ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ 14 ਨੂੰ ਕਰਨਗੇ ਭੁੱਖ ਹੜਤਾਲ

430
Share

ਨਵੀਂ ਦਿੱਲੀ, 12 ਦਸੰਬਰ (ਪੰਜਾਬ ਮੇਲ)- ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਅੱਜ 17ਵੇਂ ਦਿਨ ਵਿਚ ਪ੍ਰਵੇਸ਼ ਕਰ ਚੁੱਕਾ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦਾ ਅੰਦੋਲਨ ਤੇਜ਼ ਹੁੰਦਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ, ਸਾਨੂੰ ਸੋਧ ਮਨਜ਼ੂਰ ਨਹੀਂ। ਕਿਸਾਨ ਜਥੇਬੰਦੀ ਦੇ ਆਗੂ ਕਮਲ ਪ੍ਰੀਤ ਸਿੰਘ ਪੰਨੂ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਤੋਂ ਇਨਕਾਰ ਨਹੀਂ ਕਰਦੇ ਹਾਂ। ਅਸੀਂ ਅੰਦੋਲਨ ਨੂੰ ਹੋਰ ਵੱਡਾ ਕਰਾਂਗੇ। ਭਲਕੇ ਰਾਜਸਥਾਨ ਸਰਹੱਦ ਤੋਂ ਹਜ਼ਾਰਾਂ ਕਿਸਾਨ ਸਵੇਰੇ 11 ਵਜੇ ਟਰੈਕਟਰ ਮਾਰਚ ਕੱਢਣਗੇ ਅਤੇ ਦਿੱਲੀ-ਜੈਪੁਰ ਹਾਈਵੇਅ ਬੰਦ ਕਰਨਗੇ। 14 ਦਸੰਬਰ ਨੂੰ ਸਾਰੇ ਦੇਸ਼ ਭਰ ਦੇ ਡੀ. ਸੀ. ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਹੋਵੇਗਾ। ਸਾਡੀਆਂ 32 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸਟੇਜ ‘ਤੇ ਬੈਠ ਕੇ 14 ਦਸੰਬਰ ਨੂੰ ਸਵੇਰੇ 8 ਤੋਂ 5 ਵਜੇ ਤੱਕ ਭੁੱਖ ਹੜਤਾਲ ‘ਤੇ ਬੈਠਣਗੇ। ਅਸੀਂ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਜੋ ਤਿੰਨ ਖੇਤੀ ਕਾਨੂੰਨ ਹਨ, ਉਸ ‘ਤੇ ਅੰਦੋਲਨ ਜਾਰੀ ਰਹੇਗਾ। ਸਰਕਾਰ ਜੇਕਰ ਸਾਡੇ ਨਾਲ ਬੈਠਕ ਕਰਨ ਦੀ ਗੱਲ ਕਰੇਗੀ, ਅਸੀਂ ਗੱਲਬਾਤ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਮੰਗਾਂ ਤਾਂ ਹੋਰ ਵੀ ਹਨ ਪਰ ਪਹਿਲਾਂ 3 ਕਾਨੂੰਨ ‘ਤੇ ਹੀ ਗੱਲ ਰੱਖਾਂਗੇ। ਜਿੰਨੀ ਦੇਰ ਤੱਕ ਇਹ ਕਾਨੂੰਨ ਰੱਦ ਹੋਣਗੇ ਫਿਰ ਅਸੀਂ ਚੌਥੀ ਮੰਗ ਕਰਾਂਗੇ। ਇਸ ਅੰਦੋਲਨ ਨੂੰ ਅਸੀਂ ਹੋਰ ਵੱਡਾ ਕਰਾਂਗੇ। ਸਰਕਾਰ ਚਾਹੁੰਦੀ ਹੈ ਕਿ ਇਸ ਨੂੰ ਲਟਕਾ ਦਿੱਤਾ ਜਾਵੇ ਤਾਂ ਸ਼ਾਇਦ ਇਹ ਅੰਦੋਲਨ ਕਮਜ਼ੋਰ ਪੈ ਜਾਵੇਗਾ।  ਉਨ੍ਹਾਂ ਕਿਹਾ ਕਿ ਸਾਡੇ ਪਿੰਡਾਂ ‘ਚੋਂ ਲੋਕ ਚੱਲ ਪਏ ਹਨ ਅਤੇ ਟਰਾਲੀਆਂ ‘ਚ ਵੱਡੀ ਗਿਣਤੀ ‘ਚ ਕਿਸਾਨ ਆ ਰਹੇ ਹਨ। ਉਹ ਬੈਰੀਕੇਡ ਤੋੜ ਕੇ ਅੱਗੇ ਵਧ ਰਹੇ ਹਨ। ਪੰਨੂ ਨੇ ਕਿਹਾ ਕਿ ਅੰਦੋਲਨ ਨੂੰ ਅਸਫ਼ਲ ਕਰਨ ਲਈ ਕੇਂਦਰ ਵਲੋਂ ਕਿਸੇ ਵੀ ਕੋਸ਼ਿਸ਼ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ। ਅਸੀਂ ਇਸ ਅੰਦੋਲਨ ਨੂੰ ਸ਼ਾਂਤੀਪੂਰਨ ਜਿੱਤ ਵੱਲ ਲੈ ਕੇ ਜਾਵਾਂਗੇ।


Share