ਚੋਣਾਂ ਤੋਂ ਪਹਿਲਾਂ ਟਰੰਪ ਜਲਦਬਾਜ਼ੀ ‘ਚ ਕਿਸੇ ਵੀ ਕੋਰੋਨਾ ਵੈਕਸੀਨ ਨੂੰ ਕਰ ਸਕਦੇ ਨੇ ਪਾਸ; ਵਿਗਿਆਨੀਆਂ ਵੱਲੋਂ ਚਿੰਤਾ ਜ਼ਾਹਰ

134
Share

ਵਾਸ਼ਿੰਗਟਨ, 6 ਅਗਸਤ (ਪੰਜਾਬ ਮੇਲ)- ਇਕ ਸਫਲ ਕੋਰੋਨਾ ਵੈਕਸੀਨ ਹਾਸਲ ਕਰਨ ਲਈ ਅਮਰੀਕਾ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਡੋਨਲਡ ਟਰੰਪ ਦੀ ਸਰਕਾਰ ਨੇ ਜਲਦੀ ਨਾਲ ਕੋਰੋਨਾ ਵੈਕਸੀਨ ਬਣਾਉਣ ਲਈ ‘ਆਪਰੇਸ਼ਨ ਵਾਰਪ ਸਪੀਡ’ ਲਾਂਚ ਕੀਤਾ ਹੈ। ਅਮਰੀਕਾ ‘ਚ ਨਵੰਬਰ ਵਿਚ ਰਾਸ਼ਟਰਪਤੀ ਅਹੁਦੇ ਦੇ ਲਈ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ਵਿਚ ਕੁਝ ਵਿਗਿਆਨੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਸਰਕਾਰ ਚੋਣਾਂ ਤੋਂ ਠੀਕ ਪਹਿਲਾਂ ਜਲਦਬਾਜ਼ੀ ਵਿਚ ਕਿਸੇ ਵੀ ਕੋਰੋਨਾ ਵੈਕਸੀਨ ਨੂੰ ਪਾਸ ਕਰ ਸਕਦੀ ਹੈ।
‘ਨਿਊਯਾਰਕ ਟਾਈਮਜ਼’ ਦੀ ਰਿਪੋਰਟ ਦੇ ਮੁਤਾਬਕ, ਆਪਰੇਸ਼ਨ ਵਾਰਮ ਸਪੀਡ ਨਾਲ ਜੁੜੇ ਕੁਝ ਲੋਕ ਅਕਤੂਬਰ ਤੱਕ ਵੈਕਸੀਨ ਤਿਆਰ ਕਰਨ ਲਈ ਦਬਾਅ ਮਹਿਸੂਸ ਕਰ ਰਹੇ ਹਨ। ਰਿਪੋਰਟ ਵਿਚ ਵੀ ਕਿਹਾ ਗਿਆ ਹੈ ਕਿ ਸਰਕਾਰ ਦੇ ਨਾਲ ਕੰਮ ਕਰ ਰਹੇ ਖੋਜੀਆਂ ਨੂੰ ਡਰ ਹੈ ਕਿ ਆਉਣ ਵਾਲੇ ਮਹੀਨੇ ਵਿਚ ਸਰਕਾਰ ਵੈਕਸੀਨ ਤਿਆਰ ਕਰਨ ਦੇ ਕੰਮ ਵਿਚ ਦਖਲਅੰਦਾਜ਼ੀ ਕਰ ਸਕਦੀ ਹੈ। ਵੈਕਸੀਨ ਸਫਲ ਬਣਾਉਣ ਵਿਚ ਤੇਜ਼ੀ ਲਿਆਉਣ ਅਤੇ ਸੁਰੱਖਿਆ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਵਿਚਕਾਰ ਸੰਤੁਲਨ ਸਥਾਪਤ ਕਰਨ ਲਈ ਵਿਗਿਆਨੀ ਸੰਘਰਸ਼ ਕਰ ਰਹੇ ਹਨ।
ਰਿਪੋਰਟ ਦੇ ਮੁਤਾਬਕ ਜੇਕਰ ਰਾਜਨੀਤਕ ਸਰਗਰਮੀ ਨਾ ਹੋਵੇ ਤਾਂ ਵੀ ਵੈਕਸੀਨ ਟ੍ਰਾਇਲ ਵਿਚ ਤੇਜ਼ੀ ਲਿਆਉਣ ਅਤੇ ਪ੍ਰਵਾਨਗੀ ਦਿੱਤੇ ਜਾਣ ਸਬੰਧੀ ਕਾਫੀ ਡਿਬੇਟ ਹੋ ਸਕਦੀਆਂ ਹਨ। ਕਿਉਂਕਿ ਕਿਸੇ ਵੈਕਸੀਨ ਦਾ ਟੈਸਟ ਜਿੰਨਾ ਲੰਬਾ ਚੱਲਦਾ ਹੈ ਉਸ ਦੇ ਸੁਰੱਖਿਅਤ ਅਤੇ ਪ੍ਰਭਾਵੀ ਹੋਣ ਦੀ ਸੰਭਾਵਨਾ ਓਨੀ ਵੱਧ ਹੁੰਦੀ ਹੈ ਪਰ ਦੇਸ਼ ਵਿਚ ਕੋਰੋਨਾ ਨਾਲ ਰੋਜ਼ ਹੋ ਰਹੀਆਂ ਸੈਂਕੜੇ ਮੌਤਾਂ ਸਬੰਧੀ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ ਕਿ ਵੈਕਸੀਨ ਨੂੰ ਕਦੋਂ ਆਮ ਲੋਕਾਂ ਦੇ ਲਈ ਉਪਲੱਬਧ ਕਰ ਦੇਣਾ ਚਾਹੀਦਾ ਹੈ। ਇਥੇ ਦੱਸ ਦਈਏ ਕਿ ਅਧਿਕਾਰਤ ਤੌਰ ‘ਤੇ ਅਮਰੀਕਾ ਨੇ ਵੈਕਸੀਨ ਟ੍ਰਾਇਲ ਪੂਰਾ ਕਰਨ ਲਈ ਅਕਤਬੂਰ ਤੱਕ ਦੀ ਸਮਾਂ-ਹੱਦ ਤੈਅ ਕੀਤੀ ਸੀ ਪਰ ਅਮਰੀਕੀ ਸਰਕਾਰ ਨਾਲ ਜੁੜੇ ਅਧਿਕਾਰੀ ਹੁਣ ਸਾਲ ਦੇ ਅਖੀਰ ਤੱਕ ਵੈਕਸੀਨ ਦਾ ਟ੍ਰਾਇਲ ਪੂਰਾ ਹੋਣ ਦੀ ਗੱਲ ਕਰ ਰਹੇ ਹਨ।
ਸਰਕਾਰ ਨਾਲ ਜੁੜੇ ਮਾਹਿਰਾਂ ਨੂੰ ਡਰ ਹੈ ਕਿ ਵ੍ਹਾਈਟ ਹਾਊਸ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ‘ਤੇ ਬੇਲੋੜੇ ਡਾਟਾ ਦੇ ਆਧਾਰ ‘ਤੇ ਹੀ ਐਮਰਜੈਂਸੀ ਮਨਜ਼ੂਰੀ ਦੇਣ ਦਾ ਦਬਾਅ ਬਣਾ ਸਕਦਾ ਹੈ। ਫ਼ਡਾ ਦੀ ਵੈਕਸੀਨ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਡਾਕਟਰ ਪਾਲ ਏ. ਆਫਿਟ ਨੇ ਕਿਹਾ ਕਿ ਪ੍ਰਕਿਰਿਆ ਵਿਚ ਸ਼ਾਮਲ ਕਾਫੀ ਲੋਕ ਘਬਰਾਏ ਹੋਏ ਹਨ ਕੀ ਐੱਫ. ਡੀ. ਏ. ਆਪਰੇਸ਼ਨ ਵਾਰਪ ਸਪੀਡ ਦੀ ਇਕ, ਦੋ ਜਾਂ ਤਿੰਨ ਵੈਕਸੀਨ ਨੂੰ ਲੈ ਕੇ ਐਲਾਨ ਕਰ ਦੇਵੇਗਾ ਕਿ ਇਨ੍ਹਾਂ ਦਾ ਟੈਸਟ ਹਜ਼ਾਰਾਂ ਲੋਕਾਂ ‘ਤੇ ਕਰ ਲਿਆ ਗਿਆ ਹੈ। ਇਹ ਸੁਰੱਖਿਅਤ ਜਾਪਦੀ ਹੈ ਅਤੇ ਹੁਣ ਅਸੀਂ ਇਸ ਨੂੰ ਲੋਕਾਂ ਲਈ ਉਪਲਬਧ ਕਰਾਉਣ ਜਾ ਰਹੇ ਹਾਂ।


Share