ਨਵੀਂ ਦਿੱਲੀ, 15 ਜਨਵਰੀ (ਪੰਜਾਬ ਮੇਲ)- ਚੋਣ ਕਮਿਸ਼ਨ ਕੋਵਿਡ-19 ਟੀਕਾਕਰਨ ਮੁਹਿੰਮ ਲਈ ਬੂਥ ਪੱਧਰ ’ਤੇ ਲਾਭਪਾਤਰੀਆਂ ਦੀ ਪਛਾਣ ਕਰਨ ’ਚ ਸਰਕਾਰ ਦੀ ‘‘ਪੂਰੀ ਸਹਾਇਤਾ’’ ਕਰੇਗਾ ਪਰ ਕਮਿਸ਼ਨ ਚਾਹੁੰਦਾ ਹੈ ਕਿ ਸਿਹਤ ਅਧਿਕਾਰੀ ਟੀਕਾਕਰਨ ਮੁਹਿੰਮ ਖ਼ਤਮ ਹੋਣ ਤੋਂ ਬਾਅਦ ਇਨ੍ਹਾਂ ਅੰਕੜਿਆਂ ਨੂੰ ਡਿਲੀਟ ਕਰ ਦੇਣ। ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਿਛਲੇ ਸਾਲ 31 ਦਸੰਬਰ ਨੂੰ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ ਕਮਿਸ਼ਨ ਬੂਥ ਪੱਧਰ ’ਤੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਪਛਾਣ ਕਰਨ ’ਚ ਸਹਾਇਤਾ ਕਰੇ। ਡਾਟਾ ਸੁਰੱਖਿਆ ਦੇ ਮੁੱਦੇ ’ਤੇ ਗ੍ਰਹਿ ਸਕੱਤਰ ਨੇ ਲਿਖਿਆ ਸੀ ਕਿ ਸਾਈਬਰ ਸੁਰੱਖਿਆ ਲਈ ਸਰਕਾਰ ਮੌਜੂਦਾ ਹਾਲਾਤ ’ਚ ਜਾਰੀ ਵਧੀਆ ਵਿਵਸਥਾ ਨੂੰ ਅਪਣਾਏਗੀ।