ਗੈਰ ਕਾਨੂੰਨ ਪ੍ਰਵਾਸੀਆਂ ਨੂੰ ਅਮਰੀਕਾ ‘ਚ ਨਹੀਂ ਮਿਲੇਗੀ ਪਨਾਹ!

-ਫੈਡਰਲ ਸਰਕਾਰ ਨੇ ਅਮਰੀਕਾ ‘ਚ ਪਨਾਹ ਮੰਗਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਲਿਆਂਦਾ ਨਵਾਂ ਤੇ ਸਖਤ ਕਾਨੂੰਨ
-ਅਮਰੀਕਾ ਨਾਲ ਦੁਵੱਲੀ ਸੰਧੀ ਵਾਲੇ ਦੇਸ਼ਾਂ ਵਿਚ ਤੁਰੰਤ ਕੀਤਾ ਜਾਵੇਗਾ ਡਿਪੋਰਟ
ਵਾਸ਼ਿੰਗਟਨ, 20 ਨਵੰਬਰ (ਪੰਜਾਬ ਮੇਲ)- ਟਰੰਪ ਸਰਕਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੀ ਧਰਤੀ ‘ਤੇ ਨਹੀਂ ਰਹਿਣ ਦੇਵੇਗੀ। ਫੈਡਰਲ ਸਰਕਾਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋ ਕੇ ਪਨਾਹ ਮੰਗਣ ਵਾਲਿਆਂ ਲਈ ਨਵਾਂ ਅਤੇ ਸਖ਼ਤ ਨਿਯਮ ਲਿਆਂਦਾ ਗਿਆ ਹੈ, ਜਿਸ ਅਧੀਨ ਅਜਿਹੇ ਪ੍ਰਵਾਸੀਆਂ ਨੂੰ ਉਨ੍ਹਾਂ ਮੁਲਕਾਂ ਵਿਚੋਂ ਕਿਸੇ ਇਕ ‘ਚ ਭੇਜ ਦਿੱਤਾ ਜਾਵੇਗਾ, ਜਿਨ੍ਹਾਂ ਦੀ ਅਮਰੀਕਾ ਨਾਲ ਦੁਵੱਲੀ ਸੰਧੀ ਹੈ। ਅਮਰੀਕੀ ਸਰਕਾਰ ਦਲੀਲ ਦੇ ਰਹੀ ਹੈ ਕਿ ਪ੍ਰਵਾਸੀਆਂ ਨੂੰ ਆਪਣੇ ਮੁਲਕ ਵਿਚੋਂ ਬਾਹਰ ਨਿਕਲਣ ਮਗਰੋਂ ਸਭ ਤੋਂ ਪਹਿਲਾਂ ਆਉਣ ਵਾਲੇ ਸੁਰੱਖਿਅਤ ਮੁਲਕ ਵਿਚ ਪਨਾਹ ਮੰਗਣੀ ਚਾਹੀਦੀ ਹੈ, ਜਦਕਿ ਇਸ ਦੇ ਉਲਟ ਉਹ ਕਈ ਮੁਲਕਾਂ ਦੀ ਸਰਹੱਦ ਪਾਰ ਕਰਦਿਆਂ ਅਮਰੀਕਾ ਵਿਚ ਦਾਖਲ ਹੋ ਜਾਂਦੇ ਹਨ। ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਸਰਕਾਰ ਦਾ ਤਾਜ਼ਾ ਕਦਮ ਮੈਕਸੀਕੋ ਦੀ ਸਰਹੱਦ ਰਾਹੀਂ ਅਮਰੀਕਾ ਵਿਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਵਧਾ ਦੇਵੇਗਾ।
ਜ਼ਿਕਰਯੋਗ ਹੈ ਕਿ ਅਮਰੀਕੀ ਸਰਕਾਰ ਵੱਲੋਂ ਹਾਲ ਹੀ ਵਿਚ ਕੈਨੇਡਾ, ਗੁਆਟੇਮਾਲਾ, ਅਲ ਸਲਵਾਡੋਰ ਅਤੇ ਹੋਂਡੂਰਾਸ ਨਾਲ ਦੁਵੱਲੀਆਂ ਸੰਧੀਆਂ ‘ਤੇ ਦਸਤਖਤ ਕੀਤੇ ਪਰ ਹਾਲੇ ਤੱਕ ਇਨ੍ਹਾਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ। ਮਾਹਰਾਂ ਦਾ ਮੰਨਣਾ ਹੈ ਕਿ ਕਿਸੇ ਤੀਜੇ ਮੁਲਕ ਵਿਚ ਭੇਜੇ ਗਏ ਪ੍ਰਵਾਸੀਆਂ ਕੋਲ ਮੁੜ ਅਮਰੀਕਾ ਵਿਚ ਦਾਖਲ ਹੋਣ ਦਾ ਕੋਈ ਰਸਤਾ ਬਾਕੀ ਨਹੀਂ ਬਚੇਗਾ। ਪ੍ਰਵਾਸੀਆਂ ਦੀ ਹਮਾਇਤੀ ਅਮਰੀਕਨ ਇੰਮੀਗ੍ਰੇਸ਼ਨ ਕੌਂਸਲ ਦੇ ਨੀਤੀ ਸਲਾਹਕਾਰ ਐਰਨ ਮੈਲਨਿਕ ਨੇ ਕਿਹਾ ਕਿ ਨਵਾਂ ਕਾਨੂੰਨ ਅਮਰੀਕਾ ਦੀ ਸ਼ਰਨਾਰਥੀ ਪ੍ਰਣਾਲੀ ਨੂੰ ਨਵੀਂ ਤਸਵੀਰ ਪ੍ਰਦਾਨ ਕਰੇਗਾ ਅਤੇ ਜੇ ਇਹ ਕਾਨੂੰਨ ਸਖ਼ਤੀ ਨਾਲ ਲਾਗੂ ਕਰ ਦਿੱਤਾ ਗਿਆ, ਤਾਂ ਮੈਕਸੀਕੋ ਦੇ ਰਸਤੇ ਅਮਰੀਕਾ ਆਉਣ ਵਾਲਾ ਕੋਈ ਪ੍ਰਵਾਸੀ, ਜ਼ਿਆਦਾ ਦਿਨ ਇਥੇ ਨਹੀਂ ਰਹਿ ਸਕੇਗਾ।