ਜਲੰਧਰ , 19 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜਿਥੇ ਇਸ ਨੇ ਹੋਰ ਦੇਸ਼ ਪ੍ਰਭਾਵਿਤ ਕੀਤੇ, ਉਥੇ ਹੀ ਚੀਨ ਤੋਂ ਬਾਅਦ ਇਟਲੀ ਵਿਚ ਭਿਆਨਕ ਰੂਪ ਧਾਰਣ ਕਰ ਲਿਆ ਹੈ। ਅਮਰੀਕੀ ਵੈੱਬਸਾਈਟ ਵਰਲਡ ਓ ਮੀਟਰ ਦੀ ਤਾਜ਼ਾ ਜਾਣਕਾਰੀ ਮੁਤਾਬਕ ਇਟਲੀ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਚੀਨ ਤੋਂ ਵਧ ਹੋ ਗਈ ਹੈ। ਉਥੇ ਹੀ ਅੱਜ ਵਾਇਰਸ ਨਾਲ 427 ਹੋਰ ਮੌਤਾਂ ਹੋ ਗਈਆਂ ਹਨ। ਜਿਸ ਨਾਲ ਇਹ ਅੰਕਡ਼ਾ 3405 ਤੱਕ ਪਹੁੰਚ ਗਿਆ ਹੈ।
ਅੱਜ ਦਾ ਇਹ ਅੰਕਡ਼ਾ ਸਾਹਮਣੇ ਆਉਣ ਤੋਂ ਬਾਅਦਇਟਲੀ ਮੌਤਾਂ ਦੇ ਅੰਕਡ਼ੇ ਵਿਚ ਚੀਨ ਨੂੰ ਵੀ ਪਿੱਛੇ ਛੱਡ ਗਿਆ ਹੈ। ਇਟਲੀ ਵਿਚ 41035 ਪਿੱਛੇ 3405 ਮੌਤਾਂ ਦਾ ਅੰਕਡ਼ਾ ਦਰਜ ਕੀਤਾ ਗਿਆ ਹੈ, ਉਥੇ ਹੀ ਚੀਨ ਵਿਚ ਇਨਫੈਕਟਡ 80928 ਮਾਮਲਿਆਂ ਪਿੱਛੇ 3245 ਮੌਤਾਂ ਹੋਈਆਂ ਹਨ। ਜਿਸ ਕਾਰਨ ਕੋਰੋਨਾਵਾਇਰਸ ਕਾਰਨ ਇਟਲੀ ਵਿਚ ਮੌਤਾਂ ਦਾ ਅੰਕਡ਼ਾ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ।
ਦੱਸ ਦਈਏ ਕਿ ਸ਼ੁਰੂਆਤ ਵਿਚ ਜਿਥੇ ਚੀਨ ਵਿਚ ਲਗਾਤਾਰ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ, ਉਥੇ ਹੀ ਹੁਣ ਚੀਨ ਵਿਚ ਪੀਡ਼ਤ ਅਤੇ ਮੌਤਾਂ ਦਾ ਮਾਮਲੇ ਘੱਟ ਰਹੇ ਹਨ। ਪਰ ਉਥੇ ਹੀ ਪਿਛਲੇ ਕਈ ਦਿਨਾਂ ਲਗਾਤਾਰ ਇਟਲੀ ਵਿਚ ਮੌਤਾਂ ਦਾ ਅੰਕਡ਼ਾ 300 ਤੋਂ ਜ਼ਿਆਦਾ ਤੱਕ ਦਾ ਜਾ ਰਿਹਾ ਹੈ। ਬੀਤੇ ਦਿਨੀਂ ਜਿਥੇ ਇਟਲੀ ਵਿਚ 475 ਮੌਤਾਂ ਹੋ ਗਈਆਂ ਸਨ, ਜਿਹਡ਼ੀਆਂ ਕਿ ਰਿਕਾਰਡ ਦਰਜ ਕੀਤੀਆ ਗਈਆਂ ਅਤੇ ਜਿਸ ਨਾਲ ਮੌਤਾਂ ਦਾ ਅੰਕਡ਼ਾ 2978 ਤੱਕ ਪਹੁੰਚ ਗਿਆ ਸੀ। ਦੱਸ ਦਈਏ ਕਿ ਹੁਣ ਤੱਕ ਇਟਲੀ ਵਿਚ 41035 ਲੋਕ ਇਨਫੈਕਸ਼ਨ ਤੋਂ ਪੀਡ਼ਤ ਪਾਏ ਗਏ ਹਨ ਅਤੇ ਜਿਨ੍ਹਾਂ ਵਿਚੋਂ 4440 ਮਾਮਲੇ ਠੀਕ ਹੋ ਚੁੱਕੇ ਹਨ।