ਖੇਤੀ ਕਾਨੂੰਨਾਂ ਦਾ ਵਿਰੋਧ: ਕਿਸਾਨ ਯੂਨੀਅਨਾਂ ਵੱਲੋਂ ਪੰਜ ਮੈਂਬਰੀ ਸਾਂਝੀ ਕਮੇਟੀ ਕਾਇਮ

73
Share

ਨਵੀਂ ਦਿੱਲੀ, 23 ਦਸੰਬਰ (ਪੰਜਾਬ ਮੇਲ)- (ਪੰਜਾਬ ਮੇਲ)- ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ’ਤੇ ਕਾਇਮ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਸੱਜਰੀ ਗੱਲਬਾਤ ਦੀ ਪੇਸ਼ਕਸ਼ ਬਾਰੇ ਫੈਸਲਾ ਲੈਣ ਦੇ ਅਮਲ ਨੂੰ ਆਮ ਸਹਿਮਤੀ ਬਣਾਉਣ ਦੇ ਇਰਾਦੇ ਨਾਲ ਇਕ ਦਿਨ ਹੋਰ ਅੱਗੇ ਪਾ ਦਿੱਤਾ ਹੈ। ਕਿਸਾਨਾਂ ਯੂਨੀਅਨਾਂ ਨੇ ਕੇਂਦਰ ਵੱਲੋਂ ਭੇਜੀ ਗਈ ਚਿੱਠੀ ਦਾ ਢੁੱਕਵਾਂ ਜਵਾਬ ਦੇਣ ਲਈ ਮਸੌਦਾ ਤੈਅ ਕਰਨ ਬਾਰੇ ਸੰਯੁਕਤ ਕਿਸਾਨ ਮੋਰਚੇ ਦੇ 5 ਆਗੂਆਂ ਦੀ ਇਕ ਸਾਂਝੀ ਕਮੇਟੀ ਬਣਾ ਦਿੱਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਗਲੇ ਮਹੀਨੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਭਾਰਤ ਆਉਣ ਤੋਂ ਰੋਕਣ ਲਈ ਬਰਤਾਨਵੀ ਸੰਸਦ ਮੈਂਬਰਾਂ ’ਤੇ ਦਬਾਅ ਪਾਇਆ ਜਾਵੇਗਾ। ਉਧਰ ਸਿੰਘੂ ਬਾਰਡਰ ਸਮੇਤ ਵੱਖ-ਵੱਖ ਮੋਰਚਿਆਂ ’ਤੇ ਕਿਸਾਨ ਭੁੱਖ ਹੜਤਾਲ ’ਤੇ ਬੈਠੇ। ਕੇਂਦਰ ਵੱਲੋਂ ਭੇਜੇ ਗਏ ਪੱਤਰ ਨੂੰ ਲੈ ਕੇ ਕਰੀਬ 7 ਘੰਟੇ ਲੰਮੀ ਬੈਠਕ ਸਿੰਘੂ ਬਾਰਡਰ ’ਤੇ ਹੋਈ, ਜਿਸ ਵਿਚ ਕੇਂਦਰ ਵੱਲੋਂ ਭੇਜੇ ਗਏ ਪੱਤਰ ਦੇ ਹਰ ਪਹਿਲੂ ਨੂੰ ਵਿਚਾਰਿਆ ਗਿਆ। ਵੱਖ-ਵੱਖ ਆਗੂਆਂ ਵੱਲੋਂ ਉਠਾਏ ਨੁਕਤਿਆਂ ਬਾਰੇ ਠੋਸ ਜਵਾਬ ਤਿਆਰ ਕਰਨ ਲਈ ਬਣਾਈ ਗਈ ਇਸ ਕਮੇਟੀ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨ ਪਾਲ, ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਜਗਜੀਤ ਸਿੰਘ ਡੱਲੇਵਾਲਾ, ਆਲ ਇੰਡੀਆ ਕਿਸਾਨ ਫੈਡਰੇਸ਼ਨ ਤੋਂ ਪ੍ਰੇਮ ਸਿੰਘ ਭੰਗੂ, ਜਮਹੂਰੀ ਕਿਸਾਨ ਸਭਾ ਦੇ ਕੁਲਵੰਤ ਸਿੰਘ ਸੰਧੂ ਤੇ ਰਾਜਿੰਦਰ ਸਿੰਘ ਦੀਪਵਾਲਾ ਸ਼ਾਮਲ ਹਨ। ਪ੍ਰੈੱਸ ਕਾਨਫਰੰਸ ਨੂੰ ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਨੇ ਸੰਬੋਧਨ ਕੀਤਾ।
ਡਾ. ਦਰਸ਼ਨ ਪਾਲ ਨੇ ਦੱਸਿਆ ਨੇ ਕਿਹਾ ਕਿ ਮੀਟਿੰਗ ਦੌਰਾਨ ਮਰਹੂਮ ਚੌਧਰੀ ਚਰਨ ਸਿੰਘ ਦੇ ਜਨਮ ਦਿਹਾੜੇ ਨੂੰ ‘ਕਿਸਾਨ ਦਿਵਸ’ ਵਜੋਂ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੇ 26 ਤੇ 27 ਦਸੰਬਰ ਨੂੰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ’ਚ ਬੁੱਧੀਜੀਵੀ ਬੁਲਾਏ ਜਾਣਗੇ। ਕਿਸਾਨ ਆਗੂ ਕੁਲਵੰਤ ਸੰਧੂ ਨੇ ਕਿਹਾ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮਾਂ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ, ਲਿਹਾਜ਼ਾ ਬਰਤਾਨਵੀ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਜਦੋਂ ਤੱਕ ਭਾਰਤ ’ਚ ਖੇਤੀਬਾੜੀ ਕਾਨੂੰਨ ਰੱਦ ਨਹੀਂ ਹੁੰਦੇ, ਉਹ ਜੌਹਨਸਨ ਉਪਰ ਦਬਾਅ ਪਾਉਣ ਕਿ ਉਹ ਭਾਰਤ ਦਾ ਦੌਰਾ ਨਾ ਕਰਨ।
ਉਧਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਵੱਖਰੀ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੇੇਜਿਆ ਪੱਤਰ, ਕੋਈ ਸੱਦਾ ਪੱਤਰ ਨਹੀਂ ਹੈ, ਸਗੋਂ ਇਹ ਕੇਂਦਰ ਸਰਕਾਰ ਵੱਲੋਂ ਇਕ ਤਰ੍ਹਾਂ ਨਾਲ ਪ੍ਰਚਾਰ ਹੀ ਕੀਤਾ ਗਿਆ ਹੈ। ਉਗਰਾਹਾਂ ਨੇ ਕਿਹਾ ਕਿ ਕੇਂਦਰ ਨੇ ਮੀਟਿੰਗ ਲਈ ਹੁਣ ਕਿਸਾਨਾਂ ਮੁਤਾਬਕ ਹੀ ਤਰੀਕ ਤੇ ਸਥਾਨ ਮਿੱਥਣ ਦੀ ਗੱਲ ਆਖ ਕੇ ਲੋਕਾਂ ’ਚ ਇਹ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੱਲਬਾਤ ਲਈ ਸਰਕਾਰ ਨੇ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ, ‘ਕੇਂਦਰ ਨੇ ਖੁਦ ਨੂੰ ਬਰੀ ਕਰਵਾ ਕੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ।’ ਉਨ੍ਹਾਂ ਕਿਹਾ ਕਿ ਦੋਵੇਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਕ ਵੀ ਐਕਸ਼ਨ ਕਰਨਗੀਆਂ।
ਉਧਰ ਲੜੀਵਾਰ ਭੁੱਖ ਹੜਤਾਲ ਲਈ ਮੁੜ ਮੋਰਚਿਆਂ ’ਤੇ 11-11 ਦੇ ਜਥੇ ਵਿਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਭੱਖਵੀਆਂ ਤਕਰੀਰਾਂ ਨਾਲ ਮਾਹੌਲ ਗਰਮਾਈ ਰੱਖਿਆ। ਭੁੱਖ ਹੜਤਾਲ ’ਚ ਬੈਠਣ ਵਾਲਿਆਂ ’ਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਪਰਮਜੀਤ ਸਿੰਘ ਬਾਗਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਬਾਬਾ ਮਹਿੰਦਰ ਸਿੰਘ ਵੇਈਂਪੂਈਂ, ਕਿਸਾਨ ਸੰਘਰਸ਼ ਕਮੇਟੀ ਦੇ ਕੰਵਲਜੀਤ ਸਿੰਘ ਪੰਨੂ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਭੰਗੂ ਦੇ ਪਵਨ ਕੁਮਾਰ ਸਗੋਲਪੁਰ, ਕਿਰਤੀ ਕਿਸਾਨ ਯੂਨੀਅਨ ਦੇ ਜਤਿੰਦਰ ਸਿੰਘ ਛੀਨਾ, ਸਤਿਆਵਾਨ ਨਰਵਾਨ ਬੀਕੇਯੂ ਚੜੂਨੀ ਆਦਿ ਸ਼ਾਮਲ ਸਨ।

ਇਸ ਦੌਰਾਨ ਟਿੱਕਰੀ ਬਾਰਡਰ ’ਤੇ ਵੀ ਬੀਕੇਯੂ (ਉਗਰਾਹਾਂ) ਦੇ ਆਗੂਆਂ ਵੱਲੋਂ ਭੁੱਖ ਹੜਤਾਲ ਕੀਤੀ ਗਈ। ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਟਿੱਕਰੀ ਬਾਰਡਰ ਦੇ ਰੋਹਤਕ ਬਾਈਪਾਸ ਉਪਰ ਰੈਲੀ ਕੀਤੀ ਗਈ, ਜਿਸ ਨੂੰ ਲਗਪਗ ਡੇਢ ਦਰਜਨ ਬੁਲਾਰਿਆਂ ਨੇ ਸੰਬੋਧਨ ਕੀਤਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਨਾਲ ਸਹਿਮਤੀ ਪ੍ਰਗਟਾਉਂਦਿਆਂ ਪੰਜ ਆਗੂਆਂ ਦਰਬਾਰਾ ਸਿੰਘ ਛਾਜਲਾ, ਕਿਰਪਾਲ ਸਿੰਘ ਧੂਰੀ, ਮੱਖਣ ਪਾਪੜਾ, ਮਾਣਕ ਸਿੰਘ ਥਲੇਸਾਂ ਤੇ ਜਰਨੈਲ ਸਿੰਘ ਜਵੰਧਾ ਪਿੰਡੀ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਫੁੱਲਾਂ ਦੇ ਹਾਰ ਪਾ ਕੇ ਭੁੱਖ ਹੜਤਾਲ ਉਪਰ ਬਿਠਾਇਆ।

ਵੈਬੀਨਾਰ ਰਾਹੀਂ ਸਵਾਲਾਂ ਦੇ ਜਵਾਬ ਦੇਣਗੀਆਂ ਕਿਸਾਨ ਜਥੇਬੰਦੀਆਂ
ਨਵੀਂ ਦਿੱਲੀ: ਕਿਸਾਨਾਂ ਦੇ ਸੋਸ਼ਲ ਮੀਡੀਆ ਸੈੱਲ ਨੇ ਜਾਣਕਾਰੀ ਦਿੱਤੀ ਹੈ ਕਿ ਖੇਤੀ ਕਾਨੂੰਨਾਂ ਸਬੰਧੀ ਹਰ ਸਵਾਲ ਦਾ ਜਵਾਬ ਵੀਰਵਾਰ ਨੂੰ ਵੈਬਿਨਾਰ ਰਾਹੀਂ ਦਿੱਤਾ ਜਾਵੇਗਾ। ਇਸ ਵੈਬੀਨਾਰ ’ਚ ਜ਼ੂਮ ਰਾਹੀਂ ਲੋਕ ਜੁੜ ਸਕਣਗੇ। ਸੋਸ਼ਲ ਮੀਡੀਆ ਸੈੱਲ ਦੇ ਮੁਖੀ ਬਲਜੀਤ ਸਿੰਘ ਸੰਧੂ ਨੇ ਕੰਗਨਾ ਰਣੌਤ, ਮੁਕੇਸ਼ ਖੰਨਾ ਅਤੇ ਪਾਇਲ ਰੋਹਤਗੀ ਨੂੰ ਵੈਬੀਨਾਰ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।


Share