ਗੋਲ਼ੀਕਾਂਡ ਮਾਮਲਾ: ਨਵੀਂ ਗਠਿਤ ‘ਸਿੱਟ’ ਦੀ ਸਮਾਂ-ਸੀਮਾ ਸਬੰਧੀ ਆਲੋਚਨਾ ’ਤੇ ਪੰਜਾਬ ਸਰਕਾਰ ਵਲੋਂ ਸਪੱਸ਼ਟੀਕਰਨ

233
Share

ਚੰਡੀਗੜ੍ਹ, 10 ਮਈ (ਪੰਜਾਬ ਮੇਲ)- ਨਵੀਂ ਐੱਸ.ਆਈ.ਟੀ. ਦੀ ਸਮਾਂ ਸੀਮਾ ਨੂੰ ਲੈ ਕੇ ਉਠ ਰਹੇ ਸਵਾਲਾਂ ਦਰਮਿਆਨ ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਐੱਸ.ਆਈ.ਟੀ. 6 ਮਹੀਨਿਆਂ ਤੋਂ ਪਹਿਲਾਂ ਵੀ ਜਾਂਚ ਮੁਕੰਮਲ ਕਰਨ ਲਈ ਸੁਤੰਤਰ ਹੈ। ਸਰਕਾਰ ਦੀ 6 ਮਹੀਨਿਆਂ ਦੀ ਸਮਾਂ-ਸੀਮਾ ਸਬੰਧੀ ਆਲੋਚਨਾ ਕੀਤੇ ਜਾਣ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਸੂਬਾ ਸਰਕਾਰ ਦੇ ਨੋਟੀਫਿਕੇਸ਼ਨ ਅਤੇ ਇਰਾਦੇ ਨੂੰ ਕੁਝ ਸ਼ਰਾਰਤੀ ਅਨਸਰਾਂ ਵਲੋਂ ਆਪਣੀ ਸੌੜੀ ਰਾਜਨੀਤਕ ਹਿੱਤਾਂ ਲਈ ਗਲਤ ਅਤੇ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ।
ਐੱਸ.ਆਈ.ਟੀ. ਦੇ ਗਠਿਤ ਹੋਣ ਤੋਂ ਇਕ ਦਿਨ ਬਾਅਦ ਹੀ ਮੈਂਬਰਾਂ ਨੇ 8 ਮਈ ਨੂੰ ਆਪਣੀ ਪਹਿਲੀ ਮੀਟਿੰਗ ਕੀਤੀ ਅਤੇ ਫਰੀਦਕੋਟ ਅਦਾਲਤ ਕੇਸ ਦੀ ਫਾਈਲ ਅਤੇ ਹੋਰ ਸਬੰਧਿਤ ਰਿਕਾਰਡ ਤਲਬ ਕਰ ਕੇ ਜਾਂਚ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਬੁਲਾਰੇ ਨੇ ਕਿਹਾ ਕਿ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਮੁਕੰਮਲ ਕਰਨ ਲਈ ਨਵੀਂ ਐੱਸ.ਆਈ.ਟੀ. ਲਈ 6 ਮਹੀਨੇ ਦਾ ਸਮਾਂ ਸੂਬਾ ਸਰਕਾਰ ਨੇ ਨਹੀਂ, ਸਗੋਂ ਹਾਈ ਕੋਰਟ ਵਲੋਂ ਤੈਅ ਕੀਤਾ ਗਿਆ ਹੈ। ਹਾਈ ਕੋਰਟ ਦੇ ਹੁਕਮਾਂ ’ਤੇ ਸੂਬਾ ਸਰਕਾਰ ਵਲੋਂ ਬਣਾਈ ਗਈ ਨਵੀਂ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਨਿਰਧਾਰਤ ਸਮੇਂ ਤੋਂ ਪਹਿਲਾਂ ਵੀ ਜਾਂਚ ਮੁਕੰਮਲ ਕਰ ਸਕਦੀ ਹੈ। ਜਿੱਥੋਂ ਤੱਕ ਸੰਭਵ ਹੋ ਸਕੇ ਇਹ ਜਾਂਚ ਦੋ ਮਹੀਨਿਆਂ ਦੇ ਅੰਦਰ-ਅੰਦਰ ਵੀ ਪੂਰੀ ਕੀਤੀ ਜਾ ਸਕਦੀ ਹੈ।

Share