ਕੋਵਿਡ-19 ਮਹਾਮਾਰੀ ਦੌਰਾਨ ਟਰੂਡੋ ਵੱਲੋਂ ਵਿਦਿਆਰਥੀਆਂ ਲਈ ਵਿੱਤੀ ਮਦਦ ਦਾ ਐਲਾਨ

351
Share

ਓਟਾਵਾ, 23 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ-19 ਮਹਾਮਾਰੀ ਦੌਰਾਨ ਵਿਦਿਆਰਥੀਆਂ ਲਈ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਟਰੂਡੋ ਨੇ ਉਹਨਾਂ ਵਿਦਿਆਰਥੀਆਂ ਲਈ 9 ਬਿਲੀਅਨ ਕੈਨੇਡੀਅਨ ਡਾਲਰ (6 ਬਿਲੀਅਨ ਡਾਲਰ) ਦੀ ਵਿੱਤੀ ਮਦਦ ਐਲਾਨ ਕੀਤਾ ਜਿਹਨਾਂ ਦੀ ਸਿੱਖਿਆ ਅਤੇ ਨੌਕਰੀ ਦੀਆਂ ਸੰਭਾਵਨਾਵਾਂ ਕੋਵਿਡ-19 ਮਹਾਮਾਰੀ ਕਾਰਨ ਪ੍ਰਭਾਵਿਤ ਹੋਈਆਂ ਹਨ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ ‘ਕੈਨੇਡਾ ਐਮਰਜੈਂਸੀ ਸਟੂਡੈਂਟ ਬੈਨੀਫਿਟ’ ਨਾਮ ਦੀ ਮਦਦ ਦਾ ਉਦੇਸ਼ ਉਹਨਾਂ ਨੌਜਵਾਨਾਂ ਦੀ ਮਦਦ ਕਰਨਾ ਹੈ ਜੋ ਕੋਵਿਡ-19 ਦੇ ਸੰਕਟ ਦੇ ਵਿਰੁੱਧ ਹੋਰ ਐਮਰਜੈਂਸੀ ਰਾਹਤ ਪ੍ਰੋਗਰਾਮਾਂ ਤੋਂ ਵਾਂਝੇ ਰਹਿ ਗਏ ਹਨ।
ਬੁੱਧਵਾਰ ਨੂੰ ਆਪਣੇ ਸਮਾਚਾਰ ਸੰਮੇਲਨ ਵਿਚ ਟਰੂਡੋ ਨੇ ਕਿਹਾ ਕਿ 1,250 ਕੈਨੇਡੀਅਨ ਡਾਲਰ ਦਾ ਮਾਸਿਕ ਭੁਗਤਾਨ ਮਈ ਤੋਂ ਅਗਸਤ ਦੇ ਵਿਚ ਉਹਨਾਂ ਪੋਸਟ ਸੈਕੰਡਰੀ ਵਿਦਿਆਰਥੀਆਂ ਲਈ ਕੀਤਾ ਜਾ ਰਿਹਾ ਸੀ ਜੋ ਆਪਣਾ ਕੰਮ ਗਵਾ ਚੁੱਕੇ ਸਨ ਜਾਂ ਜਿੰਨਾਂ ਦੇ ਕੰਮ ਦੇ ਘੰਟਿਆਂ ਵਿਚ ਕਟੌਤੀ ਕੀਤੀ ਜਾ ਰਹੀ ਸੀ। ਇਹ ਭੁਗਤਾਨ ਅਪਾਹਜ਼ ਜਾਂ ਦੂਜਿਆਂ ਦੀ ਦੇਖਭਾਲ ਕਰਨ ਵਾਲੇ ਵਿਦਿਆਰਥੀਆਂ ਲਈ 1,750 ਕੈਨੇਡੀਅਨ ਡਾਲਰ ਤੱਕ ਵੱਧ ਜਾਵੇਗਾ।
ਉਹਨਾਂ ਨੇ ਇਹ ਵੀ ਕਿਹਾ ਕਿ ਵਿਦਿਆਰਥੀ ਆਪਣੇ ਭਾਈਚਾਰਿਆਂ ਵਿਚ ਵਾਲੰਟੀਅਰ ਦੇ ਤੌਰ ‘ਤੇ ਸੇਵਾ ਕਰ ਕੇ 1000-5000 ਕੈਨੇਡੀਅਨ ਡਾਲਰ ਦੇ ਵਿਚਕਾਰ ਮਾਸਿਕ ਭੁਗਤਾਨ ਹਾਸਲ ਕਰਨ ਦੇ ਯੋਗ ਬਣ ਸਕਦੇ ਹਨ। ਟਰੂਡੋ ਨੇ ਇਹ ਐਲਾਨ ਵੀ ਕੀਤਾ ਕਿ ਉਹਨਾਂ ਦੀ ਸਰਕਾਰ ਯੋਗ ਵਿਦਿਆਰਥੀਆਂ ਮਤਲਬ ਪੂਰੇ ਸਮੇਂ ਦੇ ਵਿਦਿਆਰਥੀਆਂ ਲਈ 6000 ਕੈਨੇਡੀਅਨ ਡਾਲਰ ਅਤੇ ਪਾਰਟ ਟਾਈਮ ਵਿਦਿਆਰਥੀਆਂ ਲਈ 3,600 ਕੈਨੇਡੀਅਨ ਡਾਲਰ ਤੱਕ ਵਿਦਿਆਰਥੀ ਗ੍ਰਾਂਟ ਨੂੰ ਦੁੱਗਣਾ ਕਰ ਰਹੀ ਹੈ।
ਕੋਵਿਡ-19 ਦਾ ਮਤਲਬ ਹੈ ਕਿ ਵਿਦਿਆਰਥੀਆਂ ਲਈ ਉਨੇ ਕੰਮ ਨਹੀਂ ਹਨ ਅਤੇ ਇਕ ਨੌਕਰੀ ਦੇ ਬਿਨਾਂ ਟਿਊਸ਼ਨ ਜਾਂ ਰੋਜ਼ਾਨਾਂ ਦੀਆਂ ਮੂਲ ਲੋੜਾਂ ਲਈ ਭੁਗਤਾਨ ਕਰਨਾ ਮੁਸ਼ਕਲ ਹੋ ਸਕਦਾ ਹੈ। ਟਰੂਡੋ ਨੇ ਕਿਹਾ,”ਆਮਤੌਰ ‘ਤੇ ਮਦਦ ਲਈ ਸ਼ਾਇਦ ਵਿਦਿਆਰਥੀ ਆਪਣੇ ਮਾਤਾ-ਪਿਤਾ ਕੋਲ ਗਏ ਹੁੰਦੇ ਪਰ ਇਸ ਸਮੇਂ ਮਾਤਾ-ਪਿਤਾ ਦਾ ਹੱਥ ਵੀ ਤੰਗ ਹੈ।” ਟਰੂਡੋ ਨੇ ਕਿਹਾ ਕਿ ਲਾਭ ਦੇ ਲਈ ਵਧੀਕ ਕਾਨੂੰਨ ਦੀ ਲੋੜ ਹੋਵੇਗੀ ਅਤੇ ਇਸ ਬਾਰੇ ਵਿਚ ਗੱਲਬਾਤ ਚੱਲ ਰਹੀ ਹੈ ਕਿ ਇਸ ਨਵੇਂ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਬਿੱਲ ਕਿੰਨੀ ਜਲਦੀ ਲਿਆਇਆ ਜਾ ਸਕਦਾ ਹੈ। ਇੱਥੇ ਦੱਸ ਦਈਏ ਕਿ ਵੀਰਵਾਰ ਸਵੇਰ ਤੱਕ ਕੈਨੇਡਾ ਵਿਚ ਕੋਵਿਡ-19 ਦੇ 41,650 ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ 2,080 ਮੌਤਾਂ ਹੋਈਆਂ ਹਨ।


Share