ਕ੍ਰਿਸਟੋਫਰ ਵਾਰੇ ਐੱਫ. ਬੀ. ਆਈ. ਦੇ ਨਵੇਂ ਮੁੱਖੀ ਨਿਯੁਕਤ

ਵਾਸ਼ਿੰਗਟਨ, 8 ਜੂਨ (ਪੰਜਾਬ ਮੇਲ) – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਆਂ ਵਿਭਾਗ ਦੇ ਸਾਬਕਾ ਅਧਿਕਾਰੀ ਕ੍ਰਿਸਟੋਫਰ ਵਾਰੇ ਨੂੰ ਬੁੱਧਵਾਰ ਨੂੰ ਐੱਫ. ਬੀ. ਆਈ. ਦੇ ਨਵਾਂ ਮੁੱਖੀ ਨਿਯੁਕਤ ਕਰਨ ਦੀ ਘੋਸ਼ਣਾ ਕੀਤੀ। ਜ਼ਿਕਰਯੋਗ ਹੈ ਕਿ ਟਰੰਪ ਵੱਲੋਂ ਅਹੁੱਦੇ ਤੋਂ ਅਚਾਨਕ ਬਰਖਾਸਤ ਕੀਤੇ ਗਏ ਖੁਫੀਆ ਵਿਭਾਗ ਦੇ ਸਾਬਕਾ ਮੁੱਖੀ ਦੀ ਵੀਰਵਾਰ ਨੂੰ ਬੇਹੱਦ ਮਹੱਤਵਪੂਰਨ ਗਵਾਹੀ ਹੋਣੀ ਹੈ। ਟਰੰਪ ਨੇ ਟਵੀਟ ਕੀਤਾ, ”ਮੈਂ ਬਿਲਕੁਲ ਬੇਦਾਗ ਚਰਿਤਰ ਵਾਲੇ ਕ੍ਰਿਸਟੋਫਰ ਏ. ਵਾਰੇ ਨੂੰ ਐੱਫ. ਬੀ. ਆਈ. ਦਾ ਨਵਾਂ ਮੁੱਖੀ ਨਿਯੁਕਤ ਕਰਨ ਜਾ ਰਿਹਾ ਹਾਂ।” ਐੱਫ. ਬੀ. ਆਈ. ਦੇ ਸਾਬਕਾ ਮੁੱਖੀ ਜੇਮਜ਼ ਕੋਮੇ ਖੁਫੀਆ ਵਿਭਾਗ ‘ਤੇ ਸੀਨੇਟ ਦੀ ਕਮੇਟੀ ਦੇ ਸਾਹਮਣੇ ਟਰੰਪ ਵੱਲੋਂ ਆਪਣੀ ਬਰਖਾਸਤਗੀ ਅਤੇ ਰੂਸੀ ਜਾਂਚ ਦੇ ਸਬੰਧ ‘ਚ ਗਵਾਹੀ ਦੇਣ ਵਾਲੇ ਹਨ। ਇਸ ਤੋਂ ਕੁਝ ਹੀ ਸਮੇਂ ਪਹਿਲਾਂ ਨਵੇਂ ਮੁੱਖੀ ਦੇ ਨਾਂ ਦੀ ਘੋਸ਼ਣਾ ਕੀਤੀ ਗਈ ਹੈ। ਵਾਰੇ ਐੱਫ. ਬੀ. ਆਈ. ਦੇ ਕਾਰਜਕਾਰੀ ਮੁੱਖੀ ਐਨਡ੍ਰਿਓ ਮੈਕਕਾਬੇ ਦੀ ਥਾਂ ਲੈਣਗੇ। ਕੋਮੇ ਦੀ ਬਰਖਾਸਤਗੀ ਤੋਂ ਬਾਅਦ ਮੈਕਕਾਬੇ ਹੀ ਖੁਫੀਆ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਆਮ ਤੌਰ ‘ਤੇ ਐੱਫ. ਬੀ. ਆਈ. ਮੁੱਖੀ ਦੀ ਨਿਯੁਕਤੀ 10 ਸਾਲ ਦੇ ਕਾਰਜਕਾਲ ਲਈ ਹੁੰਦੀ ਹੈ ਤਾਂਕਿ ਇਸ ‘ਚ ਰਾਜਨੀਤਕ ਦਖਲਅੰਦਾਜੀ ਤੋਂ ਬਚਾਇਆ ਜਾ ਸਕੇ। ਵਾਰੇ ਦੀ ਨਿਯੁਕਤੀ ਹਲੇਂ ਸੀਨੇਟ ਤੋਂ ਪੁਸ਼ਟੀ ਹੋਣੀ ਬਾਕੀ ਹੈ। 50 ਸਾਲਾ ਵਾਰੇ ਵਾਸ਼ਿੰਗਟਨ ਅਤੇ ਅਟਲਾਂਟਾ ‘ਚ ਇਕ ਫਰਮ ‘ਕਿੰਗ ਐਂਡ ਸਪਾਲਡਿੰਗ’ ‘ਚ ਅਟਾਰਨੀ ਹਨ। ਉਹ 2003 ਤੋਂ 2005 ਤੱਕ ਨਿਆਂ ਵਿਭਾਗ ਦੇ ਅਪਰਾਧਿਕ ਡਿਵੀਜ਼ਨ ‘ਚ ਸਹਾਇਕ ਅਟਾਰਨੀ ਜਨਰਲ ਵੀ ਰਹਿ ਚੁੱਕੇ ਹਨ।