ਚੀਨ ਦਾ ਐਲਾਨ; ਕੋਰੋਨਾ ਵੈਕਸੀਨ ਆਖਰੀ ਪੜਾਅ ‘ਤੇ, ਨਵੰਬਰ ‘ਚ ਆਮ ਲੋਕਾਂ ਲਈ ਹੋਵੇਗੀ ਉਪਲਬੱਧ

135
Share

ਇਕ ਲੱਖ ਲੋਕਾਂ ‘ਤੇ ਰਿਹਾ ਸਫਲ ਪਰੀਖਣ
ਬੀਜਿੰਗ, 15 ਸਤੰਬਰ (ਪੰਜਾਬ ਮੇਲ)-ਦੁਨੀਆ ਭਰ ਵਿਚ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਚੀਨ ਨੇ ਕਿਹਾ ਹੈ ਕਿ ਕੋਰੋਨਾ ਇਨਫੈਕਸ਼ਨ ਤੋਂ ਬਚਣ ਲਈ ਬਣਾਈ ਜਾ ਰਹੀ ਉਸ ਦੀ ਵੈਕਸੀਨ ਆਖਰੀ ਪੜਾਅ ਵਿਚ ਹੈ। ਇਹ ਨਵੰਬਰ ਵਿਚ ਆਮ ਲੋਕਾਂ ਦੇ ਲਈ ਉਪਲਬਧ ਕਰਾ ਦਿੱਤੀ ਜਾਵੇਗੀ। ਚਾਈਨਾ ਸੈਂਟਰ ਫੌਰ ਡਿਜੀਜ਼ ਕੰਟਰੋਲ (ਸੀ.ਡੀ.ਸੀ.) ਨੇ ਇਕ ਬਿਆਨ ਜਾਰੀ ਕਰਕੇ ਸੋਮਵਾਰ ਨੂੰ ਕਿਹਾ ਕਿ ਅਸੀਂ ਸਫਲਤਾ ਦੇ ਬਹੁਤ ਨੇੜੇ ਹਾਂ ਅਤੇ ਨਵੰਬਰ ਦੇ ਸ਼ੁਰੂਆਤੀ ਹਫਤਿਆਂ ‘ਚ ਹੀ ਆਮ ਲੋਕਾਂ ਨੂੰ ਕੋਰੋਨਾ ਵੈਕਸੀਨ ਮਿਲਣ ਲੱਗੇਗੀ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਚੀਨ ਦੀ ਵੈਕਸੀਨ ਇਕ ਲੱਖ ਲੋਕਾਂ ‘ਤੇ ਪ੍ਰੀਖਣ ਦੇ ਬਾਅਦ ਵੀ ਸੁਰੱਖਿਅਤ ਸਾਬਤ ਹੋਈ ਹੈ।
ਚੀਨ ਨੇ ਦੱਸਿਆ ਹੈ ਕਿ ਉਸ ਦੇ ਇੱਥੇ ਵਿਕਸਿਤ ਕੀਤੀ ਜਾ ਰਹੀਆਂ ਤਿੰਨ ਵੈਕਸੀਨ ਅਜਿਹੀਆਂ ਹਨ, ਜੋ ਕਿ ਆਪਣੇ ਆਖਰੀ ਪੜਾਅ ‘ਚ ਹਨ। ਨਾਲ ਹੀ ਇਨ੍ਹਾਂ ਦੀ ਟੈਸਟਿੰਗ ਦੇ ਨਤੀਜੇ ਵੀ ਕਾਫੀ ਪ੍ਰਭਾਵਸ਼ਾਲੀ ਹਨ। ਇਨ੍ਹਾਂ ਤਿੰਨਾਂ ਦਾ ਹੀ ਮੁੱਢਲੀਆਂ ਸਹੂਲਤਾਂ ਨਾਲ ਜੁੜੇ ਲੋਕਾਂ ‘ਤੇ ਪ੍ਰੀਖਣ ਕੀਤਾ ਜਾ ਚੁੱਕਾ ਹੈ ਅਤੇ ਇਹ ਸਫਲ ਸਾਬਤ ਹੋਈਆਂ ਹਨ। ਇਨ੍ਹਾਂ ਵੈਕਸੀਨ ਨੂੰ ਫੇਜ਼-3 ਮਨੁੱਖੀ ਟ੍ਰਾਇਲ ਤੋਂ ਪਹਿਲਾਂ ਜੁਲਾਈ ਵਿਚ ਹੀ ਕਈ ਐਸੋਸੀਏਸ਼ਨ ਵਰਕਰਾਂ ‘ਤੇ ਅਜਮਾ ਕੇ ਦੇਖਿਆ ਜਾ ਚੁੱਕਾ ਹੈ। ਸੀ.ਡੀ.ਸੀ. ਚੀਫ ਗੁਈਝੇਨ ਯੂ ਨੇ ਦੱਸਿਆ ਕਿ ਨਵੰਬਰ ‘ਚ ਇਹ ਵੈਕਸੀਨ ਆਮ ਜਨਤਾ ਦੇ ਹੱਥਾਂ ਵਿਚ ਹੋਵੇਗੀ। ਯੂ ਨੇ ਕਿਹਾ ਕਿ ਮੈਂ ਖੁਦ ਵੈਕਸੀਨ ਲਈ ਹੈ ਅਤੇ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਜਾਂ ਅਸਾਧਾਰਨ ਲੱਛਣ ਮਹਿਸੂਸ ਨਹੀਂ ਕਰ ਰਹੀ। ਇਹ ਵੈਕਸੀਨ ਚਾਈਨਾ ਨੈਸ਼ਨਲ ਫਾਰਮਾਸੂਟੀਕਲ ਗਰੁੱਪ (Sinopharm) ਅਤੇ ਸਿਨੋਵੈਕ ਬਾਇਓਟੇਕ ਨੇ ਮਿਲ ਕੇ ਤਿਆਰ ਕੀਤੀ ਹੈ।
ਚਾਈਨਾ ਨੈਸ਼ਨਲ ਬਾਇਓਟੇਕ ਗਰੁੱਪ ਨੇ ਆਪਣੀ ਕੋਰੋਨਾਵਾਇਰਸ ਵੈਕਸੀਨ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਦੱਸਿਆ ਹੈ। ਕੰਪਨੀ ਨੇ ਇਕ ਬਿਆਨ ‘ਚ ਕਿਹਾ ਕਿ ਹੁਣ ਤੱਕ ਜਿਹੜੇ ਲੋਕਾਂ ਨੂੰ ਇਸ ਵੈਕਸੀਨ ਦੇ ਦੋਵੇਂ ਟੀਕੇ ਲਗਾਏ ਜਾ ਚੁੱਕੇ ਹਨ, ਉਨ੍ਹਾਂ ਵਿਚ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਦਿੱਸਿਆ ਹੈ। ਕੰਪਨੀ ਨੇ ਆਪਣੇ ਅਧਿਕਾਰਤ ਵੀਚੈਟ ਅਕਾਊਂਟ ‘ਤੇ ਕਿਹਾ ਕਿ ਹੁਣ ਤੱਕ ਇਸ ਵੈਕਸੀਨ ਦੀ ਡੋਜ਼ ਲੱਗਭਗ 1 ਲੱਖ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। ਚੀਨ ਨੇ ਤੁਰੰਤ ਵਰਤੋਂ ਦੇ ਲਈ ਕੋਰੋਨਾਵਾਇਰਸ ਦੇ ਤਿੰਨ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿਚ ਦੋ ਨੂੰ ਚਾਈਨਾ ਨੈਸ਼ਨਲ ਬਾਇਓਟੇਕ ਗਰੁੱਪ (ਸੀ.ਐੱਨ.ਬੀ.ਜੀ.) ਨੇ ਵਿਕਸਿਤ ਕੀਤਾ ਹੈ।


Share