PUNJABMAILUSA.COM

ਚੋਣਾਂ ਮੌਕੇ ਸਿਆਸੀ ਪਾਰਟੀਆਂ ‘ਚ ਮਚੀ ਖਲਬਲੀ

ਚੋਣਾਂ ਮੌਕੇ ਸਿਆਸੀ ਪਾਰਟੀਆਂ ‘ਚ ਮਚੀ ਖਲਬਲੀ

ਚੋਣਾਂ ਮੌਕੇ ਸਿਆਸੀ ਪਾਰਟੀਆਂ ‘ਚ ਮਚੀ ਖਲਬਲੀ
November 30
09:58 2016

21
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ, ਤਾਂ ਸਿਆਸੀ ਪਾਰਟੀਆਂ ਅੰਦਰ ਵੱਡੀ ਖਲਬਲੀ ਮਚਣੀ ਸ਼ੁਰੂ ਹੋ ਗਈ ਹੈ। ਪੰਜਾਬ ਦੀਆਂ ਚੋਣਾਂ ‘ਚ ਇਸ ਸਮੇਂ 3 ਪ੍ਰਮੁੱਖ ਸਿਆਸੀ ਧਿਰਾਂ ਵਿਚਕਾਰ ਚੋਣ ਜੰਗ ਹੋਣ ਜਾ ਰਹੀ ਹੈ। ਅਕਾਲੀ-ਭਾਜਪਾ ਗਠਜੋੜ, ਕਾਂਗਰਸ ਅਤੇ ਨਵੀਂ ਉੱਭਰੀ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਵਿਚ ਪ੍ਰਮੁੱਖਤਾ ਨਾਲ ਕੁੱਦ ਰਹੀਆਂ ਹਨ। ਭਾਵੇਂ ਚੋਣਾਂ ਨੇੜੇ ਹਰ ਸਮੇਂ ਹੀ ਸਿਆਸੀ ਪਾਰਟੀਆਂ ਅੰਦਰ ਟੁੱਟ-ਭੱਜ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ ਅਤੇ ਬਹੁਤ ਸਾਰੇ ਆਗੂ ਆਪਣੀਆਂ ਵਫਾਦਾਰੀਆਂ ਵੀ ਬਦਲਦੇ ਰਹਿੰਦੇ ਹਨ ਅਤੇ ਇਕ ਦੂਜੀ ਪਾਰਟੀ ਵਿਚ ਸ਼ਾਮਲ ਹੁੰਦੇ ਰਹਿੰਦੇ ਹਨ। ਪਰ ਇਸ ਵਾਰ ਇਹ ਸਿਲਸਿਲਾ ਵਧੇਰੇ ਵਿਰਾਟ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਟਿਕਟਾਂ ਦੀ ਵੰਡ ਨੂੰ ਲੈ ਕੇ ਅਕਾਲੀ ਦਲ ਅੰਦਰ ਵੀ ਵੱਡਾ ਰੇੜਕਾ ਖੜ੍ਹਾ ਹੋ ਗਿਆ ਹੈ। ਹੁਣ ਤੱਕ ਅਕਾਲੀ ਦਲ ਦੇ 6 ਵਿਧਾਇਕ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਹਨ। ਇਨ੍ਹਾਂ ਵਿਧਾਇਕਾਂ ਵਿਚ ਓਲੰਪਿਅਨ ਪਰਗਟ ਸਿੰਘ, ਇੰਦਰਬੀਰ ਸਿੰਘ ਬੁਲਾਰੀਆ, ਸਰਵਣ ਸਿੰਘ ਫਿਲੌਰ, ਅਵਿਨਾਸ਼ ਚੰਦਰ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸ਼੍ਰੀਮਤੀ ਰਾਜਵਿੰਦਰ ਕੌਰ ਭਾਗੀਕੇ ਸ਼ਾਮਲ ਹਨ। ਇਸੇ ਤਰ੍ਹਾਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਜਿੰਦਰ ਸਿੰਘ ਸੰਧੂ ਸਮੇਤ ਹੋਰ ਬਹੁਤ ਸਾਰੇ ਆਗੂਆਂ ਨੇ ਪਾਰਟੀ ਤੋਂ ਅਸਤੀਫੇ ਦੇ ਕੇ ਆਜ਼ਾਦ ਤੌਰ ‘ਤੇ ਖੜ੍ਹੇ ਹੋਣ ਦਾ ਐਲਾਨ ਕੀਤਾ ਹੈ। ਅਕਾਲੀ ਦਲ ਅੰਦਰ ਵਿਧਾਇਕਾਂ ਦੀ ਵੱਡੇ ਪੱਧਰ ‘ਤੇ ਰੱਦੋ-ਬਦਲ ਅਤੇ ਸੀਟਾਂ ਬਦਲਣ ਦੀ ਕਵਾਇਦ ਕਾਰਨ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਕਾਲੀ ਦਲ ਨੇ ਡੇਰਾਬੱਸੀ ਦੇ ਵਿਧਾਇਕ ਜਸਟਿਸ ਨਿਰਮਲ ਸਿੰਘ ਨੂੰ ਇੱਥੋਂ ਹਟਾ ਕੇ ਚਮਕੌਰ ਸਾਹਿਬ ਤੋਂ ਉਮੀਦਵਾਰ ਬਣਾ ਦਿੱਤਾ ਹੈ। ਜਗਰਾਉਂ ਦੇ ਵਿਧਾਇਕ ਐੱਸ.ਆਰ. ਕਲੇਰ ਨੂੰ ਨਿਹਾਲ ਸਿੰਘ ਵਾਲਾ, ਤਪਾ ਹਲਕੇ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਨੂੰ ਡੇਰਾਬੱਸੀ, ਸ. ਸਰਬਜੀਤ ਸਿੰਘ ਮੱਕੜ ਨੂੰ ਕਪੂਰਥਲਾ ਤੋਂ ਬਦਲ ਕੇ ਜਲੰਧਰ ਛਾਉਣੀ ਭੇਜ ਦਿੱਤਾ ਹੈ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਹਲਕਿਆਂ ਵਿਚ ਅਜਿਹਾ ਵਾਪਰ ਰਿਹਾ ਹੈ। ਪਾਰਟੀ ਆਗੂਆਂ ਦੀ ਸੀਟਾਂ ਦੀ ਅਦਲਾ-ਬਦਲੀ ਅਤੇ ਕਈ ਆਗੂਆਂ ਦੀ ਸੀਟਾਂ ਕੱਟਣ ਕਾਰਨ ਪਾਰਟੀ ਅੰਦਰ ਵੱਡੀ ਖਲਬਲੀ ਮਚੀ ਹੋਈ ਹੈ। ਇਹੀ ਕਾਰਨ ਹੈ ਕਿ ਨਵੇਂ ਐਲਾਨੇ ਬਹੁਤੇ ਉਮੀਦਵਾਰਾਂ ਦੀ ਪਾਰਟੀ ਆਗੂਆਂ ਵੱਲੋਂ ਹੀ ਵਿਰੋਧਤਾ ਹੋ ਰਹੀ ਹੈ। ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਅੰਦਰ ਵੀ ਸਭ ਅੱਛਾ ਨਹੀਂ ਹੈ। ਇਸ ਦੀ ਤੇਜ਼-ਤਰਾਰ ਵਿਧਾਇਕਾ ਤੇ ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਪਾਰਟੀ ਨੂੰ ਅਲਵਿਦਾ ਆਖ ਕੇ ਕਾਂਗਰਸ ਵਿਚ ਜਾ ਚੁੱਕੀ ਹੈ। ਇਸੇ ਤਰ੍ਹਾਂ ਪਾਰਟੀ ਦੇ ਕਈ ਆਗੂਆਂ ਖਿਲਾਫ ਵੀ ਵੱਖ-ਵੱਖ ਹਲਕਿਆਂ ਵਿਚ ਵਿਰੋਧ ਅਤੇ ਰੋਸ ਦੀ ਭਾਵਨਾ ਚੱਲ ਰਹੀ ਹੈ।
ਕਾਂਗਰਸ ਪਾਰਟੀ ਵੱਲੋਂ ਭਾਵੇਂ ਹਾਲੇ ਉਮੀਦਵਾਰਾਂ ਦੀ ਸੂਚੀ ਤਾਂ ਜਾਰੀ ਨਹੀਂ ਕੀਤੀ ਗਈ, ਪਰ ਜਿਸ ਤਰ੍ਹਾਂ ਹੋਰਨਾਂ ਪਾਰਟੀਆਂ ਦੇ ਕੁਝ ਆਗੂ ਕਾਂਗਰਸ ਵਿਚ ਸ਼ਾਮਲ ਹੋਏ ਹਨ, ਉਸ ਨਾਲ ਪਾਰਟੀ ਅੰਦਰ ਹੁਣੇ ਤੋਂ ਤਰੇੜਾਂ ਉਭਰਨੀਆਂ ਸ਼ੁਰੂ ਹੋ ਗਈਆਂ ਹਨ। ਹਲਕਾ ਜਲੰਧਰ ਛਾਉਣੀ ਦੇ ਅਕਾਲੀ ਵਿਧਾਇਕ ਪਰਗਟ ਸਿੰਘ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਇੱਥੋਂ ਦੇ ਪਹਿਲੇ ਸੰਭਾਵੀਂ ਉਮੀਦਵਾਰ ਜਗਬੀਰ ਸਿੰਘ ਬਰਾੜ ਲਈ ਕਾਫੀ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ। ਇਸੇ ਤਰ੍ਹਾਂ ਸਾਬਕਾ ਅਕਾਲੀ ਵਜ਼ੀਰ ਸਰਵਣ ਸਿੰਘ ਫਿਲੌਰ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਪਾਰਟੀ ਦੇ ਚੌਧਰੀ ਪਰਿਵਾਰ ਨੂੰ ਅੰਦਰੋ-ਅੰਦਰੀਂ ਔਖ ਮਹਿਸੂਸ ਹੋਣ ਲੱਗ ਪਈ ਹੈ। ਬਾਹਰੋਂ ਆ ਰਹੇ ਆਗੂਆਂ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਅਤੇ ਫਿਰ ਉਨ੍ਹਾਂ ਨੂੰ ਟਿਕਟਾਂ ਦੇਣ ਦਾ ਭਰੋਸਾ ਦੇਣ ਵਿਰੁੱਧ ਪਾਰਟੀ ਅੰਦਰ ਵੱਡੇ ਪੱਧਰ ‘ਤੇ ਰੋਸ ਪੈਦਾ ਹੋ ਗਿਆ ਹੈ। ਇਸੇ ਰੋਸ ਦੇ ਨਤੀਜੇ ਵਜੋਂ ਕਾਂਗਰਸ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਚੁੱਕੇ ਵਿਧਾਇਕ ਅਵਿਨਾਸ਼ ਚੰਦਰ ਨੂੰ ਪਾਰਟੀ ਵਿਚ ਸ਼ਾਮਲ ਕਰਨ ਤੋਂ ਨਾਂਹ ਕਰ ਦਿੱਤੀ ਹੈ। ਕਾਂਗਰਸ ਹਾਈਕਮਾਨ ਵੀ ਇਸ ਮਾਮਲੇ ਵਿਚ ਬੜੀ ਬੋਚ-ਬੋਚ ਕਦਮ ਚੁੱਕਦੀ ਨਜ਼ਰ ਆ ਰਹੀ ਹੈ। ਡਾ. ਸਿੱਧੂ ਅਤੇ ਪਰਗਟ ਸਿੰਘ ਨੂੰ ਸ਼ਾਮਲ ਕਰਨ ਵੇਲੇ ਕਾਂਗਰਸ ਹਾਈਕਮਾਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੰਕੇਤ ਜ਼ਾਹਿਰ ਨਹੀਂ ਕੀਤਾ ਗਿਆ, ਸਗੋਂ ਇਹੀ ਪ੍ਰਭਾਵ ਦਿੱਤਾ ਹੈ ਕਿ ਦੋਵੇਂ ਆਗੂ ਬਿਨਾਂ ਸ਼ਰਤ ਪਾਰਟੀ ਵਿਚ ਸ਼ਾਮਲ ਹੋਏ ਹਨ। ਭਾਜਪਾ ਛੱਡ ਕੇ ਆ ਰਹੇ ਨਵਜੋਤ ਸਿੰਘ ਸਿੱਧੂ ਭਾਵੇਂ ਹਾਲੇ ਸਿੱਧੇ ਤੌਰ ‘ਤੇ ਕਾਂਗਰਸ ਵਿਚ ਸ਼ਾਮਲ ਨਹੀਂ ਹੋਏ, ਪਰ ਉਸ ਦੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਰਾਹ ਹੁਣ ਪੂਰੀ ਤਰ੍ਹਾਂ ਸਾਫ ਹੁੰਦਾ ਨਜ਼ਰ ਆ ਰਿਹਾ ਹੈ। ਸ. ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਦੀਆਂ ਭਵਾਂ ਤਣੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਕਈਆਂ ਨੂੰ ਇਹ ਖਤਰਾ ਮਹਿਸੂਸ ਹੋਣ ਲੱਗ ਪਿਆ ਹੈ ਕਿ ਕੱਲ੍ਹ ਨੂੰ ਕਿਤੇ ਉਹ ਮੁੱਖ ਮੰਤਰੀ ਦੀ ਕੁਰਸੀ ਦਾ ਦਾਅਵੇਦਾਰ ਹੀ ਨਾ ਬਣ ਜਾਵੇ। ਅਜਿਹੀ ਹਾਲਤ ਵਿਚ ਪਾਰਟੀ ਅੰਦਰ ਹੇਠਾਂ ਤੋਂ ਲੈ ਕੇ ਉਪਰਲੇ ਪੱਧਰ ਤੱਕ ਇਕ ਅਨਿਸ਼ਚਿਤਤਾ ਅਤੇ ਬੇਵਿਸ਼ਵਾਸੀ ਵਾਲਾ ਮਾਹੌਲ ਬਣਦਾ ਜਾ ਰਿਹਾ ਹੈ।
ਤੀਜਾ ਆਮ ਆਦਮੀ ਪਾਰਟੀ ਪਹਿਲੇ ਕੁੱਝ ਮਹੀਨੇ ਪੂਰੀ ਸਾਬਤ ਕਦਮੀ ਨਾਲ ਅੱਗੇ ਵਧਦੀ ਆ ਰਹੀ ਸੀ ਅਤੇ ਪੰਜਾਬ ਦੇ ਰਾਜਸੀ ਦ੍ਰਿਸ਼ ਉਪਰ ਇਹ ਗੱਲ ਸਪੱਸ਼ਟ ਤੌਰ ‘ਤੇ ਪੜ੍ਹੀ ਜਾਣ ਲੱਗ ਪਈ ਸੀ ਕਿ ਹੁਣ ਭਵਿੱਖ ਆਮ ਆਦਮੀ ਪਾਰਟੀ ਦਾ ਹੀ ਹੈ। ਪਰ ਜਿਉਂ-ਜਿਉਂ ਆਮ ਆਦਮੀ ਪਾਰਟੀ ਨੇ ਚੋਣਾਂ ਦੀਆਂ ਤਿਆਰੀਆਂ ਲਈ ਕਦਮ ਪੁੱਟਣੇ ਸ਼ੁਰੂ ਕੀਤੇ, ਤਾਂ ਇਸ ਅੰਦਰ ਵੀ ਕਈ ਤਰ੍ਹਾਂ ਦੇ ਬਖੇੜੇ ਖੜ੍ਹੇ ਹੋਣੇ ਸ਼ੁਰੂ ਹੋ ਗਏ ਅਤੇ ਪਾਰਟੀ ਅੰਦਰ ਨਵੀਆਂ ਸਫਬੰਦੀਆਂ ਪੈਦਾ ਹੋ ਗਈਆਂ। ਜਦ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ, ਤਾਂ ਪਾਰਟੀ ਦੇ ਅੰਦਰੋਂ ਹੀ ਇਸ ਸੂਚੀ ਖਿਲਾਫ ਸਖ਼ਤ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਗੱਲ ਦੇ ਨਤੀਜੇ ਵਜੋਂ ਪਾਰਟੀ ਅੰਦਰ ਵੱਡਾ ਬਖੇੜਾ ਪੈਦਾ ਹੋ ਗਿਆ, ਜਿਸ ਦਾ ਨਤੀਜਾ ਪਾਰਟੀ ਦੇ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਅਤੇ ਹੋਰ ਬਹੁਤ ਸਾਰੇ ਆਗੂਆਂ ਦੇ ਪਾਰਟੀ ਤੋਂ ਵੱਖ ਹੋਣ ਵਿਚ ਨਿਕਲਿਆ। ਅਜਿਹੇ ਆਗੂਆਂ ਨੇ ਫਿਰ ਆਪਣੀ ਵੱਖਰੀ ਪਾਰਟੀ ‘ਆਪਣਾ ਪੰਜਾਬ ਪਾਰਟੀ’ ਖੜ੍ਹੀ ਕਰ ਲਈ। ਜਿਵੇਂ-ਜਿਵੇਂ ਪਾਰਟੀ ਵੱਲੋਂ ਹੋਰ ਉਮੀਦਵਾਰ ਐਲਾਨੇ ਗਏ, ਇਸ ਨਾਲ ਵੱਡੀ ਪੱਧਰ ‘ਤੇ ਵੱਖ-ਵੱਖ ਹਲਕਿਆਂ ਵਿਚ ਐਲਾਨੇ ਉਮੀਦਵਾਰਾਂ ਖਿਲਾਫ ਬਗਾਵਤ ਦੀ ਸੁਰ ਉੱਠਣ ਲੱਗ ਪਈ। ਹੁਣ ਤੱਕ ਪਾਰਟੀ ਵੱਲੋਂ 93ਵੇਂ ਸੀਟਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਰ ਇਨ੍ਹਾਂ ਵਿਚੋਂ 60 ਦੇ ਕਰੀਬ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਨੂੰ ਪਾਰਟੀ ਦੇ ਆਪਣੇ ਹੀ ਵਾਲੰਟੀਅਰਾਂ ਵੱਲੋਂ ਸਖ਼ਤ ਵਿਰੋਧ ਅਤੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਤ ਇੱਥੋਂ ਤੱਕ ਪਹੁੰਚ ਗਈ ਹੈ ਕਿ ਪਾਰਟੀ ਨੂੰ ਖੁਦ ਹੀ ਆਪਣੇ ਵੱਲੋਂ ਐਲਾਨੇ ਉਮੀਦਵਾਰਾਂ ਬਾਰੇ ਮੁੜ ਵਿਚਾਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੋ ਹਲਕਿਆਂ ਦੇ ਉਮੀਦਵਾਰ ਬਦਲ ਦਿੱਤੇ ਗਏ ਹਨ ਅਤੇ ਇਹ ਆਮ ਚਰਚਾ ਚੱਲ ਰਹੀ ਹੈ ਕਿ ਕਮਜ਼ੋਰ ਕਾਰਗੁਜ਼ਾਰੀ ਵਾਲੇ ਦੋ ਦਰਜਨ ਦੇ ਕਰੀਬ ਉਮੀਦਵਾਰਾਂ ਦੀਆਂ ਟਿਕਟਾਂ ਬਦਲੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਵੱਲੋਂ ਅੱਧਵਾਟੇ ਵਿਚ ਟਿਕਟਾਂ ਬਦਲਣ ਦੇ ਪੈਦਾ ਹੋਏ ਰੁਝਾਨ ਨੇ ਪਾਰਟੀ ਅੰਦਰ ਇਕ ਅਜੀਬ ਕਿਸਮ ਦੀ ਉਲਝਣ ਪੈਦਾ ਕਰ ਦਿੱਤੀ ਹੈ। ਜਿਨ੍ਹਾਂ ਹਲਕਿਆਂ ਵਿਚ ਉਮੀਦਵਾਰ ਬਦਲੇ ਜਾਣ ਬਾਰੇ ਚਰਚਾ ਸ਼ੁਰੂ ਹੋ ਗਈ ਹੈ, ਉਥੇ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਵੱਡੇ ਝਟਕੇ ਲੱਗ ਰਹੇ ਹਨ। ਕਿਉਂਕਿ ਉਮੀਦਵਾਰਾਂ ਬਾਰੇ ਬੇਯਕੀਨੀ ਪੈਦਾ ਹੋਣ ਕਾਰਨ ਪਾਰਟੀ ਵਾਲੰਟੀਅਰਾਂ ਅਤੇ ਹੋਰਨਾਂ ਹਮਾਇਤੀਆਂ ਦਰਮਿਆਨ ਦੁਚਿੱਤੀ ਵਾਲੀ ਹਾਲਤ ਬਣ ਗਈ ਹੈ। ਅਜਿਹੀ ਹਾਲਤ ਵਿਚ ਕੋਈ ਵੀ ਨਾ ਪੈਸਾ ਖਰਚਣ ਨੂੰ ਤਿਆਰ ਹੋਵੇਗਾ ਅਤੇ ਨਾ ਹੀ ਸਰਗਰਮੀ ਵਿਚ ਡੂੰਘੀ ਦਿਲਚਸਪੀ ਹੀ ਲੈ ਸਕੇਗਾ। ਪਾਰਟੀ ਅੰਦਰਲੇ ਲੋਕਾਂ ਵੱਲੋਂ ਮਿਲ ਰਹੀਆਂ ਸੂਚਨਾਵਾਂ ਅਨੁਸਾਰ ਬਹੁਤ ਸਾਰੇ ਹਲਕਿਆਂ ‘ਚ ਐਲਾਨੇ ਗਏ ਉਮੀਦਵਾਰਾਂ ਬਾਰੇ ਉਲਝਣ ਪੈਦਾ ਹੋਣ ਕਾਰਨ ਪਾਰਟੀ ਦੀ ਚੋਣ ਮੁਹਿੰਮ ਨੂੰ ਵੱਡਾ ਹਰਜਾ ਪਹੁੰਚ ਹੋ ਰਿਹਾ ਹੈ। ਕੁੱਝ ਅਜਿਹੇ ਹਲਕੇ ਹਨ, ਜਿੱਥੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਜਦ ਕਾਨਫਰੰਸਾਂ ਨੂੰ ਸੰਬੋਧਨ ਕਰਨ ਜਾਂਦੇ ਹਨ, ਤਾਂ ਵੱਡੀ ਗਿਣਤੀ ਵਿਚ ਇਕੱਠੇ ਹੋਏ ਵਾਲੰਟੀਅਰ ਉਨ੍ਹਾਂ ਨੂੰ ਵੱਖਰੇ ਤੌਰ ‘ਤੇ ਮਿਲ ਕੇ ਪਾਰਟੀ ਉਮੀਦਵਾਰਾਂ ਨੂੰ ਬਦਲਣ ਲਈ ਅਪੀਲਾਂ ਕਰਦੇ ਹਨ। ਸਿਆਸੀ ਹਲਕਿਆਂ ਵਿਚ ਇਹ ਪ੍ਰਭਾਵ ਹੈ ਕਿ ਪਾਰਟੀ ਨੇ ਜੇਕਰ ਆਪਣਾ ਉਮੀਦਵਾਰ ਬਦਲਣ ਦੀ ਮੁਹਿੰਮ ਉਪਰ ਰੋਕ ਨਾ ਲਾਈ, ਤਾਂ ਇਸ ਨਾਲ ਆਪ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਅੱਜਕੱਲ੍ਹ ਮੈਂ ਪੰਜਾਬ ਵਿਚ ਗਿਆ ਹੋਇਆ ਹਾਂ, ਉੱਥੇ ਵੱਖ-ਵੱਖ ਲੋਕਾਂ ਨਾਲ ਹੋਈਆਂ ਮੁਲਾਕਾਤਾਂ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੇਤਾਵਾਂ ਨਾਲ ਹੋਈ ਗੱਲਬਾਤ ਤੋਂ ਇਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਹਨ ਕਿ ਚੋਣਾਂ ਤੋਂ ਪਹਿਲਾਂ ਪਾਰਟੀਆਂ ਅੰਦਰ ਮਚੀ ਹਲਚਲ ਨੇ ਸਾਰੀਆਂ ਹੀ ਸਿਆਸੀ ਧਿਰਾਂ ਨੂੰ ਹੇਠਾਂ ਤੋਂ ਉੱਪਰ ਤੱਕ ਪ੍ਰਭਾਵਿਤ ਕੀਤਾ ਹੋਇਆ ਹੈ। ਅਗਲੇ ਦਿਨਾਂ ਵਿਚ ਪੈਦਾ ਹੋਈ ਅਜਿਹੀ ਦੁਚਿੱਤੀ, ਬੇਵਿਸ਼ਵਾਸੀ ਅਤੇ ਉਲਝਣ ਨੂੰ ਇਹ ਪਾਰਟੀਆਂ ਕਿਸ ਤਰ੍ਹਾਂ ਹੱਲ ਕਰਦੀਆਂ ਹਨ, ਇਸ ਗੱਲ ਦਾ ਪ੍ਰਭਾਵ ਚੋਣ ਨਤੀਜਿਆਂ ਉਪਰ ਵੀ ਸਪੱਸ਼ਟ ਦਿਖਾਈ ਦੇਵੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

Read Full Article
    ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

Read Full Article
    ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

Read Full Article
    ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

Read Full Article
    ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

Read Full Article
    ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

Read Full Article
    ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

Read Full Article
    ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

Read Full Article
    ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

Read Full Article
    ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article
    ਐੱਚ-1ਬੀ ਦੀ ਮਿਆਦ ਨੂੰ ਨਵੇਂ ਨਿਯਮਾਂ ਤਹਿਤ ਘਟਾਇਆ

ਐੱਚ-1ਬੀ ਦੀ ਮਿਆਦ ਨੂੰ ਨਵੇਂ ਨਿਯਮਾਂ ਤਹਿਤ ਘਟਾਇਆ

Read Full Article
    ਅਮਰੀਕੀ ਸੈਨੇਟਰ ਵੱਲੋਂ ਟਰੰਪ ਤੋਂ ਚੀਨ ਨੂੰ ਮੁਦਰਾ ‘ਚ ਹੇਰ-ਫੇਰ ਕਰਨ ਵਾਲਾ ਦੇਸ਼ ਐਲਾਨਣ ਦੀ ਅਪੀਲ

ਅਮਰੀਕੀ ਸੈਨੇਟਰ ਵੱਲੋਂ ਟਰੰਪ ਤੋਂ ਚੀਨ ਨੂੰ ਮੁਦਰਾ ‘ਚ ਹੇਰ-ਫੇਰ ਕਰਨ ਵਾਲਾ ਦੇਸ਼ ਐਲਾਨਣ ਦੀ ਅਪੀਲ

Read Full Article
    ਟਰੰਪ ਦੇ ਮੁਰੀਦਾਂ ਲਈ ਬਣਾਏ ਗਏ ਨਵੇਂ ਡੇਟਿੰਗ ਐਪ ਉੱਤੇ ਪਹਿਲੇ ਦਿਨ ਹੀ ਡਾਟਾ ਲੀਕ

ਟਰੰਪ ਦੇ ਮੁਰੀਦਾਂ ਲਈ ਬਣਾਏ ਗਏ ਨਵੇਂ ਡੇਟਿੰਗ ਐਪ ਉੱਤੇ ਪਹਿਲੇ ਦਿਨ ਹੀ ਡਾਟਾ ਲੀਕ

Read Full Article