ਖੋਜ਼ੀਆਂ ਵੱਲੋਂ ਕੋਵਿਡ ਦਾ ਡੈਲਟਾ ਰੂਪ ਤੇਜੀ ਨਾਲ ਫੈਲਣ ਦੀ ਚਿਤਾਵਨੀ

226
Share

* ਮੱਧ ਅਕਤੂਬਰ ਵਿਚ ਪਹੁੰਚੇਗਾ ਸਿਖਰਤੇਮਾਹਿਰ

ਸੈਕਰਾਮੈਂਟੋ 25 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਕੋਵਿਡ-19 ਖੋਜ਼ ਸਮੂੰਹ ਨੇ ਭਵਿੱਖਬਾਣੀ ਕੀਤੀ ਹੈ ਕਿ ਮੌਜੂਦਾ ਵਧ ਰਹੇ ਕੋਰੋਨਾ ਮਾਮਲੇ ਮੱਧ ਅਕਤੂਬਰ ਵਿਚ ਸਿਖਰ ‘ਤੇ ਪਹੁੰਚ ਜਾਣਗੇ। ਸਮੂੰਹ ਅਨੁਸਾਰ ਅਮਰੀਕਾ ਦੇ ਕਈ ਹਿੱਸਿਆਂ ਵਿਚ ਕੋਵਿਡ-19 ਦਾ ਡੈਲਟਾ ਰੂਪ ਸਰਗਰਮ ਹੈ ਤੇ ਤੇਜੀ ਨਾਲ ਫੈਲ ਰਿਹਾ ਹੈ ਜਿਸ ਪ੍ਰਤੀ ਲੋਕ ਚੌਕੰਨੇ ਨਹੀਂ ਹਨ। ਯੁਨੀਵਰਸਿਟੀ ਆਫ ਨਾਰਥ ਕੈਰੋਲੀਨਾ ਦੇ ਮਹਾਮਾਰੀ ਵਿਗਿਆਨੀ ਜਸਟਿਨ ਲੈਸਲਰ ਨੇ ਕਿਹਾ ਹੈ ਕਿ ਅਮਰੀਕਾ ਦੀ ਕੇਵਲ 70% ਯੋਗ ਆਬਾਦੀ ਦਾ ਟੀਕਾਕਰਣ ਹੋਇਆ ਹੈ ਜਦ ਕਿ ਡੈਲਟਾ ਵਾਇਰਸ ਦੇ ਇਕ ਵਿਅਕਤੀ ਤੋਂ ਦੂਸਰੇ ਤੱਕ ਫੈਲਣ ਦੀ ਰਫਤਾਰ 60% ਵਧ ਗਈ ਹੈ। ਲੈਸਲਰ ਅਨੁਸਾਰ ਮੱਧ ਅਕਤੂਬਰ ਵਿਚ ਕੋਵਿਡ ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਅੰਦਾਜਨ 60000 ਹੋ ਜਾਵੇਗੀ ਜਦ ਕਿ ਰੋਜ਼ਾਨਾ ਮੌਤਾਂ 850 ਦੇ ਆਸ ਪਾਸ ਹੋਣਗੀਆਂ। ਉਨਾਂ ਕਿਹਾ ਕਿ ਇਸ ਸਮੇ ਲੋਕ ਡੈਲਟਾ ਵਾਇਰਸ ਦੇ ਮਾਰੂ ਪ੍ਰਭਾਵ ਪ੍ਰਤੀ ਅਵੇਸਲੇ ਹੋ ਗਏ ਹਨ। ਇਸ ਦੇ ਨਾਲ ਹੀ ਲੈਸਲਰ ਨੇ ਕਿਹਾ ਹੈ ਕਿ ਵੈਕਸੀਨੇਸ਼ਨ ਦਰ ਵਿਚ ਸੁਧਾਰ ਤੇ ਜਨ ਸਿਹਤ ਵਿਵਸਥਾ ਦੀ ਪੁਨਰ ਬਹਾਲੀ ਕੋਵਿਡ ਅਨੁਮਾਨਾਂ ਨੂੰ ਝੁਠਲਾ ਸਕਦੀ ਹੈ। ਜੌਹਨ ਹੋਪਕਿਨਜ ਯੁਨੀਵਰਸਿਟੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕੋਵਿਡ ਮਾਮਲੇ ਪੂਰੇ ਅਮਰੀਕਾ ਵਿਚ ਵਧ ਰਹੇ ਹਨ। ਸਿਹਤ ਮਾਹਿਰ ਵਾਰ -ਵਾਰ ਚਿਤਾਵਨੀਆਂ ਦੇ ਰਹੇ ਹਨ ਕਿ ਜਿਨਾਂ ਖੇਤਰਾਂ ਵਿਚ ਟੀਕਾਕਰਣ ਦੀ ਦਰ ਘੱਟ ਹੈ, ਉਥੇ ਮਾਮਲੇ ਤੇਜੀ ਨਾਲ ਵਧਣਗੇ।


Share