ਚੀਨ ਤੇ ਭਾਰਤ ਨੂੰ ਸਰਹੱਦੀ ਮੁੱਦਾ ਸੁਲਝਾਉਣ ਲਈ ਆਪਸੀ ‘ਸ਼ੱਕ’ ਕਰਨਾ ਛੱਡ ਸੁਖਾਵਾਂ ਮਾਹੌਲ ਬਣਾਉਣ : ਚੀਨੀ ਵਿਦੇਸ਼ ਮੰਤਰੀ

113
Share

ਪੇਈਚਿੰਗ, 7 ਮਾਰਚ (ਪੰਜਾਬ ਮੇਲ)- ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਅੱਜ ਕਿਹਾ ਕਿ ਚੀਨ ਅਤੇ ਭਾਰਤ ਨੂੰ ਸਰਹੱਦੀ ਮੁੱਦਾ ਸੁਲਝਾਉਣ ਲਈ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਅਤੇ ਆਪਸੀ ‘ਸ਼ੱਕ’ ਕਰਨਾ ਛੱਡ ਦੇਣਾ ਚਾਹੀਦਾ ਅਤੇ ਦੁਵੱਲਾ ਸਹਿਯੋਗ ਵਧਾ ਕੇ ਸੁਖਾਵਾਂ ਮਾਹੌਲ ਬਣਾਉਣਾ ਚਾਹੀਦਾ ਹੈ। ਵਾਂਗ ਨੇ ਕਿਹਾ ਕਿ ਭਾਰਤ-ਚੀਨ ਦਰਮਿਆਨ ਸਬੰਧਾਂ ਲਈ ਸਰਹੱਦੀ ਵਿਵਾਦ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਦੋਸਤ ਅਤੇ ਭਾਈਵਾਲ ਹਨ, ਪਰ ਉਨ੍ਹਾਂ ਨੂੰ ਇੱਕ-ਦੂਜੇ ’ਤੇ ਸ਼ੱਕ ਕਰਨਾ ਛੱਡ ਦੇਣਾ ਚਾਹੀਦਾ ਹੈ। ਵਾਂਗ ਨੂੰ ਪੂਰਬੀ ਲੱਦਾਖ ਵਿਚ ਸਰਹੱਦ ’ਤੇ ਤਣਾਅ ਮਗਰੋਂ ਭਾਰਤ-ਚੀਨ ਸਬੰਧਾਂ ਦੀ ਮੌਜੂਦਾ ਸਥਿਤੀ ਅਤੇ ਸਬੰਧਾਂ ਦੇ ਅੱਗੇ ਵਧਣ ਪ੍ਰਤੀ ਚੀਨ ਦੇ ਨਜ਼ਰੀਏ ਬਾਰੇ ਪੁੱਛਿਆ ਗਿਆ ਸੀ। ਸਾਲਾਨਾ ਪ੍ਰੈੱਸ ਕਾਨਫਰੰਸ ਦੌਰਾਨ ਇਸ ਸਵਾਲ ਦੇ ਜਵਾਬ ਵਿਚ ਵਾਂਗ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਦੋਵੇਂ ਦੇਸ਼ ਆਪਣੇ ਵਿਵਾਦਾਂ ਨੂੰ ਹੱਲ ਕਰਨ ਅਤੇ ਦੁਵੱਲੇ ਸਹਿਯੋਗ ਨੂੰ ਵਧਾਉਣ। ਉਨ੍ਹਾਂ ਕਿਹਾ, ‘‘ਸਰਹੱਦੀ ਵਿਵਾਦ, ਇਤਿਹਾਸ ਦੀ ਦੇਣ ਹੈ, ਇਹ ਚੀਨ-ਭਾਰਤ ਰਿਸ਼ਤਿਆਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੈ।’’

Share