ਵਾਸ਼ਿੰਗਟਨ, 30 ਮਈ (ਪੰਜਾਬ ਮੇਲ)- ਮੌਜੂਦਾ ਸਮੇਂ ਵਿਚ ਜਿੱਥੇ ਹਾਲੇ ਦੁਨੀਆਂ ਕੋਰੋਨਾਵਾਇਰਸ ਮਹਾਮਾਰੀ ਦੀ ਚਪੇਟ ਵਿਚੋਂ ਬਾਹਰ ਨਹੀਂ ਨਿਕਲ ਪਾਈ ਹੈ, ਉੱਥੇ ਅਮਰੀਕਾ ਦੇ ਇਕ ਮਸ਼ਹੂਰ ਵਿਗਿਆਨੀ ਨੇ ਹੈਰਾਨ ਕਰ ਦੇਣ ਵਾਲੀ ਚਿਤਾਵਨੀ ਦਿੱਤੀ ਹੈ। ਅਮਰੀਕੀ ਵਿਗਿਆਨੀ ਮਾਈਕਲ ਗ੍ਰੇਗਰ ਨੇ ਦੁਨੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਚਿਕਨ ਫਾਰਮਾਂ ਤੋਂ ਅਜਿਹੇ ਵਾਇਰਸ ਨਿਕਲ ਸਕਦੇ ਹਨ, ਜਿਸ ਨਾਲ ਕੋਰੋਨਾਵਾਇਰਸ ਨਾਲੋਂ ਵੀ ਵੱਡੀ ਮਹਾਮਾਰੀ ਪੈਦਾ ਹੋ ਸਕਦੀ ਹੈ।
ਇਨਸਾਨਾਂ ਨੂੰ ਸਿਰਫ ਸ਼ਾਕਾਹਾਰੀ ਭੋਜਨ ਖਾਣ ਦੀ ਸਲਾਹ ਦੇਣ ਵਾਲੇ ਮਾਈਕਲ ਗ੍ਰੇਗਰ ਨੇ ਆਪਣੀ ਨਵੀਂ ਕਿਤਾਬ ‘How To Survive A Pandemic’ ਮਤਲਬ ‘ਮਹਾਮਾਰੀ ਦੇ ਦੌਰਾਨ ਖੁਦ ਨੂੰ ਕਿਵੇਂ ਬਚਾਈਏ’ ਵਿਚ ਕਿਹਾ ਹੈ ਕਿ ਵੱਡੇ ਪੱਧਰ ‘ਤੇ ਚਿਕਨ ਫਾਰਮਿੰਗ ਹੋਣ ਨਾਲ ਖਤਰਾ ਵੱਧ ਗਿਆ ਹੈ। ਗ੍ਰੇਗਰ ਦਾ ਕਹਿਣਾ ਹੈ ਕਿ ਚਿਕਨ ਫਾਰਮਾਂ ਤੋਂ ਨਿਕਲਣ ਵਾਲਾ ਵਾਇਰਸ ਇੰਨਾ ਖਤਰਨਾਕ ਹੋ ਸਕਦਾ ਹੈ ਕਿ ਇਸ ਨਾਲ ਅੱਧੀ ਦੁਨੀਆਂ ਨੂੰ ਖਤਰਾ ਹੋ ਸਕਦਾ ਹੈ। ਭਾਵੇਂਕਿ ਮਾਈਕਲ ਗ੍ਰੇਗਰ ਦੀ ‘ਭਵਿੱਖਬਾਣੀ’ ਨਾਲ ਸਬੰਧਤ ਕੋਈ ਸਬੂਤ ਸਾਹਮਣੇ ਨਹੀਂ ਆਏ ਹਨ ਅਤੇ ਨਾ ਹੀ ਕਿਸੇ ਹੋਰ ਵਿਗਿਆਨੀ ਨੇ ਉਨ੍ਹਾਂ ਦੇ ਦਾਅਵੇ ਦੀ ਪੁਸ਼ਟੀ ਕੀਤੀ ਹੈ ਪਰ ਮਾਈਕਲ ਗ੍ਰੇਗਰ ਦਾ ਕਹਿਣਾ ਹੈ ਕਿ ਇਨਸਾਨਾਂ ਦਾ ਜੀਵਾਂ ਨਾਲ ਨੇੜਲਾ ਸੰਬੰਧ ਹੀ ਉਨ੍ਹਾਂ ਦੀ ਜ਼ਿੰਦਗੀ ਦੇ ਲਈ ਖਤਰਾ ਪੈਦਾ ਕਰ ਰਿਹਾ ਹੈ।
ਹੁਣ ਤੱਕ ਦੀ ਜਾਣਕਾਰੀ ਦੇ ਆਧਾਰ ‘ਤੇ ਅਜਿਹਾ ਸਮਝਿਆ ਜਾਂਦਾ ਹੈ ਕਿ ਕੋਰੋਨਾਵਾਇਰਸ ਚਮਗਾਦੜ ਜਾਂ ਕਿਸੇ ਹੋਰ ਜੀਵ ਤੋਂ ਇਨਸਾਨ ਵਿਚ ਫੈਲਿਆ। ਇਸ ਦੇ ਲਈ ਚੀਨ ਦੇ ਵੁਹਾਨ ਸਥਿਤ ਜੀਵਾਂ ਦੀ ਮਾਰਕੀਟ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਅਮਰੀਕੀ ਵਿਗਿਆਨੀ ਮਾਈਕਲ ਗ੍ਰੇਗਰ ਦਾ ਦਾਅਵਾ ਹੈ, ”ਚਿਕਨ ਫਾਰਮ ਤੋਂ ਨਿਕਲਣ ਵਾਲੇ ਵਾਇਰਸ ਤੋਂ ਹੋਣ ਵਾਲਾ ਖਤਰਾ, ਕੋਰੋਨਾ ਨਾਲੋਂ ਕਿਤੇ ਜ਼ਿਆਦਾ ਵੱਡਾ ਹੋਵੇਗਾ ਅਤੇ ਇਸ ਨਾਲ ਅੱਧੀ ਆਬਾਦੀ ਖਤਮ ਹੋ ਸਕਦੀ ਹੈ।” ਗ੍ਰੇਗਰ ਦਾ ਕਹਿਣਾ ਹੈਕਿ ਮੀਟ ਖਾਣ ਕਾਰਨ ਇਨਸਾਨ ਮਹਾਮਾਰੀ ਨੂੰ ਲੈ ਕੇ ਦਹਿਸ਼ਤ ਵਿਚ ਹੈ।
ਭਾਵੇਂਕਿ ਚਿਕਨ ਨਾਲ ਵਾਇਰਸ ਫੈਲਣ ਦੇ ਖਤਰੇ ਦੇ ਬਾਰੇ ਵਿਚ ਦੁਨੀਆ ਦੇ ਹੋਰ ਵਿਗਿਆਨੀਆਂ ਨੇ ਪੁਸ਼ਟੀ ਨਹੀਂ ਕੀਤੀ ਹੈ ਪਰ ਕੋਰੋਨਾ ਫੈਲਣ ਦੇ ਬਾਅਦ ਕਈ ਦੇਸ਼ਾਂ ਦੇ ਮਾਹਰ ਦੁਨੀਆ ਭਰ ਵਿਚ ਵਿਭਿੰਨ ਜੰਗਲੀ ਜੀਵਾਂ ਦੀ ਮਾਰਕੀਟ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ। ਕਈ ਦੇਸ਼ਾਂ ਨੇ ਚੀਨ ਨੂੰ ਵੀ ਮੰਗ ਕੀਤੀ ਹੈ ਕਿ ਉਹ ਜੰਗਲੀ ਜੀਵਾਂ ਦੀ ਮਾਰਕੀਟ ਬੰਦ ਕਰ ਦੇਵੇ। ਉੱਥੇ ਮਾਈਕਲ ਗ੍ਰੇਗਰ ਦਾ ਨਵੀਂ ਮਹਾਮਾਰੀ ਪੈਦਾ ਹੋਣ ਦੇ ਖਤਰੇ ਸੰਬੰਧੀ ਕਹਿਣਾ ਹੈਕਿ ਸਵਾਲ ਇਹ ਨਹੀਂ ਹੈ ਕਿ ‘ਜੇਕਰ’ ਅਜਿਹਾ ਹੋਇਆ, ਸਵਾਲ ਸਿਰਫ ਇਹ ਹੈ ਕਿ ਅਜਿਹਾ ‘ਕਦੋਂ’ ਹੋਵੇਗਾ।