱਪ ਦੇ ਐੱਮ.ਡੀ. ਮਨਬੀਰ ਸਿੰਘ, ਫਿਲਮ ਨਿਰਦੇਸ਼ਕ ਹਰਜੀਤ ਸਿੰਘ, ਦਲਜੀਤ ਸਿੰਘ ਅਰੋੜਾ (ਪੰਜਾਬੀ ਸਕਰੀਨ), ਗੀਤਕਾਰ ਵਿਜੈ ਧਮੀ, ਪ੍ਰੋ. ਕੰਵਲਜੀਤ ਕੌਰ, ਡਾ. ਸਿਮਰਨ ਸਿੱਧੂ ਅਤੇ ਕੰਵਲਜੀਤ ਸਿੰਘ ਕੰਵਲ (ਟੋਰਾਂਟੋ), ਸਰਬਜੀਤ ਰਿਸ਼ੀ, ਬਲਜੀਤ ਬੱਲੀ (ਬਾਬੂਸ਼ਾਹੀ), ਭੁਪਿੰਦਰ ਮਲਿਕ, ਸਿਮਰਜੋਤ, ਨਿਖਿਲ ਵਰਮਾ, ਸੁੱਖਨੈਬ ਸਿੱਧੂ, ਵਿਨੈਪਾਲ ਜੈਦ, ਦੀਪਕ ਸ਼ਰਮਾ, ਅਜੈਪਾਲ ਬਰਾੜ, ਕੇ.ਪੀ. ਸਿੰਘ, ਪਰਮਵੀਰ ਸਿੰਘ ਬਾਠ, ਸ਼ਾਇਨਾ ਕੋਛੜ, ਬਰਜਿੰਦਰ ਰਾਏ ਆਦਿ ਨੇ ਵੱਖ-ਵੱਖ ਪੈਨਲਾਂ ਵਿਚ ਬੈਠ ਕੇ ਵਿਚਾਰ ਚਰਚਾ ਵਿਚ ਹਿੱਸਾ ਲਿਆ।
ਇਸ ਦੌਰਾਨ ਵੱਖ-ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਕਾਨਫਰੰਸ ਦੇ ਆਯੋਜਕ ਪ੍ਰੋ. ਕੁਲਬੀਰ ਸਿੰਘ, ਸਤਨਾਮ ਮਾਣਕ ਅਤੇ ਦੀਪਕ ਬਾਲੀ ਨੇ ਸਮੂਹ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।