ਚੀਨੀ ਹੈਕਰਾਂ ਵੱਲੋਂ ਪੂਰੇ ਅਮਰੀਕਾ ’ਚ 30 ਹਜ਼ਾਰ ਕੰਪਨੀਆਂ ਨੂੰ ਬਣਾਇਆ ਨਿਸ਼ਾਨਾ

80
Share

ਸਾਨ ਫਰਾਂਸਿਸਕੋ, 7 ਮਾਰਚ (ਪੰਜਾਬ ਮੇਲ)- ਸੋਲਰਵਿੰਡਸ ਤੋਂ ਬਾਅਦ ਹੋਏ ਇਕ ਹੋਰ ਵੱਡੇ ਸਾਈਬਰ ਹਮਲੇ ’ਚ ਚੀਨੀ ਹੈਕਰਾਂ ਨੇ ਪੂਰੇ ਅਮਰੀਕਾ ’ਚ ਘੱਟ ਤੋਂ ਘੱਟ 30,000 ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਕੰਪਨੀਆਂ ’ਚ ਸਰਕਾਰੀ ਅਤੇ ਕਮਰਸ਼ੀਅਲ ਕੰਪਨੀਆਂ ਵੀ ਹਨ। ਹੈਕਰਾਂ ਨੇ ਇਨ੍ਹਾਂ ਕੰਪਨੀਆਂ ਦੇ ਨੈੱਟਵਰਕ ’ਚ ਸੰਨ੍ਹਮਾਰੀ ਕਰਨ ਲਈ ਮਾਈਕ੍ਰੋਸਾਫਟ ਐਕਸਚੇਂਜ ਸਰਵਰ ਸਾਫਟਵੇਅਰ ਦਾ ਇਸਤੇਮਾਲ ਕੀਤਾ। ਚੀਨ ਸਥਿਤ ਜਾਸੂਸੀ ਸਮੂਹ ਨੇ ਮਾਈਕ੍ਰੋਸਾਫਟ ਐਕਸਚੇਂਜ ਸਰਵਰ ਈ-ਮੇਲ ਸਾਫਟਵੇਅਰ ’ਚ 4 ਕਮਜ਼ੋਰੀਆਂ ਦਾ ਫਾਇਦਾ ਉਠਾਇਆ।
ਇਨ੍ਹਾਂ ਕਮਜ਼ੋਰੀਆਂ ਕਾਰਣ ਹੈਕਰਾਂ ਨੇ ਉਨ੍ਹਾਂ ਕੰਪਨੀਆਂ ਦੇ ਈ-ਮੇਲ ਅਕਾਊਂਟਸ ਤੱਕ ਆਪਣੀ ਪਹੁੰਚ ਬਣਾ ਲਈ ਅਤੇ ਉਹ ਮੈਲਵੇਅਰ ਸਥਾਪਿਤ ਕਰਨ ’ਚ ਸਫਲ ਵੀ ਹੋ ਗਏ। ਮਾਈਕ੍ਰੋਸਾਫਟ ਨੇ ਹਾਲਾਂਕਿ ਚੀਨ ਸਥਿਤ ਹੈਕਰਾਂ ਬਾਰੇ ਦੱਸਿਆ ਸੀ ਪਰ ਉਸ ਪੈਮਾਨੇ ਨੂੰ ਪ੍ਰਗਟ ਨਹੀਂ ਕੀਤਾ ਸੀ, ਜਿਸ ’ਤੇ ਹਜ਼ਾਰਾਂ ਸੰਗਠਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਸਾਈਬਰ ਅਟੈਕ ’ਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੂੰ ਜਾਣਕਾਰੀ ਦੇਣ ਵਾਲੇ ਦੋ ਸਾਈਬਰ ਸੁਰੱਖਿਆ ਮਾਹਰਾਂ ਨੇ ਦੱਸਿਆ ਕਿ ਚੀਨੀ ਹੈਕਿੰਗ ਗਰੁੱਪ ਨੇ ਦੁਨੀਆਂ ਭਰ ’ਚ ਮਾਈਕ੍ਰੋਸਾਫਟ ਦੇ ਹਜ਼ਾਰਾਂ ਐਕਸਚੇਂਜ ਸਰਵਰ ’ਤੇ ਕੰਟਰੋਲ ਕਰ ਲਿਆ ਹੈ। ਵ੍ਹਾਈਟ ਹਾਊਸ ਨੇ ਕਿਹਾ ਸੀ ਕਿ 9 ਸੰਘੀ ਏਜੰਸੀਆਂ ਅਤੇ ਲਗਭਗ 100 ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਸੋਲਰਵਿੰਡਸ ਹੈਂਕਿੰਗ ਦੇ ਨਤੀਜੇ ਵਜੋਂ ਨਿਸ਼ਾਨਾ ਬਣਾਇਆ ਗਿਆ ਸੀ।
ਐਕਸਚੇਂਜ ਸਰਵਰ ਮੁੱਖ ਤੌਰ ’ਤੇ ਕਾਰੋਬਾਰੀ ਗਾਹਕਾਂ ਵਲੋਂ ਵਰਤਿਆ ਜਾਂਦਾ ਹੈ। ਮਾਈਕ੍ਰੋਸਾਫਟ ਨੇ ਕਮਜ਼ੋਰੀਆਂ ਨੂੰ ਠੀਕ ਕਰਨ ਲਈ ਕਈ ਸੁਰੱਖਿਆ ਅਪਡੇਟ ਜਾਰੀ ਕੀਤੇ ਹਨ। ਇਸ ਨੇ ਆਪਣੇ ਗਾਹਕਾਂ ਨੂੰ ਤੁਰੰਤ ਇਨ੍ਹਾਂ ਨੂੰ ਇੰਸਟਾਲ ਕਰਨ ਦੀ ਵੀ ਸਲਾਹ ਦਿੱਤੀ ਹੈ।

Share