ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਹੋਈ ਅਹਿਮ ਮੀਟਿੰਗ

ਸਟਾਕਟਨ, 21 ਅਕਤੂਬਰ (ਪੰਜਾਬ ਮੇਲ)- ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ 54 ਗੁਰਦੁਆਰਿਆਂ ਦੇ ਪ੍ਰਬੰਧਕੀ ਕਮੇਟੀਆਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਇਕ ਇਤਿਹਾਸਕ ਫੈਸਲਾ ਲੈਂਦਿਆਂ ਸ਼੍ਰੋ੍ਰਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ, ਅਹੁਦੇਦਾਰਾਂ, ਮੰਤਰੀਆਂ ਅਤੇ ਉਨ੍ਹਾਂ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਮਤਾ ਪਾਸ ਕੀਤਾ ਗਿਆ। ਨਾਲ ਹੀ ਤਾਕੀਦ ਕੀਤੀ ਗਈ ਕਿ ਉਨ੍ਹਾਂ ਨਾਲ ਰੋਟੀ-ਬੇਟੀ ਦੀ ਸਾਂਝ ਵੀ ਤੋੜੀ ਜਾਵੇ। ਇਕ ਹੋਰ ਮਤੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਥੇਦਾਰਾਂ ਨੂੰ ਰੱਦ ਕੀਤਾ ਗਿਆ ਅਤੇ ਇਹ ਫੈਸਲਾ ਕੀਤਾ ਗਿਆ ਕਿ ਅੰਮ੍ਰਿਤਸਰ ਵਿਚ ਹੋ ਰਹੇ ਸਰਬੱਤ ਖਾਲਸੇ ਵਿਚ ਅਮਰੀਕਾ ਤੋਂ ਨੁਮਾਇੰਦੇ ਭੇਜ ਕੇ ਉਥੇ ਨਵੇਂ ਜਥੇਦਾਰ ਚੁਣਨ ਲਈ ਮਤਾ ਪਾਸ ਕਰਾਉਣ ਲਈ ਜ਼ੋਰ ਦਿੱਤਾ ਜਾਵੇਗਾ। ਚੌਥੇ ਮਤੇ ਵਿਚ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਾਤਾਰ ਹੋ ਰਹੀ ਬੇਹੁਰਮਤੀ ਦੇ ਸੰਬੰਧ ਵਿਚ ਚੱਲ ਰਹੇ ਸੰਘਰਸ਼ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਪੰਜਵੇਂ ਮਤੇ ਵਿਚ ਸਿੱਖਾਂ ਦੀ ਇਕ ਅੰਤਰਰਾਸ਼ਟਰੀ ਪੱਧਰ ਦੀ ਜਥੇਬੰਦੀ ਬਣਾਉਣ ਦਾ ਉਪਰਾਲਾ ਕੀਤਾ ਜਾਵੇਗਾ। ਬਾਦਲ ਦਲ ਵੱਲੋਂ ਕਰਵਾਏ ਜਾਂਦੇ ਕਬੱਡੀ ਕੱਪ ਅਤੇ ਬਾਦਲ ਦਲ ਦੇ ਕਿਸੇ ਤਰ੍ਹਾਂ ਦੇ ਇਸ਼ਤਿਹਾਰ ਲਾਉਣ ਵਾਲੇ ਮੀਡੀਏ ਦਾ ਬਾਈਕਾਟ ਕੀਤਾ ਜਾਵੇਗਾ।
ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਸੰਗਤਾਂ ਗੁਰਦੁਆਰਾ ਸਾਹਿਬਾਨਾਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇਕ ਵੱਖਰੇ ਹਾਲ ਵਿਚ ਚੱਲ ਰਹੀ ਮੀਟਿੰਗ ਵਿਚ ਲਏ ਜਾਣ ਵਾਲੇ ਫੈਸਲਿਆਂ ਦਾ ਕਈ ਘੰਟੇ ਇੰਤਜ਼ਾਰ ਕਰਦੀਆਂ ਰਹੀਆਂ। ਇਸ ਮੌਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ।
There are no comments at the moment, do you want to add one?
Write a comment