PUNJABMAILUSA.COM

ਖੱਟੀਆਂ-ਮਿੱਠੀਆਂ ਯਾਦਾਂ ਅਤੇ ਕੁੱਝ ਉਮੀਦਾਂ ਨਾਲ ਲੰਘਿਆ 2018

 Breaking News

ਖੱਟੀਆਂ-ਮਿੱਠੀਆਂ ਯਾਦਾਂ ਅਤੇ ਕੁੱਝ ਉਮੀਦਾਂ ਨਾਲ ਲੰਘਿਆ 2018

ਖੱਟੀਆਂ-ਮਿੱਠੀਆਂ ਯਾਦਾਂ ਅਤੇ ਕੁੱਝ ਉਮੀਦਾਂ ਨਾਲ ਲੰਘਿਆ 2018
January 02
10:40 2019

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਲੰਘਿਆ ਵਰ੍ਹਾ 2018 ਜਿੱਥੇ ਬਹੁਤ ਸਾਰੀਆਂ ਖੱਟੀਆਂ-ਮਿੱਠੀਆਂ ਯਾਦਾਂ ਛੱਡ ਗਿਆ ਹੈ, ਉਥੇ ਕੁੱਝ ਨਵੀਆਂ ਉਮੀਦਾਂ ਵੀ ਜਗਾ ਗਿਆ ਹੈ। ਪਿਛਲੇ ਵਰ੍ਹੇ ਲਗਭਗ ਸਾਰਾ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਾ ਮੁੱਦਾ ਪੰਜਾਬ ਦੇ ਸਿਆਸੀ ਮਾਹੌਲ ਉਪਰ ਹਾਵੀ ਰਿਹਾ। ਇਸ ਵਰ੍ਹੇ ਪੰਜਾਬ ਦੀ ਸਿਆਸੀ ਫਿਜ਼ਾ ਵਿਚ ਅਜਿਹੀਆਂ ਤਰਥੱਲੀਆਂ ਉੱਠੀਆਂ ਕਿ ਸਾਰਾ ਸਾਲ ਹੀ ਪੰਜਾਬ ਦਾ ਸਿਆਸੀ ਮਾਹੌਲ ਡਾਵਾਂਡੋਲਤਾ ਦੀ ਭੇਂਟ ਚੜ੍ਹਿਆ ਰਿਹਾ ਹੈ। ਸਾਲ ਦੇ ਸ਼ੁਰੂ ਵਿਚ ਹੀ ਹਕੂਮਤ ਕਰ ਰਹੀ ਪਾਰਟੀ ਕਾਂਗਰਸ ਇਕ ਪਾਸੇ ਕਿਸਾਨਾਂ ਦੇ ਕਰਜ਼ੇ ਮੁਆਫ ਨਾ ਕਰ ਸਕਣ ਕਾਰਨ ਵੱਡੀ ਆਲੋਚਨਾ ਦਾ ਸ਼ਿਕਾਰ ਹੋਈ, ਉਥੇ ਬੇਅਬਦੀ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਉਪਰ ਵੀ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਮੁੱਦਾ ਛਾਇਆ ਰਿਹਾ। ਕਾਂਗਰਸ ਦੇ ਅੰਦਰ ਵੀ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਤਿੱਖੀ ਨੁਕਤਾਚੀਨੀ ਹੁੰਦੀ ਰਹੀ। ਇਥੋਂ ਤੱਕ ਕਿ ਕਾਂਗਰਸ ਦੇ ਹੇਠਲੇ ਵਰਕਰ ਹੀ ਨਹੀਂ, ਸਗੋਂ ਵਜ਼ੀਰ ਤੱਕ ਇਹ ਕਹਿੰਦੇ ਵੀ ਸੁਣੇ ਜਾਂਦੇ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਨਾਲ ਰਲੇ ਹੋਣ ਕਾਰਨ ਉਨ੍ਹਾਂ ਖਿਲਾਫ ਕੋਈ ਕਾਰਵਾਈ ਕੀਤੇ ਜਾਣ ਤੋਂ ਟਾਲਾ ਵੱਟ ਰਹੇ ਹਨ। ਸਾਰਾ ਸਾਲ ਹੀ ਮੁੱਖ ਮੰਤਰੀ ਦੇ ਅਕਾਲੀਆਂ ਨਾਲ ਰਲੇ ਹੋਣ ਦੀ ਗੱਲ ਸਿਆਸੀ ਹਲਕਿਆਂ ਵਿਚ ਚਰਚਿਤ ਰਹੀ। ਕਾਂਗਰਸ ਪਾਰਟੀ ਲੈਂਡ ਮਾਫੀਆ, ਸੈਂਡ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਸ਼ਰਾਬ ਮਾਫੀਆ ਅਤੇ ਹੋਰ ਅਨੇਕ ਤਰ੍ਹਾਂ ਦੇ ਮਾਫੀਏ ਨੂੰ ਖਤਮ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ। ਪਰ ਸਰਕਾਰ ਦੇ ਬਣਨ ਦੇ ਪਹਿਲੇ ਸਾਲ ਮਾਫੀਏ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕੋਈ ਦਿਖਾਈ ਦਿੰਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕਾਂ ਵਿਚ ਕਾਫੀ ਰੋਸ ਜਾਗਿਆ। ਇਸ ਤਰ੍ਹਾਂ ਹਕੂਮਤੀ ਪਾਰਟੀ ਜਿਸ ਜਲਵੇ ਅਤੇ ਉਤਸ਼ਾਹ ਨਾਲ ਸੱਤਾ ਵਿਚ ਆਈ ਸੀ, ਦੂਜਾ ਸਾਲ ਸ਼ੁਰੂ ਹੁੰਦਿਆਂ ਹੀ ਉਸ ਦਾ ਇਹ ਜਲਵਾ ਅਤੇ ਉਤਸ਼ਾਹ ਮੱਠਾ ਪਿਆ ਨਜ਼ਰ ਆਇਆ।
ਇਸ ਵਰ੍ਹੇ ਡੂੰਘੇ ਧਾਰਮਿਕ ਅਤੇ ਸਿਆਸੀ ਸੰਕਟ ਵਿਚ ਫਸੀ ਅਕਾਲੀ ਲੀਡਰਸ਼ਿਪ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਰਾਹਤ ਨਹੀਂ ਮਿਲੀ, ਸਗੋਂ ਸਿੱਖ ਸੰਗਤ ਵਿਚ ਪੈਦਾ ਹੋਏ ਰੋਸ ਅਤੇ ਗੁੱਸੇ ਦਾ ਇਜ਼ਹਾਰ ਕਿਸੇ ਨਾ ਕਿਸੇ ਰੂਪ ਵਿਚ ਲਗਾਤਾਰ ਸਾਹਮਣੇ ਆਉਂਦਾ ਰਿਹਾ। ਸਾਲ ਦੇ ਅਖੀਰ ਵਿਚ ਅਕਾਲੀ ਦਲ ਟਕਸਾਲੀ ਦੇ ਗਠਿਤ ਹੋਣ ਨਾਲ ਪਾਰਟੀ ਦੋਫਾੜ ਹੋ ਗਈ। ਮਾਝੇ ਦੇ ਬਹੁਤ ਸਾਰੇ ਅਹਿਮ ਸੀਨੀਅਰ ਆਗੂ ਪਾਰਟੀ ਛੱਡ ਗਏ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਲਈ ਵੀ ਇਹ ਵਰ੍ਹਾ ਲਗਾਤਾਰ ਸੰਕਟ ਵਾਲਾ ਹੀ ਰਿਹਾ। ਸਾਲ ਦੇ ਮੁੱਢ ਵਿਚ ਹੀ ਸਭ ਤੋਂ ਪਹਿਲਾਂ ਸ. ਐੱਚ.ਐੱਸ. ਫੂਲਕਾ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਗਏ। ਉਨ੍ਹਾਂ ਦੀ ਥਾਂ ਨਵੇਂ ਬਣਾਏ ਵਿਰੋਧੀ ਧਿਰ ਦੇ ਨੇਤਾ ਸ. ਸੁਖਪਾਲ ਸਿੰਘ ਖਹਿਰਾ ਨਾਲ ਵੀ ਆਪ ਲੀਡਰਸ਼ਿਪ ਦਾ ਜਲਦੀ ਹੀ ਇੱਟ-ਖੜੱਕਾ ਸ਼ੁਰੂ ਹੋ ਗਿਆ ਤੇ ਆਖਰ ਸਾਲ ਦੇ ਅੱਧ ਵਿਚ ‘ਆਪ’ ਦਾ ਵਿਧਾਇਕ ਦਲ ਦੋ ਧੜਿਆਂ ਵਿਚ ਵੰਡਿਆ ਗਿਆ। ‘ਆਪ’ ਨੇ ਹਰਪਾਲ ਸਿੰਘ ਚੀਮਾ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਥਾਪ ਦਿੱਤਾ ਅਤੇ ‘ਆਪ’ ਨਾਲ ਸੰਬੰਧਤ 8 ਵਿਧਾਇਕਾਂ ਨੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਵੱਖਰਾ ਧੜਾ ਕਾਇਮ ਕਰ ਲਿਆ। ਇਸ ਤਰ੍ਹਾਂ ਇਕ ਸਮੇਂ ਪੰਜਾਬੀਆਂ ਲਈ ਉਮੀਦ ਦੀ ਕਿਰਨ ਬਣ ਕੇ ਉਭਰੀ ‘ਆਪ’ ਇਸ ਵਰ੍ਹੇ ਦੋਫਾੜ ਹੋ ਗਈ। ‘ਆਪ’ ਦੇ ਵਿਰੋਧੀ ਧਿਰ ਦੇ ਨੇਤਾ ਤੋਂ ਅਸਤੀਫਾ ਦੇਣ ਵਾਲੇ ਐਡਵੋਕੇਟ ਸ. ਐੱਚ.ਐੱਸ. ਫੂਲਕਾ ਨੇ ਫਿਰ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਵਿਧਾਇਕ ਤੋਂ ਵੀ ਅਸਤੀਫਾ ਦੇ ਦਿੱਤਾ। ਪਰ ਸਾਲ ਬੀਤਣ ਦੇ ਬਾਵਜੂਦ ਵੀ ਇਹ ਅਸਤੀਫਾ ਅਜੇ ਪ੍ਰਵਾਨ ਨਹੀਂ ਹੋਇਆ।
ਕੈਪਟਨ ਸਰਕਾਰ ਵੱਲੋਂ ਬੇਅਦਬੀ ਤੇ ਬਹਿਬਲ ਕਾਂਡ ਦੇ ਦੋਸ਼ੀ ਸਿਆਸੀ ਆਗੂਆਂ ਅਤੇ ਪੁਲਿਸ ਅਫਸਰਾਂ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਸਿੱਖਾਂ ਵਿਚ ਰੋਸ ਲਗਾਤਾਰ ਵਧਦਾ ਗਿਆ। ਆਖਰ 1 ਮਈ 2018 ਨੂੰ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਬਰਗਾੜੀ ਵਿਖੇ ਇਨਸਾਫ ਮੋਰਚਾ ਸ਼ੁਰੂ ਕੀਤਾ ਗਿਆ। ਇਸ ਮੋਰਚੇ ਦੀਆਂ ਤਿੰਨ ਪ੍ਰਮੁੱਖ ਮੰਗਾਂ ਸਨ। ਪਹਿਲੀ ਬੇਅਦਬੀ ਕਾਂਡ ਦੇ ਦੋਸ਼ੀ ਲੱਭੇ ਜਾਣ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਲਈ ਜ਼ਿੰਮੇਵਾਰ ਸਿਆਸੀ ਆਗੂਆਂ ਅਤੇ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਹੋਵੇ ਅਤੇ ਤੀਜਾ ਸਜ਼ਾ ਭੁਗਤ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਕੀਤਾ ਜਾਵੇ। ਬਰਗਾੜੀ ਮੋਰਚੇ ਦੇ ਦਬਾਅ ਹੇਠ ਕੁੱਝ ਚਿਰ ਬਾਅਦ ਹੀ ਕਾਇਮ ਹੋਈ ਵਿਸ਼ੇਸ਼ ਜਾਂਚ ਟੀਮ ਨੇ ਬੇਅਦਬੀ ਕਾਂਡਾਂ ‘ਚ ਸ਼ਾਮਲ ਕਈ ਡੇਰਾ ਸਿਰਸਾ ਦੇ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਤਿੰਨ ਸਾਲ ਬਾਅਦ ਪਹਿਲੀ ਵਾਰ ਇਹ ਸੱਚ ਸਾਹਮਣੇ ਆਇਆ ਕਿ ਬਰਗਾੜੀ ਅਤੇ ਆਸਪਾਸ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਡੇਰਾ ਸਿਰਸਾ ਦੇ ਪ੍ਰੇਮੀ ਜ਼ਿੰਮੇਵਾਰ ਸਨ। ਇਸੇ ਤਰ੍ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਆਈ ਰਿਪੋਰਟ ਉਪਰ ਵਿਧਾਨ ਸਭਾ ਸੈਸ਼ਨ ਵਿਚ ਤਿੱਖੀ ਬਹਿਸ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ਕਾਂਡ ਬਾਰੇ ਦਰਜ ਐੱਫ.ਆਈ.ਆਰਜ਼ ਵਿਚ ਦੋਸ਼ੀ ਪੁਲਿਸ ਅਫਸਰਾਂ ਦੇ ਨਾਂ ਵੀ ਨਾਮਜ਼ਦ ਕੀਤੇ ਗਏ ਅਤੇ ਨਵੀਂ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹੋਰ ਨੇਤਾਵਾਂ ਤੋਂ ਵੀ ਪੁੱਛਗਿਛ ਕੀਤੀ। ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਚ ਉਪਰ ਬਹਿਸ ਬੜੀ ਨਿਵੇਕਲੀ ਸੀ। ਬਰਗਾੜੀ ਮੋਰਚੇ ਦੀਆਂ ਤਿੰਨਾਂ ਮੰਗਾਂ ਉਪਰ ਕਾਰਵਾਈ ਹੋਣ ਕਾਰਨ ਆਖਰ ਦਸੰਬਰ ਮਹੀਨੇ ਇਸ ਮੋਰਚੇ ਨੂੰ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਗਿਆ। ਮੋਰਚੇ ਦੀ ਸਮਾਪਤੀ ਨੂੰ ਲੈ ਕੇ ਭਾਵੇਂ ਇਸ ਨੂੰ ਚਲਾਉਣ ਵਾਲੀ ਲੀਡਰਸ਼ਿਪ ਖਿੰਡ-ਪੁੰਡ ਗਈ ਹੈ ਅਤੇ ਇਸ ਮੋਰਚੇ ਪਿੱਛੇ ਖੜ੍ਹਾ ਹੋਇਆ ਸੰਗਤ ਦਾ ਉਭਾਰ ਵੀ ਨਾਲ ਹੀ ਹੇਠਾਂ ਉਤਰ ਗਿਆ ਹੈ। ਪਰ ਬੇਅਦਬੀ ਮਾਮਲਿਆਂ ਤੋਂ ਪਰਦਾ ਚੁੱਕਣ, ਦੋਸ਼ੀ ਪੁਲਿਸ ਅਫਸਰਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਕਿਰਿਆ ਆਰੰਭ ਹੋਣਾ ਇਸ ਦੀਆਂ ਪ੍ਰਾਪਤੀਆਂ ਗਿਣੀਆਂ ਜਾ ਸਕਦੀਆਂ ਹਨ।
ਸਾਲ ਲੰਘ ਗਿਆ ਹੈ ਪਰ ਅਕਾਲੀ ਲੀਡਰਸ਼ਿਪ ਆਪਣਾ ਸੰਕਟ ਦੂਰ ਕਰਨ ਦੀ ਥਾਂ ਸਗੋਂ ਹੋਰ ਉਲਝਦੀ ਗਈ ਹੈ। ਦੂਜੇ ਪਾਸੇ ‘ਆਪ’ ਤੋਂ ਵੱਖ ਹੋਏ ਖਹਿਰਾ ਧੜੇ, ਬੈਂਸ ਭਰਾ ਅਤੇ ਡਾ. ਧਰਮਵੀਰ ਗਾਂਧੀ ਦੀ ਅਗਵਾਈ ਵਾਲੇ ਪੰਜਾਬ ਮੰਚ ਨੇ ਇਕ ਪਾਰਟੀ ਵਿਚ ਜਜ਼ਬ ਹੋਣ ਦੀ ਥਾਂ ਆਪੋ-ਆਪਣੀ ਪਛਾਣ ਕਾਇਮ ਰੱਖਦਿਆਂ ਪੰਜਾਬ ਜਮਹੂਰੀ ਗਠਜੋੜ ਬਣਾਇਆ ਹੈ। ਖਹਿਰਾ ਦੀ ਅਗਵਾਈ ਵਿਚ ਅਗਲੇ ਦਿਨਾਂ ਵਿਚ ਨਵੀਂ ਪਾਰਟੀ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।
ਲੰਘੇ ਵਰ੍ਹੇ ਦੇ ਅਖੀਰ ਵਿਚ ਕਰੀਬ 35 ਸਾਲ ਬਾਅਦ ਦਿੱਲੀ ਸਿੱਖਾਂ ਦੀ ਨਸਲਕੁਸ਼ੀ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਅਤੇ ਕੁਝ ਹੋਰ ਦੋਸ਼ੀਆਂ ਨੂੰ ਸਜ਼ਾ ਮਿਲਣ ਅਤੇ 70 ਸਾਲ ਦੀਆਂ ਅਰਦਾਸਾਂ ਦੇ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੇ ਫੈਸਲੇ ਨੇ ਨਵੀਂਆਂ ਉਮੀਦਾਂ ਵੀ ਪੈਦਾ ਕੀਤੀਆਂ ਹਨ। ਸੱਜਣ ਕੁਮਾਰ ਉਮਰ ਭਰ ਲਈ ਜੇਲ੍ਹ ਚਲਾ ਗਿਆ ਹੈ। ਇਸ ਅਦਾਲਤੀ ਫੈਸਲੇ ਨੇ ਨਸਲਕੁਸ਼ੀ ਦੇ ਨਿਰਾਸ਼ ਬੈਠੇ ਗਵਾਹਾਂ, ਵਕੀਲਾਂ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਊਧਮ ਕਰ ਰਹੇ ਲੋਕਾਂ ਨੂੰ ਇਕ ਨਵਾਂ ਉਤਸ਼ਾਹ ਦਿੱਤਾ ਹੈ। ਕਰਤਾਰਪੁਰ ਦੇ ਲਾਂਘੇ ਲਈ ਦੁਨੀਆਂ ਭਰ ਵਿਚ ਵਸਦੀ ਸਿੱਖ ਸੰਗਤ ਅਰਦਾਸਾਂ ਕਰਦੀ ਆ ਰਹੀ ਸੀ। ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕ੍ਰਿਕਟਰ ਜਦੋਂ ਆਪਣੇ ਦੋਸਤ ਇਮਰਾਨ ਖਾਨ ਦੀ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਗਏ, ਤਾਂ ਉਨ੍ਹਾਂ ਦੀ ਪਹਿਲਕਦਮੀ ਉਪਰ ਲਾਂਘਾ ਖੋਲ੍ਹਣ ਦੀ ਚਰਚਾ ਜ਼ੋਰ-ਸ਼ੋਰ ਨਾਲ ਸ਼ੁਰੂ ਹੋਈ ਤੇ ਆਖਰ ਦੋਵਾਂ ਦੇਸ਼ਾਂ ਨੇ ਲਾਂਘਾ ਖੋਲ੍ਹਣ ਦੇ ਫੈਸਲੇ ਉਪਰ ਸਹਿਮਤੀ ਦਿੰਦਿਆਂ ਲਾਂਘੇ ਦੇ ਉਦਘਾਟਨ ਵੀ ਕਰ ਦਿੱਤੇ। ਭਾਵੇਂ ਇਸ ਮਸਲੇ ਉੱਤੇ ਪੰਜਾਬ ਅੰਦਰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਨੀਵੇਂ ਪੱਧਰ ਦੀ ਸਿਆਸੀ ਬਿਆਨਬਾਜ਼ੀ ਵੀ ਕੀਤੀ, ਪਰ ਇਸ ਮਾਮਲੇ ਵਿਚ ਸ. ਨਵਜੋਤ ਸਿੰਘ ਸਿੱਧੂ ਵੱਲੋਂ ਨਿਭਾਈ ਭੂਮਿਕਾ ਨੇ ਉਨ੍ਹਾਂ ਦੇ ਕੱਦ ਨੂੰ ਉਚਾ ਕੀਤਾ ਹੈ ਅਤੇ ਦੇਸ਼-ਵਿਦੇਸ਼ ਦੀ ਸੰਗਤ ‘ਚ ਉਨ੍ਹਾਂ ਪ੍ਰਤੀ ਸਤਿਕਾਰ ਵਧਿਆ ਹੈ।
ਸਾਲ ਦੇ ਮੱਧ ਵਿਚ ਸ਼ਿਲਾਂਗ ਵਿਖੇ ਕਰੀਬ 200 ਸਾਲਾਂ ਤੋਂ ਵਸ ਰਹੇ ਸਿੱਖਾਂ ਨੂੰ ਉਜਾੜੇ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ। ਇਸ ਮਾਮਲੇ ਨੂੰ ਲੈ ਕੇ ਭਾਰਤ ਦੀ ਰਾਜਨੀਤੀ ਵਿਚ ਕਾਫੀ ਉਥਲ-ਪੁਥਲ ਮਚੀ ਰਹੀ। ਲੰਬੇ ਸਮੇਂ ਤੋਂ ਉਥੇ ਵਸ ਰਹੇ ਸਿੱਖਾਂ ਨੂੰ ਉਜਾੜਨ ਲਈ ਕੁਝ ਸਥਾਨਕ ਲੋਕਾਂ ਨੇ ਸਾਜ਼ਿਸ਼ ਅਧੀਨ ਹਾਲਾਤ ਖਰਾਬ ਕਰਨ ਦੇ ਯਤਨ ਕੀਤੇ। ਪਰ ਸਿੱਖ ਸੰਸਥਾਵਾਂ ਵੱਲੋਂ ਆਵਾਜ਼ ਉਠਾਏ ਜਾਣ ਨਾਲ ਇਹ ਮਾਮਲਾ ਇਕ ਵਾਰ ਸ਼ਾਂਤ ਹੋ ਗਿਆ।
ਖੁਸ਼ੀਆਂ ਦੇ ਤਿਉਹਾਰ ਦੁਸਹਿਰੇ ਮੌਕੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਇਕ ਰੇਲ ਹਾਦਸੇ ਵਿਚ 60 ਦੇ ਕਰੀਬ ਵਿਅਕਤੀਆਂ ਦੇ ਮਾਰੇ ਜਾਣ ਦੀ ਦਰਦਨਾਕ ਘਟਨਾ ਵਾਪਰੀ। ਇਸ ਘਟਨਾ ਦਾ ਪਰਛਾਵਾਂ ਕਈ ਦਿਨ ਪੰਜਾਬ ਦੀ ਸਿਆਸਤ ਉਪਰ ਵੀ ਪਿਆ ਰਿਹਾ।
ਲੰਘੇ ਵਰ੍ਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਵੱਡੀ ਟੀਮ ਨਾਲ ਭਾਰਤ ਦੌਰੇ ‘ਤੇ ਆਏ ਅਤੇ ਵਿਸ਼ੇਸ਼ ਤੌਰ ‘ਤੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਪੁੱਜੇ।
ਕੈਲੀਫੋਰਨੀਆ ਅਸੈਂਬਲੀ ਮੈਂਬਰ ਦੀ ਪੰਜਾਬ ਫੇਰੀ ਅਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਦੀ ਕਾਫੀ ਚਰਚਾ ਰਹੀ।
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਲੰਘਿਆ ਵਰ੍ਹਾ ਜਿੱਥੇ ਬਹੁਤ ਸਾਰੀਆਂ ਖੱਟੀਆਂ-ਮਿੱਠੀਆਂ ਯਾਦਾਂ ਛੱਡ ਗਿਆ ਹੈ, ਉਥੇ ਸਾਡੇ ਲਈ ਇਨਸਾਫ ਅਤੇ ਹੋਰ ਪ੍ਰਾਪਤੀਆਂ ਦੀਆਂ ਉਮੀਦਾਂ ਵੀ ਜਗਾ ਗਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

Read Full Article
    ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

Read Full Article
    ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

Read Full Article
    ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

Read Full Article
    ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

Read Full Article
    ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

Read Full Article
    ਸਾਊਥਰਨ ਕੈਲੀਫੋਰਨੀਆਂ ਦੀਆਂ ਸੰਗਤਾਂ ਨੇ ‘ਵਿਸਾਖੀ 2020’ ਮਨਾਉਣ ਸਬੰਧੀ ਕੀਤੀ ਪਹਿਲੀ ਮੀਟਿੰਗ

ਸਾਊਥਰਨ ਕੈਲੀਫੋਰਨੀਆਂ ਦੀਆਂ ਸੰਗਤਾਂ ਨੇ ‘ਵਿਸਾਖੀ 2020’ ਮਨਾਉਣ ਸਬੰਧੀ ਕੀਤੀ ਪਹਿਲੀ ਮੀਟਿੰਗ

Read Full Article
    ਸਦਨ ‘ਚ ਮਹਾਦੋਸ਼ ‘ਤੇ ਚਰਚਾ ਦੌਰਾਨ ਡੈਮੋਕ੍ਰੇਟਿਕ ਤੇ ਰੀਪਬਲਿਕਨ ਮੈਂਬਰ ‘ਚ ਝਗੜਾ

ਸਦਨ ‘ਚ ਮਹਾਦੋਸ਼ ‘ਤੇ ਚਰਚਾ ਦੌਰਾਨ ਡੈਮੋਕ੍ਰੇਟਿਕ ਤੇ ਰੀਪਬਲਿਕਨ ਮੈਂਬਰ ‘ਚ ਝਗੜਾ

Read Full Article
    ਸਾਹਿਤਕਾਰ ਇੰਦਰ ਸਿੰਘ ਖਾਮੋਸ਼ ਦਾ ਦੇਹਾਂਤ

ਸਾਹਿਤਕਾਰ ਇੰਦਰ ਸਿੰਘ ਖਾਮੋਸ਼ ਦਾ ਦੇਹਾਂਤ

Read Full Article
    ਗੱਤਕਾ ਫੈਡਰੇਸ਼ਨ ਯੂ.ਐੱਸ.ਏ. ਵਲੋਂ ਦੋ ਰੋਜ਼ਾ ਨੈਸ਼ਨਲ ਗੱਤਕਾ ਕੋਚਿੰਗ ਤੇ ਰਿਫਰੈਸ਼ਰ-ਕੋਰਸ ਆਯੋਜਿਤ

ਗੱਤਕਾ ਫੈਡਰੇਸ਼ਨ ਯੂ.ਐੱਸ.ਏ. ਵਲੋਂ ਦੋ ਰੋਜ਼ਾ ਨੈਸ਼ਨਲ ਗੱਤਕਾ ਕੋਚਿੰਗ ਤੇ ਰਿਫਰੈਸ਼ਰ-ਕੋਰਸ ਆਯੋਜਿਤ

Read Full Article
    ਕੈਲੀਫੋਰਨੀਆ ‘ਚ ਪੰਜਾਬੀ ‘ਤੇ ਹੱਤਿਆ ਮਾਮਲੇ ‘ਚ ਦੋਸ਼ ਆਇਦ; ਹੋ ਸਕਦੀ ਹੈ ਮੌਤ ਦੀ ਸਜ਼ਾ

ਕੈਲੀਫੋਰਨੀਆ ‘ਚ ਪੰਜਾਬੀ ‘ਤੇ ਹੱਤਿਆ ਮਾਮਲੇ ‘ਚ ਦੋਸ਼ ਆਇਦ; ਹੋ ਸਕਦੀ ਹੈ ਮੌਤ ਦੀ ਸਜ਼ਾ

Read Full Article
    ਸ਼ਿਕਾਗੋ ‘ਚ ਲਾਪਤਾ ਭਾਰਤੀ ਮੂਲ ਦੀ ਔਰਤ ਦੀ ਲਾਸ਼ ਮਿਲੀ

ਸ਼ਿਕਾਗੋ ‘ਚ ਲਾਪਤਾ ਭਾਰਤੀ ਮੂਲ ਦੀ ਔਰਤ ਦੀ ਲਾਸ਼ ਮਿਲੀ

Read Full Article
    ਅਮਰੀਕਾ ਦੇ ਹੋਨੋਲੁਲੂ ‘ਚ ਗੋਲੀਬਾਰੀ ਦੌਰਾਨ ਦੋ ਪੁਲਿਸ ਕਰਮਚਾਰੀਆਂ ਦੀ ਮੌਤ

ਅਮਰੀਕਾ ਦੇ ਹੋਨੋਲੁਲੂ ‘ਚ ਗੋਲੀਬਾਰੀ ਦੌਰਾਨ ਦੋ ਪੁਲਿਸ ਕਰਮਚਾਰੀਆਂ ਦੀ ਮੌਤ

Read Full Article
    ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

Read Full Article
    ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

Read Full Article