ਖ਼ਾਲਸਾ ਕਾਲਜ ਨੂੰ ‘ਵਿਸ਼ਵ ਵਿਰਾਸਤ’ ਦਾ ਦਰਜਾ ਦਿਵਾਉਣ ਲਈ ਯਤਨ ਸ਼ੁਰੂ

June 01
02:14
2017

punjab page;A UNESCO official Moe Chiba(3rd to left) along with officials of the PHTPB visiting historic Khalsa College in Amritsar on Wednesday.photo vishal kumar
ਅੰਮ੍ਰਿਤਸਰ, 31 ਮਈ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਸਿੱਖ ਇਮਾਰਤਸਾਜ਼ ਭਾਈ ਰਾਮ ਸਿੰਘ ਵੱਲੋਂ ਉਸਾਰੀਆਂ ਇਮਾਰਤਾਂ ਨੂੰ ‘ਵਿਸ਼ਵ ਵਿਰਾਸਤ’ ਦਾ ਦਰਜਾ ਦਿਵਾਉਣ ਲਈ ਯਤਨ ਸ਼ੁਰੂ ਕੀਤੇ ਗਏ ਹਨ, ਜਿਸ ਵਿੱਚ ਇਤਿਹਾਸਕ ਖ਼ਾਲਸਾ ਕਾਲਜ ਦੀ ਇਮਾਰਤ ਵੀ ਸ਼ਾਮਲ ਹੈ। ਇਸੇ ਮੰਤਵ ਨਾਲ ਅੱਜ ਯੂਨੈਸਕੋ ਟੀਮ ਵੱਲੋਂ ਕਾਲਜ ਦਾ ਦੌਰਾ ਕੀਤਾ ਗਿਆ। ਦੂਜੇ ਪਾਸੇ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਕਾਲਜ ਦੀ ਇਮਾਰਤ ਨੂੰ ਵਿਰਾਸਤੀ ਸੂਚੀ ਵਿੱਚ ਸ਼ਾਮਲ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਭਾਈ ਰਾਮ ਸਿੰਘ ਵੱਲੋਂ ਉਸਾਰੀਆਂ ਗਈਆਂ ਇਮਾਰਤਾਂ ਵਿੱਚ ਅੰਮ੍ਰਿਤਸਰ ਦਾ ਖ਼ਾਲਸਾ ਕਾਲਜ, ਕਪੂਰਥਲਾ ਦਾ ਦਰਬਾਰ ਹਾਲ ਅਤੇ ਸੰਗਰੂਰ ਦਾ ਬਨਾਰਸ ਬਾਗ਼ ਪ੍ਰਮੁੱਖ ਹਨ। ਇਨ੍ਹਾਂ ਨੂੰ ਭਾਈ ਰਾਮ ਸਿੰਘ ਵੱਲੋਂ ਆਜ਼ਾਦੀ ਤੋਂ ਪਹਿਲਾਂ ਉਸਾਰਿਆ ਗਿਆ ਸੀ, ਜਿਨ੍ਹਾਂ ਨੂੰ ਹੁਣ ਪੰਜਾਬ ਸਰਕਾਰ ਇਮਾਰਤਸਾਜ਼ੀ ਦੀ ਕਲਾ ਦੇ ਦਸਤਾਵੇਜ਼ੀ ਪ੍ਰਮਾਣਾਂ ਵਜੋਂ ਸਾਂਭਣਾ ਚਾਹੁੰਦੀ ਹੈ। ਇਸੇ ਮੰਤਵ ਨਾਲ ਯੂਨੈਸਕੋ ਟੀਮ ਨੇ ਖ਼ਾਲਸਾ ਕਾਲਜ ਦਾ ਦੌਰਾ ਕੀਤਾ, ਜਿਸ ਵਿੱਚ ਯੂਨੈਸਕੋ ਦੀ ਭਾਰਤ ’ਚ ਮੁਖੀ ਮੋਏ ਚਿਬਾ ਅਤੇ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਨਵਜੋਤਪਾਲ ਸਿੰਘ ਰੰਧਾਵਾ ਤੇ ਹੋਰ ਪਤਵੰਤੇ ਸ਼ਾਮਲ ਸਨ।
ਇਸ ਮੌਕੇ ਡਾਇਰੈਕਟਰ ਸ੍ਰੀ ਰੰਧਾਵਾ ਨੇ ਦੱਸਿਆ ਕਿ ਭਾਈ ਰਾਮ ਸਿੰਘ ਨੇ ਲਾਹੌਰ ਮਿਊਜ਼ੀਅਮ, ਮੇਓ ਸਕੂਲ ਆਫ਼ ਆਰਟਸ ਲਾਹੌਰ, ਸ਼ਿਮਲਾ ਦਾ ਗਵਰਨਰ ਹਾਊਸ, ਦਰਬਾਰ ਹਾਲ ਕਪੂਰਥਲਾ, ਅਲਾਹਾਬਾਦ ਦੀਆਂ ਜ਼ਿਲ੍ਹਾ ਕਚਹਿਰੀਆਂ, ਫਿਰੋਜ਼ਪੁਰ ਦਾ ਮਿਉਂਸਿਪਲ ਹਾਲ ਤੇ ਸੰਗਰੂਰ ਦਾ ਬਨਾਸਰ ਬਾਗ਼ ਡਿਜ਼ਾਈਨ ਕੀਤਾ। ਉਨ੍ਹਾਂ ਦੱਸਿਆ ਕਿ ਸਾਰੀਆਂ ਇਮਾਰਤਾਂ ਯੂਨੈਸਕੋ ਟੀਮ ਨੂੰ ਵਿਖਾਈਆਂ ਗਈਆਂ ਹਨ ਅਤੇ ਇਨ੍ਹਾਂ ਨੂੰ ‘ਵਿਰਾਸਤੀ ਦਰਜਾ’ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖ਼ਾਲਸਾ ਕਾਲਜ ਨੂੰ ਵੀ ‘ਵਿਰਾਸਤ’ ਦਾ ਦਰਜਾ ਦਿਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਵਿਧਾਇਕ ਓਮ ਪ੍ਰਕਾਸ਼ ਸੋਨੀ ਨੇ ਵੀ ਯੂਨੈਸਕੋ ਟੀਮ ਨਾਲ ਮੁਲਾਕਾਤ ਕੀਤੀ ਅਤੇ ਸੁਝਾਅ ਦਿੱਤੇ। ਇਸ ਦੌਰਾਨ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਜੇ.ਐੱਸ. ਢਿੱਲੋਂ, ਏ.ਆਰ. ਮਿਸ਼ਰਾ ਪ੍ਰਾਜੈਕਟ ਮੈਨੇਜਰ ਹੈਰੀਟੇਜ ਟੂਰਿਜ਼ਮ ਪ੍ਰਮੋਸ਼ਨ ਬੋਰਡ ਹਾਜ਼ਰ ਸਨ।
ਉਧਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਕਾਲਜ ਦੀ ਇਤਿਹਾਸਕ ਇਮਾਰਤ ਨੂੰ ਵਿਰਾਸਤੀ ਦਰਜਾ ਦਿਵਾਉਣ ਦੇ ਯਤਨਾਂ ‘ਤੇ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਖਿਆ ਕਿ ਇਸ ਸਬੰਧੀ ਸਰਕਾਰ ਵੱਲੋਂ ਕੌਂਸਲ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਂਜ ਵੀ ਕੌਂਸਲ ਇਸ ਇਤਿਹਾਸਕ ਇਮਾਰਤ ਨੂੰ ਵਿਰਾਸਤੀ ਦਰਜਾ ਦਿਵਾਉਣ ਦੀ ਇਛੁੱਕ ਨਹੀਂ ਹੈ ਕਿਉਂਕਿ ਇਹ ਇੱਕ ਵਿਦਿਅਕ ਸੰਸਥਾ ਹੈ, ਜਿੱਥੇ ਸਮੇਂ-ਸਮੇਂ ਮੁਰੰਮਤ ਆਦਿ ਦੀ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਇਸ ਪੁਰਾਤਨ ਇਮਾਰਤ ਨੂੰ ਵਿਰਾਸਤੀ ਦਰਜਾ ਦਿਵਾਉਣ ਲਈ ਹੁਣ ਤੱਕ ਕੋਈ ਬੇਨਤੀ ਪੱਤਰ ਨਹੀਂ ਭੇਜਿਆ ਗਿਆ। ਦੱਸਣਯੋਗ ਹੈ ਕਿ ਗਵਰਨਿੰਗ ਕੌਂਸਲ ਵੱਲੋਂ ਖ਼ਾਲਸਾ ਕਾਲਜ ਕੈਂਪਸ ਵਿੱਚ ਖ਼ਾਲਸਾ ਯੂਨੀਵਰਸਿਟੀ ਸਥਾਪਤ ਕੀਤੀ ਗਈ ਹੈ, ਜਿਸ ਨੂੰ ਕਾਂਗਰਸ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਇਸ ਮੁੱਦੇ ’ਤੇ ਗਵਰਨਿੰਗ ਕੌਂਸਲ ਅਤੇ ਕਾਂਗਰਸ ਸਰਕਾਰ ਆਹਮੋ-ਸਾਹਮਣੇ ਹਨ।
There are no comments at the moment, do you want to add one?
Write a comment