ਗੁਤਰਸ ਨੇ ਕੀਤਾ ਭਾਰਤ-ਪਾਕਿਸਤਾਨ ਵਿਚਾਲੇ ਜੰਗਬੰਦੀ ਦਾ ਸਵਾਗਤ

88
Share

ਸੰਯੁਕਤ ਰਾਸ਼ਟਰ, 27 ਫਰਵਰੀ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤੇਰਸ ਨੇ ਕੰਟਰੋਲ ਰੇਖਾ ‘ਤੇ ਜੰਗਬੰਦੀ ਦੇ ਸਮਝੌਤਿਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਭਾਰਤ ਤੇ ਪਾਕਿ ਫ਼ੌਜੀਆਂ ਵੱਲੋਂ ਕੀਤੇ ਗਏ ਐਲਾਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਸਕਾਰਾਤਮਕ ਕਦਮ ਅੱਗੇ ਦੀ ਗੱਲਬਾਤ ਲਈ ਦੋਵੇਂ ਧਿਰਾਂ ਨੂੰ ਮੌਕਾ ਮੁਹੱਈਆ ਕਰਾਏਗਾ।

ਗੁਤਰਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਵੀਰਵਾਰ ਨੂੰ ਆਪਣੀ ਨਿਯਮਤ ਪ੍ਰਰੈੱਸ ਬ੍ਰੀਫਿੰਗ ‘ਚ ਕਿਹਾ, ‘ਯੂਐੱਨ ਦੇ ਸਕੱਤਰ ਜਨਰਲ ਕਸ਼ਮੀਰ ‘ਚ ਕੰਟਰੋਲ ਰੇਖਾ ‘ਤੇ ਸੀਜ਼ਫਾਇਰ ਦੇ ਸਾਰੇ ਸਮਝੌਤਿਆਂ ਦੀ ਸਖਤੀ ਨਾਲ ਪਾਲਣਾ ਤੇ ਸਥਾਪਤ ਤੰਤਰ ਦੇ ਜ਼ਰੀਏ ਸੰਪਰਕ ‘ਚ ਰਹਿਣ ਸਬੰਧੀ ਦੋਵੇਂ ਦੇਸ਼ਾਂ ਦੀਆਂ ਫੌਜਾਂ ਦੇ ਸਾਂਝੇ ਬਿਆਨ ਤੋਂ ਉਤਸ਼ਾਹਤ ਹਨ।’ ਦੁਜਾਰਿਕ ਨੇ ਕਿਹਾ, ‘ਉਹ ਉਮੀਦ ਕਰਦੇ ਹਨ ਕਿ ਇਹ ਸਕਾਰਾਤਮਕ ਕਦਮ ਅੱਗੇ ਦੀ ਗੱਲਬਾਤ ਲਈ ਮੌਕਾ ਮੁਹੱਈਆ ਕਰਾਏਗਾ। ਜਦੋਂ ਦੁਜਾਰਿਕ ਤੋਂ ਪੁੱਿਛਆ ਗਿਆ ਕਿ ਕੀ ਸਕੱਤਰ ਜਨਰਲ ਗੁਤਰਸ ਦੋਵਾਂ ਦੇਸ਼ਾਂ ਦੇ ਆਗੂਆਂ ਨਾਲ ਗੱਲ ਕਰ ਸਕਦੇ ਹਨ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਅਜਿਹੀ ਕੋਈ ਯੋਜਨਾ ਨਹੀਂ ਹੈ। ਹਾਲਾਂਕਿ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਦੋਵੇਂ ਦੇਸ਼ਾਂ ‘ਚੋਂ ਕੋਈ ਵੀ ਵਿਚੋਲਗੀ ਦੀ ਅਪੀਲ ਕਰੇਗਾ ਤਾਂ ਉਨ੍ਹਾਂ ਦਾ ਦਫ਼ਤਰ ਇਸ ਲਈ ਹਮੇਸ਼ਾ ਤਿਆਰ ਹੈ। ਓਧਰ, ਸੰਯੁਕਤ ਰਾਸ਼ਟਰ ਮਹਾਸਭਾ ਦੇ 75ਵੇਂ ਸੈਸ਼ਨ ਦੇ ਚੇਅਰਮੈਨ ਵੋਲਕਨ ਬੋਜਕਿਰ ਨੇ ਵੀ ਟਵੀਟ ਕਰ ਕੇ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਸੀਜ਼ਫਾਇਰ ਸਮਝੌਤੇ ਦਾ ਤਹਿ ਦਿਲੋਂ ਸਵਾਗਤ ਕਰਦੇ ਹਨ। ਦੱਸਣਯੋਗ ਹੈ ਕਿ ਦੋਵਾਂ ਦੇਸ਼ਾਂ ਦੇ ਡੀਜੀਐੱਮਓਜ਼ ਵਿਚਾਲੇ ਗੱਲਬਾਤ ਤੋਂ ਬਾਅਦ ਜੰਗਬੰਦੀ ਦਾ ਫ਼ੈਸਲਾ ਕੀਤਾ ਗਿਆ ਹੈ।


Share