PUNJABMAILUSA.COM

ਗੁਰਦਾਸ ਮਾਨ ਦੇ ਬਿਆਨ ਤੋਂ ਖੜ੍ਹਾ ਹੋਇਆ ਵਿਵਾਦ

 Breaking News

ਗੁਰਦਾਸ ਮਾਨ ਦੇ ਬਿਆਨ ਤੋਂ ਖੜ੍ਹਾ ਹੋਇਆ ਵਿਵਾਦ

ਗੁਰਦਾਸ ਮਾਨ ਦੇ ਬਿਆਨ ਤੋਂ ਖੜ੍ਹਾ ਹੋਇਆ ਵਿਵਾਦ
September 25
10:20 2019

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬੀ ਦੇ ਹੁਣ ਤੱਕ ਪ੍ਰਸਿੱਧ ਰਹੇ ਗਾਇਕ ਗੁਰਦਾਸ ਮਾਨ ਵੱਲੋਂ ਭਾਰਤ ਦੀ ਰਾਜਨੀਤੀ ਵਿਚ ਉੱਭਰ ਰਹੀ ਹਿੰਦੂਤਵ ਦੀ ਹਨੇਰੀ ਦਾ ਸਾਥ ਦੇਣ ਨਾਲ ਵੱਡਾ ਵਿਵਾਦ ਆ ਖੜ੍ਹਾ ਹੋਇਆ ਹੈ। ਪਿਛਲੇ ਹਫਤੇ ਗੁਰਦਾਸ ਮਾਨ ਕੈਨੇਡਾ ਦੇ ਵੈਨਕੂਵਰ ਲਾਗਲੇ ਸ਼ਹਿਰ ਐਬਟਸਫੋਰਡ ਵਿਖੇ ਇਕ ਸ਼ੋਅ ਵਿਚ ਗਾਉਣ ਗਏ ਸਨ, ਉਥੇ ਉਨ੍ਹਾਂ ਪਹਿਲਾਂ ਇਕ ਰੇਡੀਓ ਉੱਤੇ ਗੱਲਬਾਤ ਕਰਦਿਆਂ ਅਤੇ ਫਿਰ ਪੱਤਰਕਾਰਾਂ ਨਾਲ ਮੁਲਾਕਾਤ ਕਰਦਿਆਂ ਭਾਰਤ ਅੰਦਰ ਮੋਦੀ ਸਰਕਾਰ ਵੱਲੋਂ ਦਿੱਤੇ ‘ਇਕ ਰਾਸ਼ਟਰ, ਇਕ ਬੋਲੀ’ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਅਤੇ ਕਿਹਾ ਕਿ ਭਾਰਤ ਅੰਦਰ ਇਕ ਰਾਸ਼ਟਰੀ ਬੋਲੀ ਹੋਣੀ ਚਾਹੀਦੀ ਹੈ। ਉਨ੍ਹਾਂ ਦੱਬਵੀਂ ਆਵਾਜ਼ ਵਿਚ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਐਲਾਨਣ ਦਾ ਵੀ ਯਤਨ ਕੀਤਾ। ਗੁਰਦਾਸ ਮਾਨ ਨੇ ਕਿਹਾ ਕਿ ਪੰਜਾਬੀ ਦਾ ਵੀ ਸਤਿਕਾਰ ਹੋਣਾ ਚਾਹੀਦਾ ਹੈ। ਪਰ ਦੱਖਣ ਵਿਚ ਜਦ ਅਸੀਂ ਜਾਂਦੇ ਹਾਂ, ਤਾਂ ਸਾਨੂੰ ਉਥੇ ਭਾਸ਼ਾ ਦੀ ਸਮਝ ਨਹੀਂ ਪੈਂਦੀ। ਜੇਕਰ ਹਿੰਦੀ ਭਾਸ਼ਾ ਬੋਲੀ ਜਾਵੇ, ਤਾਂ ਸਾਰੇ ਦੇਸ਼ ਵਿਚ ਆਸਾਨੀ ਨਾਲ ਇਕ ਦੂਜੇ ਦੀ ਗੱਲ ਸਮਝੀ ਜਾ ਸਕਦੀ ਹੈ। ਗੁਰਦਾਸ ਮਾਨ ਦੇ ਇਸ ਵਿਵਾਦਪੂਰਨ ਬਿਆਨ ਤੋਂ ਬਾਅਦ ਸਿਰਫ ਕੈਨੇਡਾ ਵਿਚ ਹੀ ਨਹੀਂ, ਸਗੋਂ ਪੂਰੀ ਦੁਨੀਆਂ ਵਿਚ ਵਸਦੇ ਪੰਜਾਬੀ ਪਿਆਰਿਆਂ ਅੰਦਰ ਵੱਡਾ ਰੋਸ ਅਤੇ ਬਖੇੜਾ ਖੜ੍ਹਾ ਹੋ ਗਿਆ। ਇਥੋਂ ਤੱਕ ਕਿ ਵੱਡੀ ਗਿਣਤੀ ਵਿਚ ਪੰਜਾਬੀ ਲੋਕਾਂ ਨੇ ਗੁਰਦਾਸ ਮਾਨ ਦੇ ਸ਼ੋਅ ਵਾਲੀ ਜਗ੍ਹਾ ਅੱਗੇ ਖੜ੍ਹੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਗੁਰਦਾਸ ਮਾਨ ਦੇ ਪ੍ਰੋਗਰਾਮਾਂ ਵਿਚ ਹਮੇਸ਼ਾ ਲੋਕ ਹੁੰਮਹੁਮਾ ਕੇ ਪੁੱਜਦੇ ਹਨ। ਪਰ ਨਵੇਂ ਖੜ੍ਹੇ ਹੋਏ ਵਿਵਾਦ ਕਾਰਨ 6500 ਦੀ ਸਮਰੱਥਾ ਵਾਲੇ ਹਾਲ ਵਿਚ ਲੋਕਾਂ ਦੀ ਹਾਜ਼ਰੀ 2 ਹਜ਼ਾਰ ਤੋਂ ਵੀ ਘੱਟ ਰਹੀ। ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਗਏ ਕੁਝ ਲੋਕਾਂ ਵੱਲੋਂ ਖੜ੍ਹੇ ਹੋ ਕੇ ਗੁਰਦਾਸ ਮਾਨ ਦੁਆਰਾ ਕਹੀਆਂ ਗੱਲਾਂ ਦਾ ਜਦ ਵਿਰੋਧ ਕੀਤਾ ਗਿਆ, ਤਾਂ ਉਥੇ ਵੀ ਗੁਰਦਾਸ ਮਾਨ ਆਪਣਾ ਤਵਾਜ਼ਨ ਖੋਹ ਬੈਠੇ ਅਤੇ ਰੋਸ ਪ੍ਰਗਟ ਕਰਨ ਵਾਲਿਆਂ ਪ੍ਰਤੀ ਅਜਿਹੇ ਅਪਸ਼ਬਦਾਂ ਦੀ ਵਰਤੋਂ ਕੀਤੀ, ਜਿਹੜੇ ਪੰਜਾਬੀ ਸਮਾਜ ਅੰਦਰ ਪਰਿਵਾਰਾਂ ਵਿਚ ਬੈਠਿਆਂ ਨਹੀਂ ਵਰਤੇ ਜਾ ਸਕਦੇ।
ਲਗਾਤਾਰ ਹੋਈਆਂ ਇਨ੍ਹਾਂ ਗੱਲਾਂ ਕਾਰਨ ਜਿੱਥੇ ਗੁਰਦਾਸ ਮਾਨ ਵੱਡੇ ਸੰਕਟ ਵਿਚ ਘਿਰ ਗਏ ਹਨ, ਉਥੇ ਉਨ੍ਹਾਂ ਵੱਲੋਂ ਕਹੀਆਂ ਗੱਲਾਂ ਨੇ ਭਾਰਤੀ ਰਾਜਨੀਤੀ ਵਿਚ ਪਨਪ ਅਤੇ ਉੱਭਰ ਰਹੇ ‘ਇਕ ਰਾਸ਼ਟਰ, ਇਕ ਬੋਲੀ’ ਦੇ ਰੁਝਾਨ ਬਾਰੇ ਵੀ ਵੱਡੀ ਸਿਧਾਂਤਕ ਵਿਚਾਰ-ਚਰਚਾ ਨੂੰ ਜਨਮ ਦੇ ਦਿੱਤਾ ਹੈ। ਵੈਨਕੂਵਰ ਦੀਆਂ ਬਹੁਤ ਸਾਰੀਆਂ ਪੰਜਾਬੀ ਸਾਹਿਤਕ, ਲੇਖਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਅਤੇ ਮੈਂਬਰਾਂ ਨੇ ਇਕੱਠੇ ਹੋ ਕੇ ਜਿੱਥੇ ਗੁਰਦਾਸ ਮਾਨ ਦੇ ਨਵੇਂ ਕਦਮਾਂ ਦੀ ਨਿੰਦਾ ਕਰਦਿਆਂ ਇਸ ਦਾ ਵਿਰੋਧ ਕੀਤਾ, ਉਥੇ ਭਾਰਤ ਅੰਦਰ ਵੱਖ-ਵੱਖ ਬੋਲੀਆਂ ਅਤੇ ਸੱਭਿਆਚਾਰਕ ਵੰਨਗੀਆਂ ਨੂੰ ਮਸਲ ਕੇ ਇਕੋ ਧਾਰਾ ਵਿਚ ਸਮੌਣ ਦੇ ਯਤਨਾਂ ਖਿਲਾਫ ਵੀ ਆਵਾਜ਼ ਉਠਾਈ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਅੰਦਰ ਉਥੋਂ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸ਼ਕਤੀਸ਼ਾਲੀ ਨੇਤਾ ਅਮਿਤ ਸ਼ਾਹ ਵੱਲੋਂ ਦਿੱਤੇ ‘ਇਕ ਰਾਸ਼ਟਰ, ਇਕ ਬੋਲੀ’ ਦੇ ਸੱਦੇ ਦਾ ਤਿੱਖਾ ਵਿਰੋਧ ਹੋਣਾ ਤਾਂ ਲਗਭਗ ਨਿਸ਼ਚਿਤ ਹੀ ਸੀ ਅਤੇ ਇਸ ਗੱਲ ਦੀ ਵੀ ਪੂਰੀ ਉਮੀਦ ਸੀ ਕਿ ਪੰਜਾਬੀ ਇਸ ਮੁੱਦੇ ਉੱਤੇ ਵਿਰੋਧ ਕਰਨ ਵਿਚ ਪਹਿਲ ਦਿਖਾਉਣਗੇ। ਪਰ ਇਹ ਪਹਿਲ ਪੰਜਾਬੀ ਦੇ ਹੀ ਅਲੰਬਰਦਾਰ ਕਹਾਉਣ ਵਾਲੇ ਕਿਸੇ ਵੱਡੇ ਗਾਇਕ ਦੇ ਬਿਆਨ ਤੋਂ ਸ਼ੁਰੂ ਹੋ ਜਾਵੇਗੀ, ਇਸ ਬਾਰੇ ਕਿਸੇ ਨੂੰ ਵੀ ਕੋਈ ਚਿੱਤ-ਚੇਤਾ ਨਹੀਂ ਸੀ। ਭਾਰਤ ਦੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਵੈਨਕੂਵਰ ਦੀ ਧਰਤੀ ਉਪਰੋਂ ਭਾਰਤ ਅੰਦਰ ਵੱਖ-ਵੱਖ ਭਾਸ਼ਾਵਾਂ, ਸੱਭਿਆਚਾਰਕ ਵੰਨਗੀਆਂ ਅਤੇ ਧਾਰਮਿਕ ਪਛਾਣਾਂ ਦੇ ਹੱਕ ਵਿਚ ਉੱਠੀ ਇਸ ਆਵਾਜ਼ ਦਾ ਭਾਰਤ ਦੇ ਸਿਆਸੀ, ਸਮਾਜਿਕ ਅਤੇ ਧਾਰਮਿਕ ਮਾਮਲਿਆਂ ਵਿਚ ਬੜਾ ਵੱਡਾ ਯੋਗਦਾਨ ਹੋਵੇਗਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਵੱਖ-ਵੱਖ ਭਾਸ਼ਾਈ ਕੌਮਾਂ, ਘੱਟ ਗਿਣਤੀ ਸੱਭਿਆਚਾਰਕ ਵੰਨਗੀਆਂ ਅਤੇ ਅਨੇਕ ਧਾਰਮਿਕ ਪਛਾਣਾਂ ਵਾਲਾ ਦੇਸ਼ ਹੈ। ਭਾਰਤ ਵਿਚ ਕੋਈ ਇਕ ਕੌਮੀ ਭਾਸ਼ਾ ਨਹੀਂ ਹੈ। ਇਥੇ ਵੱਖ-ਵੱਖ ਸੂਬਿਆਂ ਅਤੇ ਖੇਤਰਾਂ ਵਿਚ ਦਰਜਨਾਂ ਭਾਸ਼ਾਵਾਂ ਦਾ ਬੋਲਬਾਲਾ ਹੈ। ਹਰ ਭਾਸ਼ਾ ਪਿੱਛੇ ਇਕ ਸੱਭਿਆਚਾਰਕ ਵੰਨਗੀ ਖੜ੍ਹੀ ਹੈ। ਭਾਰਤ ਦੀ ਖੂਬਸੂਰਤੀ ਹੀ ਅਨੇਕਤਾ ਵਿਚ ਏਕਤਾ ਕਹੀ ਜਾਂਦੀ ਰਹੀ ਹੈ। ਭਾਰਤੀ ਸੰਵਿਧਾਨ ਵਿਚ ਵੀ ਕਿਸੇ ਇਕ ਭਾਸ਼ਾ ਨੂੰ ਕੋਈ ਉੱਚਤਾ ਨਹੀਂ ਦਿੱਤੀ ਗਈ। ਹਾਲਾਂਕਿ ਭਾਰਤ ਵਿਚ ਕੇਂਦਰ ਸਰਕਾਰ ਵਿਚ ਭਾਰੂ ਰਹੀਆਂ ਰਾਜਸੀ ਪਾਰਟੀਆਂ ਵੱਲੋਂ ਹਮੇਸ਼ਾ ਹੀ ਹਿੰਦੀ ਨੂੰ ਹੋਰਨਾਂ ਭਾਸ਼ਾਵਾਂ ਉਪਰ ਠੋਸਣ ਦਾ ਰੁਝਾਨ ਦੇਖਿਆ ਜਾਂਦਾ ਰਿਹਾ ਹੈ। ਪਰ ਇਸ ਦੇ ਬਾਵਜੂਦ ਤੇਲਗੂ, ਬੰਗਾਲੀ, ਕੰਨੜ, ਮਲਿਆਲਮ, ਉਰਦੂ, ਪੰਜਾਬੀ ਸਮੇਤ ਡੇਢ ਦਰਜਨ ਦੇ ਕਰੀਬ ਵੱਡੀਆਂ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿਚ ਸਾਹਿਤ ਰਚਿਆ ਗਿਆ ਹੈ। ਜੇ ਭਾਰਤ ਦੇ ਸਾਹਿਤਕ ਇਤਿਹਾਸ ਉਪਰ ਨਜ਼ਰ ਮਾਰੀ ਜਾਵੇ, ਤਾਂ ਗਿਆਨ ਪੀਠ ਵਰਗੇ ਵੱਡੇ ਸਨਮਾਨ ਜ਼ਿਆਦਾਤਰ ਹਿੰਦੀ ਵਿਚ ਲਿਖਣ ਵਾਲੇ ਲੇਖਕਾਂ ਨੂੰ ਨਹੀਂ, ਸਗੋਂ ਤੇਲਗੂ, ਬੰਗਲਾ ਅਤੇ ਕੰਨੜ ਭਾਸ਼ਾ ਵਿਚ ਲਿਖਣ ਵਾਲਿਆਂ ਨੂੰ ਵਧੇਰੇ ਮਿਲਦੇ ਰਹੇ ਹਨ।
ਭਾਰਤ ਅੰਦਰ 1947 ਵਿਚ ਦੇਸ਼ ਆਜ਼ਾਦ ਹੋਣ ਦੇ ਸਮੇਂ ਤੋਂ ਹੀ ਇਸ ਨੂੰ ਇਕ ਰਾਸ਼ਟਰ ਬਣਾਉਣ ਦੀ ਧੁੱਸ ਕਾਇਮ ਰਹੀ ਹੈ। ਸ਼ੁਰੂ ਵਿਚ ਕਾਂਗਰਸ ਨੇ ਅਨੇਕ ਵਸੀਲੇ ਵਰਤ ਕੇ ਭਾਰਤ ਨੂੰ ਇਕ ਰਾਸ਼ਟਰ ਬਣਾਉਣ ਦਾ ਲਗਾਤਾਰ ਯਤਨ ਕੀਤਾ। ਇਸ ਦਾ ਪਹਿਲਾ ਪ੍ਰਮਾਣ ਇਸ ਗੱਲ ਤੋਂ ਮਿਲਦਾ ਹੈ ਕਿ ਕਾਂਗਰਸ ਨੇ ਆਜ਼ਾਦੀ ਹਾਸਲ ਕਰਨ ਤੋਂ ਪਹਿਲਾਂ ਸੂਬਿਆਂ ਦੀ ਕਾਇਮੀ ਭਾਸ਼ਾ ਦੇ ਆਧਾਰ ਉੱਤੇ ਕਰਨ ਦਾ ਮਤਾ ਪਾਸ ਕੀਤਾ ਸੀ। ਪਰ ਰਾਜ ਭਾਗ ਸੰਭਾਲਣ ਤੋਂ ਬਾਅਦ ਉਸ ਨੇ ਇਸ ਪਾਸਿਓਂ ਮੂੰਹ ਮੋੜ ਲਿਆ। ਭਾਰਤ ਸਰਕਾਰ ਦੀ ਇਸ ਨੀਤੀ ਖਿਲਾਫ ਸਭ ਤੋਂ ਪਹਿਲਾਂ ਦੱਖਣੀ ਭਾਰਤ ਵਿਚੋਂ ਆਵਾਜ਼ ਉੱਠੀ। ਤੇਲਗੂ ਬੋਲਦੇ ਲੋਕਾਂ ਨੇ ਸਭ ਤੋਂ ਪਹਿਲਾਂ ਤੇਲਗੂ ਦੇਸ਼ਮ ਭਾਵ ਆਂਧਰਾ ਪ੍ਰਦੇਸ਼ ਬਣਾਉਣ ਦੀ ਮੰਗ ਉਠਾਈ ਅਤੇ ਕਾਮਯਾਬ ਹੋਏ। ਫਿਰ ਪੰਜਾਬ ਅੰਦਰੋਂ ਪੰਜਾਬੀ ਭਾਸ਼ਾ ਦੇ ਆਧਾਰ ਉੱਤੇ ਪੰਜਾਬੀ ਸੂਬਾ ਬਣਾਏ ਜਾਣ ਦਾ ਲੰਬਾ ਸੰਘਰਸ਼ ਚੱਲਿਆ। ਪੰਜਾਬੀ ਸੂਬਾ ਬਣਾਏ ਜਾਣ ਬਾਰੇ ਤਾਂ ਭਾਰਤੀ ਹੁਕਮਰਾਨਾਂ ਦੀ ਜ਼ਿੱਦ ਇੰਨੀ ਭਾਰੀ ਸੀ ਕਿ ਉਦੋਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਥੋਂ ਤੱਕ ਆਖ ਦਿੱਤਾ ਸੀ ਕਿ ‘ਪੰਜਾਬੀ ਸੂਬਾ ਮੇਰੀ ਲਾਸ਼ ਉਪਰ ਬਣੇਗਾ’। ਤੇ ਹੋਇਆ ਵੀ ਇੰਝ ਹੀ। ਜਦ ਤੱਕ ਪੰਡਿਤ ਨਹਿਰੂ ਪ੍ਰਧਾਨ ਮੰਤਰੀ ਰਹੇ, ਉਨ੍ਹਾਂ ਪੰਜਾਬੀ ਸੂਬਾ ਨਹੀਂ ਬਣਨ ਦਿੱਤਾ। ਆਖਰ ਲੰਬੀ ਜੱਦੋ-ਜਹਿਦ ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਾਇਆ ਗਿਆ। ਪਰ ਇਸ ਦੀ ਇੰਨੀ ਕੱਟ-ਵੱਢ ਕਰ ਦਿੱਤੀ ਗਈ ਕਿ ਅੱਜ ਵੀ ਵੱਡੀ ਗਿਣਤੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਹਨ। ਹੁਣ ਕਾਂਗਰਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਹਿੰਦੋਸਤਾਨ ਨੂੰ ਇਕ ਰਾਸ਼ਟਰ ਬਣਾਉਣ ਦਾ ਝੰਡਾ ਚੁੱਕਿਆ ਹੈ। ਭਾਜਪਾ ਹੁਣ ਨੰਗੇ ਧੜ ਹਿੰਦੂਤਵ ਦੇ ਉਭਾਰ ਨਾਲ ਦੇਸ਼ ਨੂੰ ਇਕ ਪਛਾਣ ਵਿਚ ਬਦਲਣ ਲਈ ਕਾਹਲੀ ਪਈ ਹੋਈ ਹੈ। ਕਸ਼ਮੀਰ ਵਿਚੋਂ 370 ਧਾਰਾ ਤੋੜ ਕੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸਾਂ ਵਿਚ ਬਦਲਣਾ ਅਤੇ ਆਸਾਮ ਵਿਚ 19 ਲੱਖ ਲੋਕਾਂ ਨੂੰ ਨਾਗਰਿਕ ਸੂਚੀ ਵਿਚੋਂ ਹੀ ਬਾਹਰ ਕੱਢ ਦੇਣ ਬਾਅਦ ‘ਇਕ ਰਾਸ਼ਟਰ ਇਕ ਬੋਲੀ’ ਦਾ ਲਾਇਆ ਨਾਅਰਾ ਭਾਰਤ ਨੂੰ ਇਕ ਪਛਾਣ ਵਿਚ ਬਦਲਣ ਦੇ ਚੁੱਕੇ ਜਾ ਰਹੇ ਕਦਮਾਂ ਦੀ ਹੀ ਨਿਸ਼ਾਨਦੇਹੀ ਕਰਦਾ ਹੈ। ਪਰ ਭਾਰਤ ਵਰਗੇ ਭਿੰਨਤਾਵਾਂ ਵਾਲੇ ਦੇਸ਼ ਨੂੰ ਜਬਰੀ ਇਕ ਰਾਸ਼ਟਰ ਵਿਚ ਸਮੌਣ ਅਤੇ ਵੱਖ-ਵੱਖ ਸੱਭਿਆਚਾਰਕ ਅਤੇ ਭਾਸ਼ਾਈ ਪਛਾਣਾਂ ਨੂੰ ਮਸਲ ਕੇ ਇਕ ਕਰਨ ਦੀ ਚੁੱਕੇ ਜਾ ਰਹੇ ਇਹ ਕਦਮ ਸਿਰੇ ਚਾੜ੍ਹਣੇ ਸੌਖਾਲਾ ਕੰਮ ਨਹੀਂ। ਪੰਜਾਬੀ ਪ੍ਰੇਮੀਆਂ ਵੱਲੋਂ ਦਿਖਾਇਆ ਗਿਆ ਰੋਸ, ਗੁੱਸਾ ਇਸੇ ਗੱਲ ਦਾ ਹੀ ਸਪੱਸ਼ਟ ਪ੍ਰਮਾਣ ਹੈ ਕਿ ਵੱਖ-ਵੱਖ ਬੋਲੀਆਂ ਬੋਲਣ ਵਾਲੇ ਦੇਸ਼ ਵਿਚ ਇਕ ਭਾਸ਼ਾ ਲਾਗੂ ਕਰਨੀ ਨਾ ਸਿਰਫ ਔਖੀ ਹੈ, ਸਗੋਂ ਸੰਭਵ ਹੀ ਨਹੀਂ।
21ਵੀਂ ਸਦੀ ਦੇ ਆਧੁਨਿਕ ਯੁੱਗ ਵਿਚ ਵੱਖ-ਵੱਖ ਬੋਲੀਆਂ ਅਤੇ ਸੱਭਿਆਚਾਰਕ ਵੰਨਗੀਆਂ ਨੂੰ ਖਦੇੜਨ ਅਤੇ ਮਿਟਾਉਣ ਦੀ ਪਹੁੰਚ ਕਿਸੇ ਵੀ ਤਰ੍ਹਾਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਹਾਈ ਸਿੱਧ ਨਹੀਂ ਹੋਵੇਗੀ। ਸਗੋਂ ਇਸ ਨਾਲ ਦੇਸ਼ ਅੰਦਰ ਵੱਖਰੇ-ਵੱਖਰੇ ਰੁਝਾਨ ਅਤੇ ਖਤਰੇ ਖੜ੍ਹੇ ਹੋ ਸਕਦੇ ਹਨ। ਅੱਜ ਲੋੜ ਇਸ ਗੱਲ ਦੀ ਹੈ ਕਿ ਵੱਖ-ਵੱਖ ਭਾਸ਼ਾਵਾਂ ਅਤੇ ਸੱਭਿਆਚਾਰਕ ਵੰਨਗੀਆਂ ਦੀ ਬਰਾਬਰ ਕਦਰ ਹੋਵੇ, ਬਰਾਬਰ ਦਾ ਮਾਣ-ਸਨਮਾਨ ਮਿਲੇ। ਅਜਿਹੇ ਮਾਹੌਲ ਵਿਚ ਇਹ ਸਾਰੇ ਭਾਈਚਾਰੇ ਇਕ ਦੂਜੇ ਪ੍ਰਤੀ ਏਕੇ ਅਤੇ ਸਹਿਹੋਂਦ ਦੀ ਭਾਵਨਾ ਦੇ ਕਦਰਦਾਨ ਬਣਨਗੇ ਅਤੇ ਇਕ ਦੂਜੇ ਨਾਲ ਮਿਲ ਕੇ ਚੱਲਣ ਅਤੇ ਕੰਮ ਕਰਨ ਦੀ ਭਾਵਨਾ ਵਧੇਗੀ। ਆਉਣ ਵਾਲੇ ਸਮੇਂ ਵਿਚ ਇਹ ਮਾਮਲਾ ਲੱਗਦਾ ਹੈ ਕਿ ਹੋਰ ਵਧੇਰੇ ਤੂਲ ਫੜੇਗਾ। ਕਿਉਂਕਿ ਜਿਵੇਂ-ਜਿਵੇਂ ਭਾਜਪਾ ਦੇਸ਼ ਨੂੰ ਇਕ ਰਾਸ਼ਟਰ ਬਣਾਉਣ ਵੱਲ ਵਧੇਗੀ, ਤਿਵੇਂ-ਤਿਵੇਂ ਇਹ ਵਿਰੋਧ ਵੀ ਹੋਰ ਤਿੱਖੇ ਹੋਣਗੇ। ਗੁਰਦਾਸ ਮਾਨ ਜਾਣੇ ਜਾਂ ਅਣਜਾਣੇ ਭਾਰਤ ਦੀ ਸਿਆਸਤ ਵਿਚ ਆ ਰਹੇ ਇਸ ਰੁਝਾਨ ਦੇ ਲਪੇਟੇ ਵਿਚ ਆ ਗਿਆ ਹੈ। ਪੰਜਾਬੀਆਂ ਨੇ ਜਿੰਨਾ ਮੋਹ, ਸਤਿਕਾਰ, ਮਾਣ ਤੇ ਪਿਆਰ ਗੁਰਦਾਸ ਮਾਨ ਨੂੰ ਦਿੱਤਾ, ਸ਼ਾਇਦ ਹੀ ਇਹ ਕਿਸੇ ਹੋਰ ਗਾਇਕ ਦੇ ਹਿੱਸੇ ਆਇਆ ਹੋਵੇ। ਅੱਜ ਜੇਕਰ ਪੰਜਾਬੀਆਂ ਵੱਲੋਂ ਉਸ ਦਾ ਵਿਰੋਧ ਹੋ ਰਿਹਾ ਹੈ, ਤਖਤੀਆਂ ਲੈ ਕੇ ਸੜਕਾਂ ‘ਤੇ ਉਤਰਨਾ ਪਿਆ, ਪ੍ਰਦਰਸ਼ਨ ਕਰਨੇ ਪੈ ਰਹੇ ਹਨ, ਤਾਂ ਗੁਰਦਾਸ ਮਾਨ ਦੀ ਆਪਣੀ ਗਲਤੀ ਕਰਕੇ ਹੋ ਰਿਹਾ ਹੈ। ਅੱਜ ਉਸ ਨੂੰ ਉਹ ਬੋਲੀ ਛੋਟੀ ਲੱਗਣ ਲੱਗ ਪਈ, ਜਿਸ ਬੋਲੀ ਨੇ ਉਸ ਨੂੰ ਐਡਾ ਵੱਡਾ ਮੁਕਾਮ ਦਿੱਤਾ। ਅਸੀਂ ਕਿਸੇ ਭਾਸ਼ਾ ਦੇ ਖਿਲਾਫ ਨਹੀਂ, ਪਰ ਆਪਣੀ ਮਾਂ ਬੋਲੀ ਮਾਰ ਕੇ ਕੋਈ ਹੋਰ ਭਾਸ਼ਾ ਸਿੱਖਣੀ ਵੀ ਕੋਈ ਸਿਆਣਪ ਨਹੀਂ।

About Author

Punjab Mail USA

Punjab Mail USA

Related Articles

ads

Latest Category Posts

    ਗੈਰ ਕਾਨੂੰਨੀ ਪ੍ਰਵਾਸ ਨੇ ਉਜਾੜੇ ਮੂੰਹ ਪਾਇਆ ਪੰਜਾਬ

ਗੈਰ ਕਾਨੂੰਨੀ ਪ੍ਰਵਾਸ ਨੇ ਉਜਾੜੇ ਮੂੰਹ ਪਾਇਆ ਪੰਜਾਬ

Read Full Article
    ਅਮਰੀਕੀ ਸੈਨੇਟ ‘ਚ ਪਹਿਲੀ ਵਾਰ ਕੀਤੀ ਗਈ ਸਿੱਖ ਅਰਦਾਸ

ਅਮਰੀਕੀ ਸੈਨੇਟ ‘ਚ ਪਹਿਲੀ ਵਾਰ ਕੀਤੀ ਗਈ ਸਿੱਖ ਅਰਦਾਸ

Read Full Article
    ਐਲਕ ਗਰੋਵ ਪੁਲਿਸ ਮੁਖੀ ਵੱਲੋਂ ਗੁਰਜਤਿੰਦਰ ਰੰਧਾਵਾ ਦਾ ਸਨਮਾਨ

ਐਲਕ ਗਰੋਵ ਪੁਲਿਸ ਮੁਖੀ ਵੱਲੋਂ ਗੁਰਜਤਿੰਦਰ ਰੰਧਾਵਾ ਦਾ ਸਨਮਾਨ

Read Full Article
    ਐਲਕ ਗਰੋਵ ਸਿਟੀ ਵੱਲੋਂ ਫੈਸਟੀਵਲ ਆਫ ਲਾਈਟਸ ਦਾ ਆਯੋਜਨ

ਐਲਕ ਗਰੋਵ ਸਿਟੀ ਵੱਲੋਂ ਫੈਸਟੀਵਲ ਆਫ ਲਾਈਟਸ ਦਾ ਆਯੋਜਨ

Read Full Article
    ਅਮਰੀਕੀ ਵਿਦੇਸ਼ ਵਿਭਾਗ ਕਮੇਟੀ ਦੀ ਸੁਣਵਾਈ ‘ਚ ਕਸ਼ਮੀਰ ਤੇ ਸਿੱਖਾਂ ਦੇ ਗੰਭੀਰ ਮਸਲੇ ‘ਤੇ ਭਾਰਤ ਨੂੰ ਕਰਨਾ ਪਿਆ ਸ਼ਰਮਿੰਦਗੀ ਦਾ ਸਾਹਮਣਾ

ਅਮਰੀਕੀ ਵਿਦੇਸ਼ ਵਿਭਾਗ ਕਮੇਟੀ ਦੀ ਸੁਣਵਾਈ ‘ਚ ਕਸ਼ਮੀਰ ਤੇ ਸਿੱਖਾਂ ਦੇ ਗੰਭੀਰ ਮਸਲੇ ‘ਤੇ ਭਾਰਤ ਨੂੰ ਕਰਨਾ ਪਿਆ ਸ਼ਰਮਿੰਦਗੀ ਦਾ ਸਾਹਮਣਾ

Read Full Article
    ਹੰਟਸਮੈਨ ਅਤੇ ਨਵਾਡਾ ਸਟੇਟ ਸੀਨੀਅਰ ਉਲੰਪਿਕ ‘ਚ ਚਾਰ ਪੰਜਾਬੀਆਂ ਨੇ ਜਿੱਤੇ ਮੈਡਲ

ਹੰਟਸਮੈਨ ਅਤੇ ਨਵਾਡਾ ਸਟੇਟ ਸੀਨੀਅਰ ਉਲੰਪਿਕ ‘ਚ ਚਾਰ ਪੰਜਾਬੀਆਂ ਨੇ ਜਿੱਤੇ ਮੈਡਲ

Read Full Article
    ਸੈਕਰਾਮੈਂਟੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ 25, 26, 27 ਅਕਤੂਬਰ ਨੂੰ

ਸੈਕਰਾਮੈਂਟੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ 25, 26, 27 ਅਕਤੂਬਰ ਨੂੰ

Read Full Article
    ਕਾਂਗਰਸਮੈਨ ਰੋਅ ਖੰਨਾ ਦੇ ਦਾਦਾ ਜੀ ਮਹਾਤਮਾ ਗਾਂਧੀ ਦੇ ਸਨ ਬਹੁਤ ਨਜ਼ਦੀਕ

ਕਾਂਗਰਸਮੈਨ ਰੋਅ ਖੰਨਾ ਦੇ ਦਾਦਾ ਜੀ ਮਹਾਤਮਾ ਗਾਂਧੀ ਦੇ ਸਨ ਬਹੁਤ ਨਜ਼ਦੀਕ

Read Full Article
    ਸਿਆਟਲ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ

ਸਿਆਟਲ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ

Read Full Article
    ਸਿਆਟਲ ‘ਚ ਵਕੀਲ ਤਰਨ ਬੁੱਟਰ ਦੇ ਗ੍ਰਹਿ ‘ਚ ਮਾਤਾਵਾਂ ਤੇ ਬੀਬੀਆਂ ਦੀ ਮਿਲਣੀ ਸਮੇਂ ਭਰਪੂਰ ਮਨੋਰੰਜਨ

ਸਿਆਟਲ ‘ਚ ਵਕੀਲ ਤਰਨ ਬੁੱਟਰ ਦੇ ਗ੍ਰਹਿ ‘ਚ ਮਾਤਾਵਾਂ ਤੇ ਬੀਬੀਆਂ ਦੀ ਮਿਲਣੀ ਸਮੇਂ ਭਰਪੂਰ ਮਨੋਰੰਜਨ

Read Full Article
    ਸਿਆਟਲ ‘ਚ ਸਮਾਜ ਸੇਵੀ ਸੰਸਥਾ ‘ਸੋਚ’ ਵੱਲੋਂ ਵੀਜ਼ਾ ਕੈਂਪ ਲਗਵਾਇਆ

ਸਿਆਟਲ ‘ਚ ਸਮਾਜ ਸੇਵੀ ਸੰਸਥਾ ‘ਸੋਚ’ ਵੱਲੋਂ ਵੀਜ਼ਾ ਕੈਂਪ ਲਗਵਾਇਆ

Read Full Article
    ਆਈ.ਐੱਸ. ਨਾਲ ਮੁਕਾਬਲੇ ਲਈ ਅਮਰੀਕੀ ਫ਼ੌਜੀਆਂ ਨੂੰ ਭੇਜਿਆ ਜਾ ਰਿਹਾ ਹੈ ਇਰਾਕ

ਆਈ.ਐੱਸ. ਨਾਲ ਮੁਕਾਬਲੇ ਲਈ ਅਮਰੀਕੀ ਫ਼ੌਜੀਆਂ ਨੂੰ ਭੇਜਿਆ ਜਾ ਰਿਹਾ ਹੈ ਇਰਾਕ

Read Full Article
    ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

Read Full Article
    ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

Read Full Article
    ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

Read Full Article