ਗੁਰਦੁਆਰਾ ਸਿੰਘ ਸਭਾ ‘ਚ ਭਾਰਤੀ ਫੌਜੀਆਂ ਸਮੇਤ ਅਮਰੀਕਨ ਫੌਜੀ ਵੀ ਨਤਮਸਤਕ

ਸਿਆਟਲ, 27 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਭਾਰਤੀ ਫੌਜ ਦੇ ਅਫ਼ਸਰ ਤੇ ਜਵਾਨ ਅਮਰੀਕਨ ਫੌਜੀਆਂ ਨਾਲ ਸਾਂਝੀ ਟ੍ਰੇਨਿੰਗ ਕਰਨ ਸਿਆਟਲ-ਟਾਕੋਮਾ ਪਹੁੰਚੇ ਹੋਏ ਹਨ, ਜਿਨ੍ਹਾਂ ਵਾਸਤੇ ਗੁਰਜੰਟ ਸਿੰਘ ਬਰਾੜ ਤੇ ਵਾਲੰਟੀਅਰ ਗੁਰਦੁਆਰਾ ਤੋਂ ਲੰਗਰ ਛਕਾਉਣ ਜਾਂਦੇ ਹਨ. ਹਫ਼ਤਾਵਾਰੀ ਪ੍ਰੋਗਰਾਮ ਵਿਚ ਭਾਰਤੀ ਫੌਜੀਆਂ ਸਮੇਤ ਅਮਰੀਕਨ ਫੌਜੀ ਗੁਰਦੁਆਰਾ ਸਿੰਘ ਸਭਾ ਰੈਨਟਨ ਵਿਚ ਨਤਮਸਤਕ ਹੋਏ, ਜਿੱਥੇ ਮੁੱਖ ਸੇਵਾਦਾਰ ਜਗਮੋਹਰ ਸਿੰਘ ਵਿਰਕ, ਹੈੱਡ ਗ੍ਰੰਥੀ ਗਿਆਨੀ ਸ਼ੇਰ ਸਿੰਘ ਅਤੇ ਸਟੇਜ ਸਕੱਤਰ ਅਵਤਾਰ ਸਿੰਘ ਆਦਮਪੁਰੀ ਨੇ ਗੁਰੂ ਘਰ ਵਲੋਂ ਸਿਰੋਪਾਓ ਦੇ ਕੇ ਨਿਵਾਜਿਆ ਤੇ ਸੰਗਤ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਭਾਰਤੀ ਫੌਜੀਆਂ ਅਤੇ ਅਮਰੀਕਨ ਫੌਜੀਆਂ ਦੇ 100ਵੀਂ ਟਰੂਪ ਕਮਾਂਡ ਦੇ ਫੌਜੀ ਕਮਾਂਡਰ ਕਰਨਲ ਰੋਬਰਟ ਵੂੱਡਰਿੱਜ ਦੀ ਕਮਾਂਡ ਹੇਠ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਲੰਗਰ ਛਕਿਆ। ਅਮਰੀਕਨ ਫੌਜੀ ਸਿੱਖ ਬੀਬੀ ਬਲਜੀਤ ਕੌਰ ਨੇ ਸਿੱਖ ਧਰਮ ਬਾਰੇ ਜਾਣੂ ਕਰਾਇਆ। ਉਨ੍ਹਾਂ ਦੱਸਿਆ ਕਿ ਹੁਣ ਸਿੱਖਾਂ ਵਾਸਤੇ ਅਮਰੀਕਨ ਫੌਜ ਵਿਚ ਦਸਤਾਰ, ਕੇਸ ਤੇ ਦਾੜ੍ਹੀ ਰੱਖ ਕੇ ਮਿਲਟਰੀ ਵਿਚ ਸੇਵਾ ਨਿਭਾਅ ਸਕਦੇ ਹਨ।