ਕੋਵਿਡ-19 ਲਈ ਪ੍ਰਭਾਵੀ ਢੰਗ ਨਾਲ ਬਦਲੇਗੀ ਬਾਇਡਨ ਦੀ ਨੀਤੀ

49
Share

ਫਰਿਜ਼ਨੋ, 11 ਨਵੰਬਰ (ਮਾਛੀਕੇ/ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵ੍ਹਾਈਟ ਹਾਊਸ ਅਤੇ ਅਮਰੀਕੀ ਸੱਤਾ ਦੀ ਕਮਾਨ ਜੋਅ ਬਾਇਡਨ ਦੇ ਹਵਾਲੇ ਕਰਨ ਤੋਂ ਬਾਅਦ ਨਵੇਂ ਰਾਸ਼ਟਰਪਤੀ ਲਈ ਕੋਰੋਨਾ ਨਾਲ ਨਜਿੱਠਣਾ ਵੱਡੀ ਚੁਣੌਤੀ ਹੋਵੇਗੀ ਪਰ ਇਸ ਮਹਾਮਾਰੀ ਪ੍ਰਤੀ ਉਨ੍ਹਾਂ ਦੀ ਰਣਨੀਤੀ ਪ੍ਰਭਾਵੀ ਢੰਗ ਨਾਲ ਬਦਲੇਗੀ।
ਜਨਤਕ ਸਿਹਤ ਮਾਹਰ ਇਸ ਮਾਮਲੇ ਸੰਬੰਧੀ ਇਕ ਵੱਡੀ ਪ੍ਰਭਾਵੀ ਵਿਵਸਥਾ ਸ਼ੁਰੂ ਹੋਣ ਦੀ ਉਮੀਦ ਕਰਦੇ ਹਨ, ਜਿਸ ਵਿਚ ਵਿਗਿਆਨ, ਵਧੀਆ ਸੰਚਾਰ, ਆਰਥਿਕਤਾ ਤੇ ਜਨਤਕ ਸਿਹਤ ਨੂੰ ਵਧਾਉਣ ਦੇ ਯਤਨ ਹੋਣਗੇ। ਬਾਇਡਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਇਸ ਸ਼ਿਫਟ ਵਿਚ ਤੇਜ਼ੀ ਆਉਣ ਦੀ ਉਮੀਦ ਹੈ। ਜਾਰਜਟਾਉਨ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਨੈਸ਼ਨਲ ਐਂਡ ਗਲੋਬਲ ਹੈਲਥ ਲਾਅ ਦੇ ਡਾਇਰੈਕਟਰ ਲਾਰੈਂਸ ਗੋਸਟਿਨ ਅਨੁਸਾਰ ਜਨਤਾ ਜਲਦ ਹੀ ਵ੍ਹਾਈਟ ਹਾਊਸ ਤੋਂ ਵਿਗਿਆਨਕ ਸੰਦੇਸ਼ਾਂ ‘ਚ ਇਕ ਵਿਸ਼ਾਲ ਤਬਦੀਲੀ ਨੂੰ ਨੋਟ ਕਰੇਗੀ। ਇੰਨਾ ਹੀ ਨਹੀਂ, ਰਾਸ਼ਟਰਪਤੀ ਚੁਣੇ ਗਏ ਬਾਇਡਨ ਲੰਬੇ ਸਮੇਂ ਤੋਂ ਚਿਹਰੇ ਨੂੰ ਮਾਸਕ ਨਾਲ ਢੱਕ ਰਹੇ ਹਨ ਅਤੇ ਜਨਤਕ ਤੌਰ ‘ਤੇ ਵੀ ਦੂਜਿਆਂ ਤੋਂ ਦੂਰੀ ਬਣਾਈ ਰੱਖਦੇ ਹਨ, ਅਤੇ ਉਹ ਮਾਸਕ ਪਾਉਣ ਨੂੰ ਜਾਰੀ ਅਤੇ ਜ਼ਰੂਰੀ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ।
ਸਾਬਕਾ ਰਾਸ਼ਟਰਪਤੀ ਓਬਾਮਾ ਦੇ ਅਧੀਨ ਰੋਗ ਨਿਯੰਤਰਣ ਅਤੇ ਰੋਕਥਾਮ ਲਈ ਯੂ.ਐੱਸ.ਏ. ਸੈਂਟਰ ਚਲਾਉਣ ਵਾਲੇ ਡਾ. ਟੌਮ ਫ੍ਰਾਈਡਨ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਲੋਕਾਂ ਨਾਲ ਗੱਲਬਾਤ ਅਤੇ ਤਾਲਮੇਲ ਕਰਨ ਵਿਚ ਵਧੇਰੇ ਬਿਹਤਰ ਹੋਵੇਗਾ। ਬਾਇਡੇਨ ਨੇ ਟੈਸਟਿੰਗ ਨੂੰ ਵਿਆਪਕ ਤੌਰ ‘ਤੇ ਉਪਲਬਧ ਕਰਾਉਣ ਅਤੇ ਮੁਫਤ ਕਰਨ, ਰਾਸ਼ਟਰੀ ਨਿਗਰਾਨੀ ਪ੍ਰੋਗਰਾਮਾਂ ਦਾ ਵਿਸਥਾਰ ਕਰਨ ਦਾ ਵਾਅਦਾ ਕੀਤਾ ਹੈ। ਇਸ ਦੇ ਇਲਾਵਾ ਉਸ ਨੇ ਸਿਹਤ ਕਾਮਿਆਂ ਨੂੰ ਨਿੱਜੀ ਸੁਰੱਖਿਆ ਉਪਕਰਣਾਂ ਦੀ ਵੰਡ ਕਰਨ ਲਈ ਇਕ ਰਾਸ਼ਟਰੀ ਯੋਜਨਾ ਛੇਤੀ ਸ਼ੁਰੂ ਕਰਨ ਦੇ ਨਾਲ ਸਕੂਲ ਖੋਲ੍ਹਣ, ਯਾਤਰਾ ਅਤੇ ਇਕੱਠਾਂ ਬਾਰੇ ਸਪੱਸ਼ਟ ਸੁਝਾਵਾਂ ਦੀ ਮੰਗ ਵੀ ਕੀਤੀ ਹੈ।


Share