ਚੋਣ ਕਮਿਸ਼ਨ ਵੱਲੋਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ

88
Share

ਅਸਾਮ ’ਚ 27 ਮਾਰਚ ਤੋਂ ਤਿੰਨ ਗੇੜਾਂ ’ਚ, ਤਾਮਿਲ ਨਾਡੂ, ਕੇਰਲ ਤੇ ਪੁਡੂਚੇਰੀ ’ਚ 6 ਅਪਰੈਲ ਨੂੰ ਤੇ ਪੱਛਮੀ ਬੰਗਾਲ ’ਚ 8 ਗੇੜਾਂ ’ਚ ਹੋਵੇਗੀ ਵੋਟਿੰਗ : ਨਤੀਜੇ 2 ਮਈ ਨੂੰ
ਨਵੀਂ ਦਿੱਲੀ, 26 ਫਰਵਰੀ (ਪੰਜਾਬ ਮੇਲ)- ਚੋਣ ਕਮਿਸ਼ਨ ਅੱਜ ਤਾਮਿਲਨਾਡੂ, ਅਸਾਮ, ਕੇਰਲ, ਪੱਛਮੀ ਬੰਗਾਲ ਅਤੇ ਪੁਡੂਚੇਰੀ ਵਿਚ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਕਰੋਨਾ ਕਾਰਨ ਕੁੱਝ ਖਾਸ ਇੰਤਜ਼ਾਮ ਕੀਤੇ ਗਏ ਹਨ। ਘਰ-ਘਰ ਪ੍ਰਚਾਰ ਕਰਨ ਵੇਲੇ 5 ਤੋਂ ਵੱਧ ਵਿਅਕਤੀ ਨਹੀਂ ਹੋਣਗੇ। ਵੋਟਿੰਗ ਦਾ ਸਮਾਂ ਇਕ ਘੰਟਾ ਵਧਾਇਆ ਗਿਆ ਹੈ ਤੇ ਚੋਣਾਂ ਵਾਲੇ ਰਾਜਾਂ ਵਿਚ ਅੱਜ ਤੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅਸਾਮ ਵਿਚ ਚੋਣਾਂ ਤਿੰਨ ਗੇੜਾਂ ਵਿਚ ਹੋਣਗੀਆਂ। ਪਹਿਲੇ ਗੇੜ ਵਿਚ 27 ਮਾਰਚ ਨੂੰ 47 ਸੀਟਾਂ ’ਤੇ ਵੋਟਾਂ ਪੈਣਗੀਆਂ। ਪੰਜ ਰਾਜਾਂ ਵਿਚ ਚੋਣ ਨਤੀਜੇ 2 ਮਈ ਨੂੰ ਆਉਣਗੇ। ਅਸਾਮ ਵਿਚ ਦੂਜੇ ਗੇੜ ਲਈ 39 ਸੀਟਾਂ ’ਤੇ ਇਕ ਅਪਰੈਲ ਨੂੰ ਵੋਟਾਂ ਪੈਣਗੀਆਂ। ਤੀਜੇ ਗੇੜ ਲਈ ਵੋਟਾਂ 6 ਅਪਰੈਲ ਨੂੰ 40 ਸੀਟਾਂ ਲਈ ਪੈਣਗੀਆਂ। ਕੇਰਲ ਵਿਚ ਸਾਰੀਆਂ ਸੀਟਾਂ ਲਈ 6 ਅਪਰੈਲ ਨੂੰ ਵੋਟਾਂ ਪੈਣਗੀਆਂ। ਤਾਮਿਲਨਾਡੂ ਵਿਚ ਵੀ ਇਕ ਹੀ ਗੇੜ ਵਿਚ 6 ਅਪਰੈਲ ਨੂੰ ਵੋਟਾਂ ਪੈਣਗੀਆਂ। ਪੁਡੂਚੇਰੀ ਵਿਚ ਇਕ ਗੇੜ ਵਿਚ ਹੀ ਵੋਟਾਂ ਪੈਣਗੀਆਂ। ਇਥੇ ਵੀ 6 ਅਪਰੈਲ ਨੂੰ ਵੋਟਿੰਗ ਹੋਵੇਗੀ। ਪੱਛਮੀ ਬੰਗਾਲ ’ਚ 8 ਗੇੜਾਂ ਵਿਚ ਚੋਣਾਂ ਹੋਣਗੀਆਂ। ਪਹਿਲੇ ਗੇੜ ਲਈ 27 ਮਾਰਚ ਨੂੰ 38 ਸੀਟਾਂ, ਪਹਿਲੀ ਅਪਰੈਲ ਨੂੰ 30 ਸੀਟਾਂ ਲਈ ਵੋਟਾਂ ਪੈਣਗੀਆਂ। ਰਾਜ ਵਿਚ 6 ਅਪਰੈਲ ਨੂੰ 31, 10 ਅਪਰੈਲ ਨੂੰ 44, 17 ਅਪਰੈਲ ਨੂੰ 45, 22 ਅਪਰੈਲ ਨੂੰ 43, 26 ਅਪਰੈਲ ਨੂੰ 36 ਤੇ 29 ਅਪਰੈਲ ਨੂੰ 35 ਸੀਟਾਂ ਲਈ ਵੋਟਿੰਗ ਹੋਵਗੀ। ਅਸਾਮ ਵਿਚ 126, ਤਾਮਿਲਨਾਡੂ ਵਿਚ 234, ਪੱਛਮੀ ਬੰਗਾਲ ਵਿਚ 294, ਕੇਰਲ ਵਿਚ 140 ਤੇ ਪੁਡੂਚੇਰੀ ਵਿਚ 30 ਸੀਟਾਂ ਲਈ ਵੋਟਾਂ ਪੈਣਗੀਆਂ। ਉਧਰ ਤਿ੍ਰਣਮੂਲ ਕਾਂਗਰਸ ਸਣੇ ਕਈ ਵਿਰੋਧੀ ਧਿਰਾਂ ਨੇ ਪੱਛਮੀ ਬੰਗਾਲ ਵਿਚ ਅੱਠ ਗੇੜਾਂ ਵਿਚ ਚੋਣਾਂ ਕਰਵਾਉਣ ਬਾਰੇ ਸਵਾਲ ਖੜ੍ਹੇ ਕੀਤੇ ਹਨ। ਹਾਲਾਂਕਿ ਭਾਜਪਾ ਨੇ ਚੋਣ ਕਮਿਸ਼ਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਕਿ ਸ਼ਾਂਤੀਪੂਰਨ ਚੋਣਾਂ ਲਈ ਗ਼ੈਰ-ਸਮਾਜਿਕ ਤੱਤਾਂ ’ਤੇ ਕਾਬੂ ਪਾਉਣ ਦੀ ਲੋੜ ਹੈ। ਟੀ.ਐੱਮ.ਸੀ. ਮੁਖੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਨੂੰ ਸੂਤਰਾਂ ਤੋਂ ਸੂਚਨਾ ਮਿਲੀ ਹੈ ਕਿ ਭਾਜਪਾ ਜਿਹੜੀਆਂ ਤਰੀਕਾਂ ਚਾਹੁੰਦੀ ਸੀ, ਉਸ ਮੁਤਾਬਕ ਚੋਣ ਪ੍ਰੋਗਰਾਮ ਤੈਅ ਕੀਤੇ ਗਏ ਹਨ। ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੁਝਾਵਾਂ ਮੁਤਾਬਕ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ?’’

Share