ਗਾਜ਼ੀਪੁਰ ਸਰਹੱਦ ’ਤੇ ਟਕਰਾਅ, ਕਿਸਾਨਾਂ ਨੇ ਤੋੜੇ ਬੈਰੀਕੇਡ

101
Share

ਨਵੀਂ ਦਿੱਲੀ, 26 ਜਨਵਰੀ (ਪੰਜਾਬ ਮੇਲ)- ਕਿਸਾਨਾਂ ਵਲੋਂ ਅੱਜ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕੱਢੀ ਜਾ ਰਹੀ ਹੈ। ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਪੁਲਸ ਵਲੋਂ ਬੈਰੀਕੇਡ ਲਾਏ ਗਏ ਹਨ। ਪਹਿਲਾਂ ਸਿੰਘੂ ਅਤੇ ਟਿਕਰੀ ਸਰਹੱਦ ’ਤੇ ਲਾਏ ਗਏ ਬੈਰੀਕੇਡਜ਼ ਨੂੰ ਕਿਸਾਨਾਂ ਵਲੋਂ ਤੋੜਿਆ ਗਿਆ। ਹੁਣ ਗਾਜ਼ੀਪੁਰ ਸਰੱਹਦ ’ਤੇ ਵੀ ਪੁਲਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪੁਲਸ ਨੇ ਗਾਜ਼ੀਪੁਰ ਸਰਹੱਦ ’ਤੇ ਵੀ ਬੈਰੀਕੇਡਜ਼ ਲਾਏ ਹੋਏ ਹਨ ਅਤੇ ਕਿਸਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦਰਮਿਆਨ ਪੁਲਸ ਅਤੇ ਕਿਸਾਨਾਂ ਦਰਮਿਆਨ ਟਕਰਾਅ ਹੋ ਗਿਆ। ਪੁਲਸ ਨੇ ਕਿਸਾਨਾਂ ’ਤੇ  ਲਾਠੀਚਾਰਜ ਵੀ ਕੀਤਾ। ਇਸ ਤੋਂ ਪਹਿਲਾਂ ਪੁਲਸ ਨੇ ਕਿਸਾਨਾਂ ਦੇ ਕਾਫ਼ਲੇ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਵੀ ਕੀਤੀ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਤਿੰਨੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਆਪਣੀ ਮੰਗ ‘ਤੇ ਕਾਇਮ ਹਨ ਅਤੇ ਮੰਗਾਂ ਪੂਰੀਆਂ ਹੋਣ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਟਰੈਕਟਰ ਰੈਲੀ ਦੀ ਗੱਲ ਹੈ ਤਾਂ ਇਸ ਨਾਲ ਸਰਕਾਰ ਨੂੰ ਸਾਡੀ ਤਾਕਤ ਬਾਰੇ ਪਤਾ ਲੱਗੇਗਾ ਕਿ ਅੰਦੋਲਨ ਸਿਰਫ ਹਰਿਆਣਾ ਜਾਂ ਪੰਜਾਬ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਪੂਰੇ ਦੇਸ਼ ਦਾ ਅੰਦੋਲਨ ਹੈ। ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਟਰੈਕਟਰ ਪਰੇਡ ਲਈ ਆਏ ਕਿਸਾਨ ਹੁਣ ਵਾਪਸ ਨਹੀਂ ਜਾਣਗੇ ਅਤੇ ਪ੍ਰਦਰਸ਼ਨ ਨਾਲ ਜੁੜਨਗੇ।


Share