
ਜਲੰਧਰ, 1 ਦਸੰਬਰ, (ਪੰਜਾਬ ਮੇਲ)- ਕਿਸਾਨਾਂ ਦੇ ਖਿਡਾਰੀ ਪੁੱਤ ਆਪਣੇ ਅਰਜੁਨ ਐਵਾਰਡ, ਪਦਮਸ੍ਰੀ ਤੇ ਦਰੋਣਾਚਾਰੀਆ ਸਮੇਤ ਕੇਂਦਰ ਸਰਕਾਰ ਵੱਲੋਂ ਦਿੱਤੇ ਸਨਮਾਨ ਕਿਸਾਨਾਂ ਨਾਲ ਕੀਤੇ ਜਾ ਰਹੇ ਧੱਕੇ ਵਿਰੁੱਧ 5 ਦਸੰਬਰ ਨੂੰ ਵਾਪਸ ਕਰਨਗੇ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਦਮਸ੍ਰੀ ਪਹਿਲਵਾਨ ਕਰਤਾਰ ਸਿੰਘ, ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ, ਗੋਲਡਨ ਗਰਲ ਵਜੋਂ ਜਾਣੀ ਜਾਂਦੀ ਹਾਕੀ ਓਲੰਪੀਅਨ ਰਾਜਵੀਰ ਕੌਰ, ਸਾਬਕਾ ਕ੍ਰਿਕਟ ਕੋਚ ਪ੍ਰੋ. ਰਾਜਿੰਦਰ ਸਿੰਘ ਅਤੇ ਧਿਆਨ ਚੰਦ ਐਵਾਰਡੀ ਓਲੰਪੀਅਨ ਗੁਰਮੇਲ ਸਿੰਘ ਨੇ ਕਿਹਾ ਕਿ ਉਹ ਕਿਸਾਨਾਂ ਦੇ ਪੁੱਤ ਹਨ ਅਤੇ ਕਿਸਾਨ ਪਰਿਵਾਰਾਂ ਦੇ ਹੋਣ ਕਰਕੇ ਉਨ੍ਹਾਂ ਨੂੰ ਸੂਬੇ ’ਚ ਕਿਸਾਨਾਂ ਦੀ ਮਾੜੀ ਵਿੱਤੀ ਹਾਲਤ ਬਾਰੇ ਬਾਖੂਬੀ ਪਤਾ ਹੈ। ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਨੇ ਕਿਹਾ ਕਿ 5 ਦਸੰਬਰ ਨੂੰ ਜਦੋਂ ਐਵਾਰਡ ਵਾਪਸ ਕਰਨ ਜਾਣਾ ਹੈ ਉਦੋਂ ਸੂਬੇ ਵਿਚੋਂ ਹੋਰ ਵੀ ਬਹੁਤ ਸਾਰੇ ਖਿਡਾਰੀਆਂ ਨੇ ਉਨ੍ਹਾਂ ਨਾਲ ਜਾਣ ਦੀ ਸਹਿਮਤੀ ਪ੍ਰਗਟਾਈ ਹੈ।