ਗੁਰੂ ਨਾਨਕ ਸਿੱਖ ਟੈਂਪਲ ਫੇਅਰਫੀਲਡ ਵੱਲੋਂ ਅਮਰੀਕਾ ਦੇ ਆਜ਼ਾਦੀ ਜਸ਼ਨਾਂ ‘ਚ ਕੀਤੀ ਗਈ ਸ਼ਮੂਲੀਅਤ

ਫੇਅਰਫੀਲਡ, 6 ਜੁਲਾਈ (ਪੰਜਾਬ ਮੇਲ)- ਅਮਰੀਕਾ ਦਾ ਆਜ਼ਾਦੀ ਦਿਵਸ, 4 ਜੁਲਾਈ ਵਾਲੇ ਦਿਨ ਇਥੇ ਦੇਸ਼ ਭਰ ‘ਚ ਵੱਖ-ਵੱਖ ਸ਼ਹਿਰਾਂ ਵਿਚ ਮਨਾਇਆ ਗਿਆ। ਇਸੇ ਦੌਰਾਨ ਫੇਅਰਫੀਲਡ ਵਿਖੇ ਵੀ ਸਿਟੀ ਵੱਲੋਂ ਪਰੇਡ ਦਾ ਆਯੋਜਨ ਕੀਤਾ ਗਿਆ। ਗੁਰੂ ਨਾਨਕ ਸਿੱਖ ਟੈਂਪਲ, ਫੇਅਰਫੀਲਡ ਦੇ ਬੈਨਰ ਹੇਠ ਇਸ ਪਰੇਡ ਵਿਚ ਸੈਂਕੜੇ ਸਿੱਖਾਂ ਨੇ ਹਾਜ਼ਰੀ ਭਰੀ। ਇਨ੍ਹਾਂ ਨੇ ਅਮਰੀਕੀ ਰਾਸ਼ਟਰੀ ਝੰਡੇ ਨਾਲ ਮਿਲਦੇ-ਜੁਲਦੇ ਲਾਲ, ਚਿੱਟੇ, ਨੀਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਗੁਰੂ ਨਾਨਕ ਸਿੱਖ ਟੈਂਪਲ, ਫੇਅਰਫੀਲਡ ਦਾ ਬੈਨਰ ਸਿੱਖਾਂ ਦੀ ਪਛਾਣ ਬਣਾ ਰਿਹਾ ਸੀ। ਉਸ ਤੋਂ ਬਾਅਦ ਦਸਤਾਰਧਾਰੀ ਸਿੱਖ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਪਣੇ ਫਲੋਟ ਦੀ ਸ਼ੋਭਾ ਵਧਾ ਰਹੇ ਸਨ। ਚਾਹੇ ਇਸ ਪਰੇਡ ਵਿਚ 30 ਤੋਂ ਵੱਧ ਫਲੋਟ ਸਨ। ਪਰ ਸਿਰਫ ਸਿੱਖ ਭਾਈਚਾਰੇ ਵੱਲੋਂ ਹੀ ਪਾਣੀ ਦੀਆਂ ਬੋਤਲਾਂ ਮੁਫਤ ਵਰਤਾਈਆਂ ਗਈਆਂ।
ਗੁਰੂ ਨਾਨਕ ਸਿੱਖ ਟੈਂਪਲ ਫੇਅਰਫੀਲਡ ਦੀ ਪੂਰੀ ਕਮੇਟੀ ਇਸ ਪਰੇਡ ਵਿਚ ਹਰ ਸਾਲ ਕਾਮਯਾਬੀ ਨਾਲ ਸ਼ਮੂਲੀਅਤ ਕਰਦੀ ਹੈ। ਭਾਰੀ ਗਿਣਤੀ ਵਿਚ ਸਿੱਖਾਂ ਨੂੰ ਦੇਖ ਕੇ ਰਾਹ ਵਿਚ ਬੈਠੇ ਲੱਖਾਂ ਦੀ ਗਿਣਤੀ ‘ਚ ਅਮਰੀਕੀ ਲੋਕ ਕਿਤੇ ਤਾੜੀਆਂ ਮਾਰ ਕੇ ਅਤੇ ਕਿਤੇ ਖੜ੍ਹੇ ਹੋ ਕੇ ਸਿੱਖਾਂ ਦਾ ਭਰਪੂਰ ਸਵਾਗਤ ਕਰਦੇ ਦੇਖੇ ਗਏ। ਗੁਰੂ ਨਾਨਕ ਸਿੱਖ ਟੈਂਪਲ, ਫੇਅਰਫੀਲਡ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਥੇ ਇਹ ਜ਼ਿਕਰਯੋਗ ਹੈ ਕਿ ਇਸ ਗੁਰੂ ਘਰ ਨੂੰ ਪਿਛਲੇ ਕਈ ਸਾਲਾਂ ਤੋਂ ਪਰੇਡ ਵਿਚ ਸ਼ਾਮਲ ਹੋਣ ‘ਤੇ ਪਹਿਲਾ ਸਥਾਨ ਮਿਲਦਾ ਰਿਹਾ ਹੈ। ਇਸ ਦੇ ਲਈ ਸਮੁੱਚੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵਧਾਈ ਦੀ ਹੱਕਦਾਰ ਹੈ। ਅਜਿਹੇ ਸਮਾਗਮਾਂ ਵਿਚ ਸਿੱਖ ਕੌਮ ਦੀ ਹਾਜ਼ਰੀ ਨਾਲ ਅਮਰੀਕਨ ਲੋਕਾਂ ਨੂੰ ਸਿੱਖਾਂ ਪ੍ਰਤੀ ਜਾਣਕਾਰੀ ਮਿਲਦੀ ਹੈ।