ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ 1 ਕਿਸਾਨ ਦੀ ਮੌਤ

91
Share

ਨਵੀਂ ਦਿੱਲੀ, 27 ਜਨਵਰੀ (ਪੰਜਾਬ ਮੇਲ)- ਗਣਤੰਤਰ ਦਿਵਸ ਮੌਕੇ ਦਿੱਲੀ ’ਚ ਕਿਸਾਨਾਂ ਵਲੋਂ ਕੱਢੀ ਗਈ ਟਰੈਕਟਰ ਪਰੇਡ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ, ਆਈ.ਟੀ.ਓ. ਦੇ ਨੇੜੇ ਇਕ ਕਿਸਾਨ ਦੀ ਮੌਤ ਹੋਈ। ਇਹ ਘਟਨਾ ਦੀਨ ਦਿਆਲ ਉਪਾਧਿਆਏ ਮਾਰਗ ਦੇ ਨੇੜੇ ਹੋਈ। ਮਿਲੀ ਜਾਣਕਾਰੀ ਮੁਤਾਬਕ, ਪ੍ਰਦਰਸ਼ਨਕਾਰੀ ਕਿਸਾਨ ਦੀ ਮੌਤ ਸੜਕ ਹਾਦਸੇ ’ਚ ਹੋਈ, ਕਿਉਂਕਿ ਜਿੱਥੇ ਉਸ ਦੀ ਮੌਤ ਹੋਈ ਹੈ, ਉਥੇ ਹੀ ਨੇੜੇ ਇਕ ਟਰੈਕਟਰ ਵੀ ਪਲਟਿਆ ਹੋਇਆ ਮਿਲਿਆ। ਪਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਸੀ ਕਿ ਮ੍ਰਿਤਕ ਦੀ ਮੌਤ ਪੁਲਿਸ ਦੀ ਗੋਲੀ ਲੱਗਣ ਨਾਲ ਹੋਈ। ਸੂਤਰਾਂ ਮੁਤਾਬਕ, ਜਿਸ ਕਿਸਾਨ ਦੀ ਮੌਤ ਹੋਈ, ਉਹ ਉੱਤਰਾਖੰਡ ਦੇ ਬਾਜ਼ਪੁਰ ਦਾ ਰਹਿਣ
ਵਾਲਾ ਸੀ। ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਬਰੂਹਾਂ ’ਤੇ ਬੀਤੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕੱਢਣ ਲਈ ਜੋ ਰੂਟ ਅਤੇ ਸਮਾਂ ਤੈਅ ਕੀਤਾ ਗਿਆ ਸੀ, ਉਸ ਨੂੰ ਤੋੜਦੇ ਹੋਏ ਕਿਸਾਨ ਸਮੇਂ ਤੋਂ ਪਹਿਲਾਂ ਹੀ ਟਿਕਰੀ ਅਤੇ ਸਿੰਘੂ ਸਰਹੱਦਾਂ ’ਤੇ ਲੱਗੇ ਬੈਰੀਕੇਡ ਤੋੜਦੇ ਹੋਏ ਰਾਸ਼ਟਰੀ ਰਾਜਧਾਨੀ ’ਚ ਪ੍ਰਵੇਸ਼ ਕਰ ਗਏ। ਆਈ.ਟੀ.ਓ. ਦੇ ਨੇੜੇ ਪਹੁੰਚੇ ਕਿਸਾਨਾਂ ਨੂੰ ਕੰਟਰੋਲ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਅਤੇ ਹੰਝੂ ਗੈਸ ਦੇ ਗੋਲੇ ਵੀ ਦਾਗੇ ਗਏ। ਸਿੰਘੂ ਬਾਰਡਰ ਤੋਂ ਜੋ ਟਰੈਕਟਰ ਪਰੇਡ ’ਚ ਕਿਸਾਨਾਂ ਦੀ ਟੁਕੜੀ ਚੱਲੀ ਸੀ, ਉਹ ਅੰਦਰੂਨੀ ਰਿੰਗਰੋਡ ਵੱਲ ਵਧ ਗਈ ਅਤੇ ਗਾਜ਼ੀਪੁਰ ਬਾਰਡਰ ਵਾਲੀ ਟੁਕੜੀ ਆਈ.ਟੀ.ਓ. ਵੱਲ ਵਧ ਗਈ।


Share