ਖਤਰਨਾਕ ਹੋ ਸਕਦਾ ਹੈ ਈਰਾਨ ਤੇ ਅਮਰੀਕਾ ‘ਚ ਉਭਰਿਆ ਤਣਾਅ

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਪਿਛਲੇ ਦਿਨੀਂ ਅਮਰੀਕੀ ਹਮਲੇ ‘ਚ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਨਾਲ ਅਮਰੀਕਾ ਤੇ ਈਰਾਨ ਵਿਚਕਾਰ ਉੱਭਰ ਰਿਹਾ ਨਵਾਂ ਤਣਾਅ ਪੂਰੀ ਦੁਨੀਆਂ ਦੇ ਦੇਸ਼ਾਂ ਨੂੰ ਪ੍ਰਭਾਵਿਤ ਕਰੇਗਾ। ਅਮਰੀਕਾ ਸਮੇਤ ਪੂਰੀ ਦੁਨੀਆਂ ਇਸ ਵੇਲੇ ਆਰਥਿਕ ਸੁਸਤੀ ਅਤੇ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੀ ਹੈ। ਈਰਾਨ ਨਾਲ ਪੈਦਾ ਹੋਇਆ ਇਹ ਤਣਾਅ ਮੱਧ ਪੂਰਬ ਵਿਚ ਹਾਲਾਤ ਨੂੰ ਵਿਗਾੜ ਸਕਦਾ ਹੈ ਤੇ ਇਨ੍ਹਾਂ ਵਿਗੜੇ ਹੋਏ ਹਾਲਾਤਾਂ ਕਾਰਨ ਆਰਥਿਕ ਮੰਦੀ ਦਾ ਦੌਰ ਹੋਰ ਨਿਘਾਰ ਵੱਲ ਜਾ ਸਕਦਾ ਹੈ। ਜਿੱਥੇ ਇਕ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਖਿਲਾਫ ਬਿਆਨਬਾਜ਼ੀ ਕਰਨ ਵਿਚ ਖੁੱਲ੍ਹ ਖੇਡ ਵਰਤ ਰਹੇ ਹਨ। ਉੱਥੇ ਅਮਰੀਕਾ ਦੇ ਅੰਦਰੋਂ ਵੀ ਬੇਲਗਾਮ ਹੋਏ ਟਰੰਪ ਦੀਆਂ ਲਗਾਮਾਂ ਕੱਸੇ ਜਾਣ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ। ਅਮਰੀਕੀ ਸੰਸਦ ਨੇ ਸੁਲੇਮਾਨੀ ਦੀ ਹੱਤਿਆ ਦੇ ਮਾਮਲੇ ਵਿਚ ਟਰੰਪ ਕੋਲੋਂ ਜਵਾਬ ਮੰਗਿਆ ਹੈ। ਇਥੋਂ ਤੱਕ ਕਿ ਅਮਰੀਕੀ ਸੰਸਦ ਟਰੰਪ ਵੱਲੋਂ ਇਰਾਕ ਉੱਤੇ ਪਾਬੰਦੀਆਂ ਅਤੇ ਈਰਾਨ ਉਪਰ ਹਮਲਿਆਂ ਦੀ ਚਿਤਾਵਨੀ ਤੋਂ ਵੀ ਪਿੱਛੇ ਹੱਟ ਰਹੀ ਹੈ। ਡੈਮੋਕ੍ਰੇਟਾਂ ਨੇ ਟਰੰਪ ਨੂੰ ਈਰਾਨੀ ਕਮਾਂਡਰ ਉਪਰ ਕੀਤੇ ਹਮਲੇ ਪਿਛਲੇ ਕਾਰਨ ਜਨਤਕ ਕਰਨ ਲਈ ਕਿਹਾ ਹੈ। ਸਪੀਕਰ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਦੀਆਂ ਫੌਜੀ ਤਾਕਤਾਂ ਸੀਮਤ ਕਰਨ ਲਈ ਇਕ ਮਤਾ ਸੰਸਦ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਦਾ ਯਤਨ ਭੜਕਾਊ ਹੈ ਅਤੇ ਇਸ ਨੇ ਅਮਰੀਕੀਆਂ ਨੂੰ ਖਤਰੇ ਵਿਚ ਪਾ ਦਿੱਤਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਵਾਂਗ ਹੀ ਈਰਾਨੀ ਪੱਤਾ ਖੇਡ ਕੇ ਨਵੰਬਰ ਮਹੀਨੇ ਆ ਰਹੀਆਂ ਰਾਸ਼ਟਰਪਤੀ ਚੋਣਾਂ ਜਿੱਤਣ ਦੀ ਤਾਕ ਵਿਚ ਹਨ। ਹਾਲਾਂਕਿ ਉਨ੍ਹਾਂ ਦੇ ਅਜਿਹੇ ਯਤਨ ਅਮਰੀਕੀਆਂ ਲਈ ਬੇਹੱਦ ਮਾੜੇ ਸਾਬਤ ਹੋ ਸਕਦੇ ਹਨ। ਇਹ ਵੀ ਸਮਝਿਆ ਜਾਂਦਾ ਹੈ ਕਿ ਟਰੰਪ ਦੇਸ਼ ਅੰਦਰ ਫੈਲੀ ਆਰਥਿਕ ਮੰਦੀ ਦੇ ਮੁੱਦੇ ਨੂੰ ਟਾਲਣ ਲਈ ਇਰਾਕ ਉੱਤੇ ਪਾਬੰਦੀਆਂ ਅਤੇ ਈਰਾਨ ਵਿਰੁੱਧ ਹਮਲੇ ਨੂੰ ਉਭਾਰ ਰਿਹਾ ਹੈ। ਇਕ ਪਾਸੇ ਟਰੰਪ ਈਰਾਨ ਨੂੰ ਲਗਾਤਾਰ ਸਬਕ ਸਿਖਾਉਣ ਦੀਆਂ ਧਮਕੀਆਂ ਦੇ ਰਿਹਾ ਹੈ, ਉਥੇ ਈਰਾਨੀ ਸ਼ਾਸਕ ਵੀ ਚੁੱਪ ਨਹੀਂ ਬੈਠੇ। ਉਹ ਵਾਰ-ਵਾਰ ਸੁਲੇਮਾਨੀ ਦੇ ਕਤਲ ਦਾ ਬਦਲਾ ਲੈਣ ਦੀਆਂ ਗੱਲਾਂ ਦੋਹਰਾ ਰਹੇ ਹਨ। ਈਰਾਨ ਦੇ ਸ਼ਾਸਕਾਂ ਦਾ ਕਹਿਣਾ ਹੈ ਕਿ ਉਹ ਸੰਸਾਰ ਦੇ ਹੋਰ ਵੱਡੇ ਮੁਲਕਾਂ ਨਾਲ 2015 ‘ਚ ਕੀਤੇ ਪਰਮਾਣੂ ਸਮਝੌਤੇ ਦੀਆਂ ਹੱਦਾਂ ਵਿਚ ਰਹਿਣ ਤੋਂ ਇਨਕਾਰ ਕਰ ਸਕਦੇ ਹਨ। ਇਰਾਕ ਦੀ ਸੰਸਦ ਨੇ ਮੁਲਕ ਵਿਚੋਂ ਮੁਕੰਮਲ ਤੌਰ ‘ਤੇ ਅਮਰੀਕੀ ਫੌਜਾਂ ਬਾਹਰ ਕੱਢਣ ਦਾ ਸੱਦਾ ਦਿੱਤਾ ਹੋਇਆ ਹੈ। ਇਸ ਨਾਲ ਖਤਰਾ ਹੋਰ ਵੱਧ ਗਿਆ ਹੈ।
ਨਵੇਂ ਪੈਦਾ ਹੋਏ ਹਾਲਾਤ ਵਿਚ ਈਰਾਨ ਪਰਮਾਣੂ ਬੰਬ ਬਣਾ ਕੇ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਸ ਨਾਲ ਇਰਾਕ ਵਿਚ ਇਸਲਾਮਿਕ ਸਟੇਟ ਦੀ ਵਾਪਸੀ ਹੋ ਸਕਦੀ ਹੈ। ਇਰਾਕ ਅਤੇ ਈਰਾਨ ਵਿਚ ਅਜਿਹੀਆਂ ਘਟਨਾਵਾਂ ਵਾਪਰਨ ਨਾਲ ਮੱਧ ਪੂਰਬ ਬੇਹੱਦ ਖਤਰਨਾਕ ਅਤੇ ਅਸਥਿਰ ਹਾਲਤ ਵਿਚ ਜਾ ਪੁੱਜੇਗਾ। ਇਰਾਕ ਦੀ ਸੰਸਦ ਵੱਲੋਂ ਅਮਰੀਕੀ ਫੌਜਾਂ ਬਾਹਰ ਕੱਢਣ ਦੀ ਮੰਗ ਦੇ ਪ੍ਰਤੀਕਰਮ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਕ ਕੋਲੋਂ ਅਰਬਾਂ ਡਾਲਰ ਮੁਆਵਜ਼ਾ ਮੰਗ ਲਿਆ ਹੈ। ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇਕਰ ਮੁਆਵਜ਼ਾ ਨਾ ਦਿੱਤਾ, ਤਾਂ ਅਜਿਹੀਆਂ ਪਾਬੰਦੀਆਂ ਲਾਗੂ ਕੀਤੀਆਂ ਜਾਣਗੀਆਂ, ਜੋ ਇਰਾਕ ਨੇ ਅਜੇ ਤੱਕ ਝੱਲੀਆਂ ਨਹੀਂ ਹੋਣਗੀਆਂ।
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਇਰਾਕ ਵਿਚ ਕਾਫੀ ਮਹਿੰਗਾ ਫੌਜੀ ਹਵਾਈ ਅੱਡਾ ਉਸਾਰਿਆ ਹੈ। ਅਮਰੀਕਾ ਦਾ ਸਾਊਦੀ ਅਰਬ ਵਿਚ ਸਥਿਤ ਦੂਤਾਵਾਸ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੀ ਚਿਤਾਵਨੀ ਜਾਰੀ ਕਰ ਚੁੱਕਾ ਹੈ। ਇਸ ਖਿੱਤੇ ਵਿਚ ਸਥਿਤ ਅਮਰੀਕੀ ਫੌਜੀ ਟਿਕਾਣੇ, ਜੰਗੀ ਬੇੜੇ ਅਤੇ ਕਰਮਚਾਰੀ ਕਦੇ ਵੀ ਈਰਾਨੀ ਹੱਲੇ ਦਾ ਸ਼ਿਕਾਰ ਬਣ ਸਕਦੇ ਹਨ।
ਟਰੰਪ ਇਹ ਵੀ ਚਿਤਾਵਨੀਆਂ ਦੇ ਰਹੇ ਹਨ ਕਿ ਈਰਾਨ ਨੇ ਜੇਕਰ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਕੋਈ ਜਵਾਬੀ ਕਾਰਵਾਈ ਕੀਤੀ, ਤਾਂ ਉਹ ਵੀ ਕਰਾਰਾ ਜਵਾਬ ਦੇਣਗੇ। ਅਮਰੀਕੀ ਰਾਸ਼ਟਰਪਤੀ ਨੇ ਈਰਾਨ ਦੀਆਂ ਵਿਰਾਸਤੀ ਥਾਵਾਂ ਨੂੰ ਨਿਸ਼ਾਨਾ ਬਣਾਉਣ ਤੱਕ ਦਾ ਸੰਕੇਤ ਦਿੱਤਾ ਹੈ। ਸੁਲੇਮਾਨੀ ਦੀ ਥਾਂ ਲੈਣ ਜਾ ਰਹੇ ਨਵੇਂ ਜਨਰਲ ਇਸਮਾਈਲ ਗਨੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਕੋ-ਇਕ ਮੰਤਵ ਅਮਰੀਕਾ ਨੂੰ ਇਸ ਖੇਤਰ ਵਿਚੋਂ ਬਾਹਰ ਕਰਨਾ ਹੈ। ਈਰਾਨ ਦੇ ਪ੍ਰਮਾਣੂ ਸਮਝੌਤਾ ਰੱਦ ਕਰਕੇ ਬਾਹਰ ਨਿਕਲਣ ਨਾਲ ਹਾਲਾਤ ਬੇਹੱਦ ਖਤਰੇ ਵਾਲੇ ਬਣ ਸਕਦੇ ਹਨ। ਇਸੇ ਕਰਕੇ ਜਰਮਨੀ ਦੇ ਚਾਂਸਲਰ, ਫਰਾਂਸ ਦੇ ਰਾਸ਼ਟਰਪਤੀ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਈਰਾਨ ਨੂੰ ਅਪੀਲ ਕੀਤੀ ਹੈ ਕਿ ਉਹ 2015 ਵਿਚ ਹੋਏ ਪਰਮਾਣੂ ਸਮਝੌਤੇ ਦੇ ਘੇਰੇ ਤੋਂ ਬਾਹਰ ਕੋਈ ਕਾਰਵਾਈ ਨਾ ਕਰੇ। ਜਰਮਨੀ ਨੇ ਇਹ ਵੀ ਕਿਹਾ ਹੈ ਕਿ ਟਰੰਪ ਵੱਲੋਂ ਇਰਾਕ ਨੂੰ ਪਾਬੰਦੀਆਂ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਮਦਦਗਾਰ ਸਾਬਤ ਨਹੀਂ ਹੋਣਗੀਆਂ। ਜਰਮਨੀ ਨੇ ਕਿਹਾ ਹੈ ਕਿ ਧਮਕੀਆਂ ਨਾਲ ਕੰਮ ਨਹੀਂ ਸੰਵਰਨਾ, ਗੱਲਬਾਤ ਕਰਕੇ ਹੀ ਕੋਈ ਹੱਲ ਕੱਢਿਆ ਜਾਵੇ।
ਪੈਦਾ ਹੋ ਰਹੇ ਇਸ ਹਾਲਾਤ ਅਤੇ ਵੱਖ-ਵੱਖ ਮੁਲਕਾਂ ਦੇ ਆਗੂਆਂ ਵੱਲੋਂ ਪ੍ਰਗਟਾਈ ਜਾ ਰਹੀ ਚਿੰਤਾ ਇਸੇ ਗੱਲ ਦਾ ਇਜ਼ਹਾਰ ਹੈ ਕਿ ਰਾਸ਼ਟਰਪਤੀ ਟਰੰਪ ਦੇ ਜਿੱਦੀ ਫੈਸਲਿਆਂ ਕਾਰਨ ਅਮਰੀਕਾ ਸਮੇਤ ਪੂਰੀ ਦੁਨੀਆਂ ਇਕ ਬੇਲੋੜੇ ਤਣਾਅ ਅਤੇ ਖਤਰੇ ਵੱਲ ਵੱਧ ਰਹੀ ਹੈ।
ਅਮਰੀਕਾ-ਈਰਾਨ ਵਿਚਾਲੇ ਵੱਧ ਰਹੇ ਝਗੜੇ ਤੋਂ ਭਾਰਤ ਵੀ ਨਿਰਲੇਪ ਨਹੀਂ ਰਹਿ ਸਕਦਾ। ਇਸ ਵੇਲੇ ਮੱਧ ਪੂਰਬ ਖੇਤਰ ਵਿਚ 7 ਮਿਲੀਅਨ ਦੇ ਕਰੀਬ ਭਾਰਤੀ ਨਾਗਰਿਕ ਕੰਮ ਕਰ ਰਹੇ ਹਨ, ਜੋ ਹਰ ਸਾਲ ਭਾਰਤ ਨੂੰ 40 ਬਿਲੀਅਨ ਡਾਲਰ ਵਾਪਸ ਭੇਜਦੇ ਹਨ। ਯੂ.ਏ.ਈ. ਭਾਰਤ ਦਾ ਤੀਜਾ ਵੱਡਾ ਵਪਾਰਕ ਸਹਿਯੋਗੀ ਹੈ ਅਤੇ ਵੱਡਾ ਮੁੱਖ ਪੂੰਜੀ ਨਿਵੇਸ਼ਕ ਹੈ। ਭਾਰਤ ਨੇ ਪਿਛਲੇ ਸਾਲਾਂ ਦੌਰਾਨ ਸਾਊਦੀ ਅਰਬ ਅਤੇ ਯੂ.ਏ.ਈ. ਦੇ ਫੰਡ ਵਰਤ ਕੇ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਪ੍ਰਫੁਲਿਤ ਕਰਨ ਦਾ ਨਿਸ਼ਾਨਾ ਮਿੱਥਿਆ ਸੀ। ਭਾਰਤ ਦੀ ਉੱਭਰ ਰਹੀ ਆਰਥਿਕਤਾ ਨੂੰ ਉਹ ਵੀ ਆਪਣੇ ਪੂੰਜੀ ਨਿਵੇਸ਼ ਲਈ ਚੰਗਾ ਸਥਾਨ ਮੰਨਦੇ ਹਨ। ਪਰ ਬਿਲੀਅਨ ਡਾਲਰ ਦੇ ਪੂੰਜੀ ਨਿਵੇਸ਼ ਦੀਆਂ ਗੱਲਾਂ ਹੋਣ ਦੇ ਬਾਵਜੂਦ ਭਾਰਤ ਵਿਚ ਪੂੰਜੀ ਨਿਵੇਸ਼ ਅਜੇ ਈਰਾਨ ਕੋਲ ਅਜਿਹੀ ਕੋਈ ਵਾਧੂ ਪੂੰਜੀ ਨਹੀਂ ਅਤੇ ਨਾ ਹੀ ਉਹ ਭਾਰਤ ਅੰਦਰ ਜਾਣ ਦਾ ਬਹੁਤਾ ਇੱਛੁਕ ਹੋਵੇਗਾ। ਈਰਾਨ ਦੀ ਭਾਰਤ ਲਈ ਵੱਡੀ ਭੂਮਿਕਾ ਇਸ ਦੇ ਤੇਲ ਅਤੇ ਗੈਸ ਦੇ ਅਥਾਹ ਸੋਮੇ ਹਨ ਅਤੇ ਨਾਲ ਹੀ ਇਸ ਦੀ ਭੂਗੋਲਿਕ ਸਥਿਤੀ ਅਤੇ ਮੰਡੀ ਦੀ ਸਮਰੱਥਾ ਹੈ। ਚਾਬਾਹਾਰ ਪ੍ਰਾਜੈਕਟ ਦੇ ਰਸਤੇ ਈਰਾਨ ਦਾ ਅਫਗਾਨਿਸਤਾਨ ਅਤੇ ਸੈਂਟਰਲ ਏਸ਼ੀਆ ਨਾਲ ਜੁੜਨ ਦਾ ਰਸਤਾ ਖੁੱਲ੍ਹਦਾ ਹੈ ਅਤੇ ਅੱਗੋਂ ਇਸ ਨਾਲ ਰਸ਼ੀਆ ਅਤੇ ਯੂਰਪ ਨੂੰ ਰਾਹ ਖੁੱਲ੍ਹ ਜਾਂਦਾ ਹੈ। ਜੇਕਰ ਭਾਰਤ, ਅਮਰੀਕਾ ਵੱਲੋਂ ਈਰਾਨ ਉਪਰ ਸ਼ਿਕੰਜਾ ਕੱਸਣ ਦੇ ਯਤਨਾਂ ਵਿਚ ਭਾਈਵਾਲ ਬਣਦਾ ਹੈ, ਤਾਂ ਇਸ ਲਈ ਵੀ ਨਵੀਂ ਮੁਸੀਬਤ ਖੜ੍ਹੀ ਹੋ ਸਕਦੀ ਹੈ। ਈਰਾਨ ਵੱਲੋਂ ਤੇਲ ਅਤੇ ਗੈਸ ਦੀ ਸਪਲਾਈ ਵਿਚ ਹੱਥ ਪਿੱਛੇ ਖਿੱਚਣ ਨਾਲ ਭਾਰਤ ਨੂੰ ਵੱਡਾ ਝੱਟਕਾ ਲੱਗ ਸਕਦਾ ਹੈ। ਹਾਲਾਂਕਿ ਤੇਲ ਉਤਪਾਦਕ ਦੇਸ਼ਾਂ ਦਾ ਇਹ ਮੰਨਣਾ ਹੈ ਕਿ ਮੱਧ ਪੂਰਬ ਦੀ ਰਾਜਨੀਤੀ ਵਿਚ ਆਏ ਭੂਚਾਲ ਨਾਲ ਇਕ ਵਾਰ ਭਾਵੇਂ ਤੇਲ ਕੀਮਤਾਂ ਵਿਚ ਉਛਾਲਾ ਆਇਆ ਸੀ, ਪਰ ਇਸ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਤੇਲ ਕੀਮਤਾਂ ਵਿਚ ਵਾਧੇ ਜਾਂ ਤੇਲ ਦੀ ਥੁੜ੍ਹ ਦੀ ਕੋਈ ਬਹੁਤੀ ਸਮੱਸਿਆ ਖੜ੍ਹੀ ਨਹੀਂ ਹੋਣੀ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਈਰਾਨ ਪਰਮਾਣੂ ਸਮਝੌਤੇ ਦੇ ਮੁੱਦੇ ਉਪਰ ਅਮਰੀਕਾ ਨਾਲ 2 ਰੈੱਡ ਲਾਈਨਜ਼ ਪਹਿਲਾਂ ਹੀ ਉਲੰਘ ਚੁੱਕਿਆ ਹੈ। ਈਰਾਨ ਦੇ ਸਰਵਉੱਚ ਆਗੂ ਅਯਾਤੁੱਲਾ ਅਲੀ ਖਮੀਨੀ ਪਰਮਾਣੂ ਸਮਝੌਤੇ ਨੂੰ ਭੰਗ ਕਰਨ ਬਾਰੇ ਫੈਸਲਾ ਲੈ ਸਕਦੇ ਹਨ। ਪਰ ਇੰਗਲੈਂਡ ਅਤੇ ਯੂਰਪੀਅਨ ਮੁਲਕਾਂ ਦੇ ਵਿਰੋਧ ਨੂੰ ਅੱਖੋਂ ਓਹਲੇ ਕਰਨਾ ਉਨ੍ਹਾਂ ਲਈ ਮੁਸ਼ਕਲ ਹੋਵੇਗਾ। ਇਕ ਗੱਲ ਸਪੱਸ਼ਟ ਹੈ ਕਿ ਜਨਰਲ ਸੁਲੇਮਾਨੀ ਦੀ ਮੌਤ ਨੇ ਅਮਰੀਕਾ ਨੂੰ ਇਕ ਵਾਰ ਫਿਰ ਮੱਧ ਪੂਰਬ ਦੀ ਰਾਜਨੀਤੀ ਵਿਚ ਵਾਪਸ ਉਲਝਾ ਲਿਆ ਹੈ ਅਤੇ ਹੁਣ ਉਸ ਵੱਲੋਂ ਜਿਹੋ ਜਿਹੇ ਕਦਮ ਚੁੱਕੇ ਜਾ ਰਹੇ ਹਨ, ਉਸ ਤੋਂ ਇਹ ਆਸਾਰ ਬਣ ਗਏ ਹਨ ਕਿ ਉਹ ਇਸ ਖੇਤਰ ਵਿਚ ਹੋਰ ਜ਼ਿਆਦਾ ਸੁਰੱਖਿਆ ਬਲਾਂ ਅਤੇ ਫੌਜੀ ਤਾਕਤ ਦੀ ਵਰਤੋਂ ਬਾਰੇ ਹੀ ਸੋਚੇਗਾ। ਅਮਰੀਕਾ, ਅਫਗਾਨਿਸਤਾਨ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਟਰੰਪ ਵੱਲੋਂ ਅਫਗਾਨਿਸਤਾਨ ਵਿਚੋਂ ਅਮਰੀਕੀ ਫੌਜਾਂ ਕੱਢਣ ਬਾਰੇ ਅਨੇਕ ਕਦਮ ਚੁੱਕੇ ਗਏ ਹਨ। ਇੱਥੋਂ ਤੱਕ ਕਿ ਅਮਰੀਕੀ ਪ੍ਰਸ਼ਾਸਨ ਤਾਲਿਬਾਨ ਨਾਲ ਵੀ ਕਿਸੇ ਸਮਝੌਤੇ ਉਪਰ ਪੁੱਜ ਕੇ ਸੱਤਾ ਨੂੰ ਉਨ੍ਹਾਂ ਦੇ ਹੱਥ ਸੌਂਪਣ ਲਈ ਅੱਗੇ ਵੱਧਦਾ ਰਿਹਾ ਹੈ। ਟਰੰਪ ਵੱਲੋਂ ਪਾਕਿਸਤਾਨ ਪ੍ਰਤੀ ਅਪਣਾਇਆ ਜਾਂਦਾ ਵਤੀਰਾ ਅਫਗਾਨਿਸਤਾਨ ਵਿਚ ਉਸ ਦੀ ਭੂਮਿਕਾ ਕਾਰਨ ਹੀ ਸਮਝਿਆ ਜਾਂਦਾ ਹੈ। ਹੁਣ ਜਦ ਅਮਰੀਕਾ ਅਫਗਾਨਿਸਤਾਨ ਵਿਚੋਂ ਆਪਣਾ ਖਹਿੜਾ ਨਹੀਂ ਛੁਡਾ ਸਕਿਆ, ਪਰ ਮੱਧ ਪੂਰਬ ਵਿਚ ਇਕ ਨਵਾਂ ਪੰਗਾ ਸਹੇੜ ਲਿਆ ਹੈ। ਅਮਰੀਕਾ ਦੇ ਮੱਧ ਪੂਰਬ ਵਿਚ ਉਲਝਣ ਨਾਲ ਜਿੱਥੇ ਉਸ ਨੂੰ ਅੰਦਰੂਨੀ ਤੌਰ ‘ਤੇ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ, ਉਥੇ ਨਾਲ ਹੀ ਆਰਥਿਕ ਤੌਰ ‘ਤੇ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਤਰ੍ਹਾਂ ਵੱਖ-ਵੱਖ ਮੁਲਕਾਂ ਦੇ ਆਗੂਆਂ ਵੱਲੋਂ ਪ੍ਰਤੀਕਰਮ ਜ਼ਾਹਿਰ ਕੀਤਾ ਜਾ ਰਿਹਾ ਹੈ, ਉਸ ਨਾਲ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਟਰੰਪ ਦੀ ਧੌਂਸ ਕਿਤੇ ਅਮਰੀਕਾ ਸਮੇਤ ਪੂਰੀ ਦੁਨੀਆਂ ਨੂੰ ਇਕ ਨਵੀਂ ਜੰਗ ਵੱਲ ਧੱਕ ਦੇਵੇ।

*******************************