ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਕਰਨ ਵਾਲੇ ਠੇਕੇਦਾਰਾਂ ਦਾ ਲਾਇਸੰਸ ਹੋਵੇਗਾ ਰੱਦ

ਅੰਮ੍ਰਿਤਸਰ, 9 ਸਤੰਬਰ (ਪੰਜਾਬ ਮੇਲ)- ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਕਰਨ ਵਾਲੇ ਲੋਕਾਂ ‘ਤੇ ਸਖਤ ਕਾਰਵਾਈ ਦੀ ਯੋਜਨਾ ਤਹਿਤ ਐਕਸਾਈਜ਼ ਵਿਭਾਗ ਨੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਠੇਕੇਦਾਰ ਇਸ ਧੰਦੇ ‘ਚ ਸ਼ਾਮਲ ਪਾਇਆ ਗਿਆ ਤਾਂ ਉਸ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ। ਉਥੇ ਹੀ ਐਕਸਾਈਜ਼ ਵਿਭਾਗ ਦੇ ਡਾਇਰੈਕਟਰ ਤੇ ਐਡੀਸ਼ਨਲ ਕਮਿਸ਼ਨਰ ਪੰਜਾਬ ਗੁਰਤੇਜ ਸਿੰਘ ਦੀ ਅਗਵਾਈ ‘ਚ ਸ਼ਰਾਬ ਤਸਕਰਾਂ ਖਿਲਾਫ ਨਵੇਂ ਵਿੱਤੀ ਸਾਲ ‘ਚ ਅਪ੍ਰੈਲ ਤੋਂ ਹੁਣ ਤੱਕ 787 ਮਾਮਲੇ ਦਰਜ ਕੀਤੇ ਗਏ ਹਨ। ਉਥੇ ਹੀ ਪੰਜ ਮਹੀਨਿਆਂ ‘ਚ 20 ਹਜ਼ਾਰ ਪੇਟੀਆਂ ਹਰਿਆਣਾ, ਚੰਡੀਗੜ੍ਹ ਖੇਤਰਾਂ ‘ਚੋਂ ਆਉਣ ਵਾਲੀ ਸ਼ਰਾਬ ਬਰਾਮਦ ਕਰਕੇ ਸ਼ਰਾਬ ਤਸਕਰਾਂ ‘ਚ ਹਫੜਾ-ਦਫੜੀ ਮਚਾ ਦਿੱਤੀ ਹੈ ਤੇ ਆਉਣ ਵਾਲੇ ਸਮੇਂ ‘ਚ ਐਕਸਾਈਜ਼ ਦਾ ਸ਼ਿਕੰਜਾ ਹੋਰ ਕੱਸਦੇ ਹੋਏ ਡਾਇਰੈਕਟਰ ਪੰਜਾਬ ਐਕਸਾਈਜ਼ ਵਲੋਂ ਇਨ੍ਹਾਂ ਤਸਕਰਾਂ ਨੂੰ ਘੇਰਨ ਲਈ ਰਾਤ ਨੂੰ ਨਾਕੇ ਦੀ ਯੋਜਨਾ ਨਾਲ ਬਰਾਮਦੀ ਹੋਰ ਵਧ ਗਈ ਹੈ।
ਕਾਨੂੰਨ ‘ਚ ਬਦਲਾਅ ਕਾਰਨ ਤਸਕਰ ਦਹਿਸ਼ਤ ‘ਚ
ਵਰਤਮਾਨ ਸਮੇਂ ‘ਚ ਅਚਾਨਕ ਐਕਸਾਈਜ਼ ਵਿਭਾਗ ਦੇ ਕਾਨੂੰਨ ‘ਚ ਬਦਲਾਅ ਕਾਰਨ ਸ਼ਰਾਬ ਤਸਕਰਾਂ ਲਈ ਸ਼ਿਕੰਜਾ ਹੋਰ ਕੱਸਿਆ ਗਿਆ ਹੈ ਕਿ ਜੇਕਰ ਕੋਈ ਦੂਜੇ ਪ੍ਰਦੇਸ਼ ਤੋਂ ਸ਼ਰਾਬ ਲਿਆਉਂਦਾ ਫੜਿਆ ਗਿਆ ਤਾਂ ਦੋਸ਼ੀ ਨੂੰ ਤੁਰੰਤ ਜ਼ਮਾਨਤ ਨਹੀਂ ਦਿੱਤੀ ਜਾਵੇਗੀ। ਜ਼ਮਾਨਤ ਹਾਸਲ ਕਰਨ ‘ਚ ਦੋਸ਼ੀ ਨੂੰ ਲੰਬਾ ਸਮਾਂ ਲੱਗੇਗਾ ਉਥੇ ਹੀ ਬਰਾਮਦ ਸ਼ਰਾਬ ‘ਤੇ ਜੁਰਮਾਨਾ ਲਗਾ ਕੇ ਉਸ ਨੂੰ ਛੱਡਿਆ ਵੀ ਨਹੀਂ ਜਾ ਸਕਦਾ। ਇਸ ਤੋਂ ਪਹਿਲਾਂ 61-1-14 ਐਕਸਾਈਜ਼ ਐਕਟ ਦੇ ਅਧੀਨ ਸ਼ਰਾਬ ਤਸਕਰੀ ਦੇ ਦੋਸ਼ੀ ਨੂੰ ਥਾਣੇ ‘ਚ ਹੀ ਜ਼ਮਾਨਤ ਦੇ ਦਿੱਤੀ ਜਾਂਦੀ ਸੀ।
ਤਸਕਰੀ ਕਰਨ ਵਾਲੇ ਠੇਕੇਦਾਰਾਂ ‘ਤੇ ਸਖਤ ਐਕਸ਼ਨ
ਐਕਸਾਈਜ਼ ਵਿਭਾਗ ਨੇ ਸ਼ਰਾਬ ਦੀ ਤਸਕਰੀ ‘ਤੇ ਠੇਕੇਦਾਰ ਦਾ ਲਾਇਸੰਸ ਰੱਦ ਕਰਨ ਦੇ ਨਾਲ ਉਸ ਦੀ ਜਮਾ ਰਾਸ਼ੀ ਸੀਜ਼ ਕਰਨ ਦਾ ਵੀ ਫੈਸਲਾ ਲਿਆ ਹੈ। ਅਜਿਹਾ ਵਿਅਕਤੀ ਦੁਬਾਰਾ ਠੇਕਿਆਂ ਦੀ ਨੀਲਾਮੀ ‘ਚ ਵੀ ਸ਼ਾਮਲ ਨਹੀਂ ਹੋ ਸਕੇਗਾ। ਇਸ ਦੌਰਾਨ ਗੁਰਤੇਜ਼ ਸਿੰਘ ਨੇ ਕਿਹਾ ਕਿ ਕਿਸੇ ਵੀ ਸੂਰਤ ‘ਚ ਸ਼ਰਾਬ ਦੀ ਤਸਕਰੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਸਰਕਾਰ ਦੇ ਰੈਵੇਨਿਊ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨਾਲ ਵਿਭਾਗ ਸਖਤੀ ਨਾਲ ਨਿਪਟੇਗਾ। ਸ਼ਰਾਬ ਦੀ ਤਸਕਰੀ ਦੇ 787 ਕੇਸਾਂ ਦੇ ਜੋ ਦੋਸ਼ੀ ਹਨ ਉਨ੍ਹਾਂ ਨੂੰ ਜੇਲ ਭੇਜਿਆ ਗਿਆ ਹੈ। ਇਮਾਨਦਾਰੀ ਨਾਲ ਕੰਮ ਕਰਨ ਵਾਲੇ ਵੈਂਡਰਸ ਚੰਗੀ ਕਮਾਈ ਕਰ ਰਹੇ ਹਨ। ਤਸਕਰਾਂ ਨੂੰ ਹੁਣ ਇਹ ਰਸਤਾ ਛੱਡਣਾ ਹੋਵੇਗਾ।