ਨਵੀਂ ਦਿੱਲੀ, 24 ਦਸੰਬਰ (ਪੰਜਾਬ ਮੇਲ)- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਅੱਜ 29ਵਾਂ ਦਿਨ ਹੈ। ਉਨ੍ਹਾਂ ਸਰਕਾਰ ਨਾਲ ਗੱਲਬਾਤ ਦਾ ਪ੍ਰਸਤਾਵ ਬੁੱਧਵਾਰ ਨੂੰ ਠੁਕਰਾ ਦਿੱਤਾ ਸੀ। ਕਿਸਾਨਾਂ ਨੇ ਕਿਹਾ ਕਿ ਸਰਕਾਰ ਦੀ ਤਜਵੀਜ਼ ਵਿੱਚ ਦਮ ਨਹੀਂ, ਨਵਾਂ ਏਜੰਡਾ ਲਿਆਉਣ, ਤਦ ਹੀ ਗੱਲ ਹੋਵੇਗੀ। ਕਿਸਾਨ ਆਗੂ ਸ਼ਿਵ ਕੁਮਾਰ ਕੱਕਾਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਅੱਖੋਂ ਪ੍ਰੋਖੇ ਕਰਕੇ ਅੱਗ ਨਾਲ ਖੇਡ ਰਹੀ ਹੈ, ਉਸ ਨੂੰ ਜ਼ਿੱਦ ਛੱਡ ਦੇਣੀ ਚਾਹੀਦੀ ਹੈ।
ਖੇਤੀ ਮੰਤਰਾਲੇ ਦੇ ਸੰਯੁਕਤ ਸਕੱਤਰ ਵਿਵੇਕ ਅਗਰਵਾਲ ਨੇ 20 ਦਸੰਬਰ ਨੂੰ ਕਿਸਾਨ ਆਗੂ ਡਾ. ਦਰਸ਼ਨਪਾਲ ਨੂੰ ਤਜਵੀਜ਼ ਭੇਜੀ ਸੀ; ਇਸ ਲਈ ਜਵਾਬ ਵੀ ਦਰਸ਼ਨਪਾਲ ਦੀ ਈਮੇਲ ਰਾਹੀਂ ਸੰਯੁਕਤ ਸਕੱਤਰ ਨੂੰ ਹੀ ਭੇਜਿਆ ਗਿਆ ਹੈ। ਕਿਸਾਨਾਂ ਨੇ ਲਿਖਿਆ ਹੈ ਕਿ ਪਿਛਲੀ ਚਿੱਠੀ ਸਾਂਝੇ ਮੋਰਚੇ ਦੀ ਸਹਿਮਤੀ ਨਾਲ ਹੀ ਭੇਜੀ ਗਈ ਸੀ; ਇਸ ਉੱਤੇ ਸੁਆਲ ਉਠਾਉਣਾ ਸਰਕਾਰ ਦਾ ਕੰਮ ਨਹੀਂ ਹੈ।
ਕਿਸਾਨਾਂ ਨੇ ਸਰਕਾਰ ਨੂੰ ਸਪੱਸ਼ਟ ਕਰ ਦਿੱਤਾ ਸੀ ਤੁਹਾਡੀ ਚਿੱਠੀ ਵੀ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਸੀ। ਸਰਕਾਰ ਅਜਿਹੇ ਕੁਝ ਕਥਿਤ ਕਿਸਾਨ ਆਗੂਆਂ ਤੇ ਕਾਗਜ਼ੀ ਜਥੇਬੰਦੀਆਂ ਨਾਲ ਸਮਾਨੰਤਰ ਗੱਲਬਾਤ ਕਰ ਕੇ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਦਾ ਅੰਦੋਲਨ ਨਾਲ ਕੋਈ ਲੈਣਾ–ਦੇਣਾ ਨਹੀਂ ਹੈ।
ਕਿਸਾਨਾਂ ਨੂੰ ਰੋਸ ਹੈ ਕਿ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਆਪਣੇ ਸਿਆਸੀ ਵਿਰੋਧੀ ਸਮਝ ਕੇ ਗੱਲ ਕਰ ਰਹੀ ਹੈ। ‘ਅਸੀਂ ਤਿੰਨੇ ਨਵੇਂ ਖੇਤੀ ਕਾਨੂੰਨ ਰੱਦ ਕਰਨ ਤੋਂ ਬਿਨਾ ਮੰਨਣਾ ਨਹੀਂ ਹੈ। ਸਰਕਾਰ ਇਸ ਗੱਲ ਨੂੰ ਸਮਝ ਨਹੀਂ ਰਹੀ। ਕਾਨੂੰਨ ਵਿੱਚ ਅਜਿਹੀਆਂ ਤਬਦੀਲੀਆਂ ਸਾਨੂੰ ਮਨਜ਼ੂਰ ਨਹੀਂ ਹਨ।’ ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਣ ਜਾ ਰਹੇ ਹਨ। ਉਹ 2 ਕਰੋੜ ਕਿਸਾਨਾਂ ਦੇ ਹਸਤਾਖਰਾਂ ਵਾਲਾ ਮੈਮੋਰੈਂਡਮ ਰਾਸ਼ਟਰਪਤੀ ਨੂੰ ਸੌਂਪਣਗੇ।