ਲੰਡਨ, 23 ਜੁਲਾਈ (ਪੰਜਾਬ ਮੇਲ)-ਅਮਰੀਕਾ ਦੀ ਮੋਡੇਰਨਾ ਇੰਟ. ਤੋਂ ਬਾਅਦ ਹੁਣ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦੇ ਨਤੀਜੇ ਵੀ ਸਫਲ ਆਏ ਹਨ। ਆਕਸਫੋਰਡ ਦੀ ਦਵਾਈ ਵਿਚ ਵੀ ਵਾਲੰਟੀਅਰਸ ਿਖ਼ਲਾਫ਼ ਪ੍ਰਤੀਰੋਧਕ ਸਮਰੱਥਾ ਵਿਕਸਿਤ ਹੁੰਦੀ ਪਾਈ ਗਈ ਹੈ। ਆਕਸਫੋਰਡ ਦੇ ਸਾਇੰਸਦਾਨ ਵੈਕਸੀਨ ਸੀ. ਐੱਚ. ਏ. ਡੀ. ਓ. ਐਕਸ-1 (ਏ. ਜ਼ੈੱਡ. ਡੀ. 1222) ਦੇ ਪੂਰੀ ਤਰ੍ਹਾਂ ਸਫਲ ਹੋਣ ਨੂੰ ਲੈ ਕੇ ਜਿਥੇ ਭਰੋਸੇਮੰਦ ਹਨ, ਉੁੱਥੇ ਹੀ ਸਤੰਬਰ ਤੱਕ ਵੈਕਸੀਨ ਉਪਲੱਬਧ ਹੋਣ ਲਈ ਆਸਵੰਦ ਹਨ। ਆਕਸਫੋਰਡ ਦੀ ਵੈਕਸੀਨ ਦਾ ਉਤਪਾਦਨ ਐਸਟਰਾ ਜੈਨਿਕਾ ਕੰਪਨੀ ਕਰੇਗੀ। ਆਕਸਫੋਰਡ ਦੇ ਪ੍ਰਯੋਗ ਨਤੀਜਿਆਂ ਦਾ ਅਧਿਕਾਰਕ ਐਲਾਨ ਅਜੇ ਹੋਣਾ ਬਾਕੀ ਹੈ ਪਰ ਰਿਪੋਰਟਾਂ ਅਨੁਸਾਰ ਆਕਸਫੋਰਡ ਦੇ ਪ੍ਰਯੋਗ ਵਿਚ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦਿੱਤੀ ਗਈ ਸੀ, ਉਨ੍ਹਾਂ ‘ਚ ਐਂਟੀਬਾਡੀ ਤੇ ਚਿੱਟੇ ਸੈੱਲ ਵਿਕਸਿਤ ਹੁੰਦੇ ਪਾਏ ਗਏ ਹਨ, ਜਿਨ੍ਹਾਂ ਦੀ ਮਦਦ ਨਾਲ ਵਾਇਰਸ ਨਾਲ ਇਨਫੈਕਸ਼ਨ ਹੋਣ ‘ਤੇ ਉਨ੍ਹਾਂ ਦੇ ਸਰੀਰ ਪ੍ਰਤੀਰੋਧਕ ਸਮਰੱਥਾ ਦੇ ਨਾਲ ਤਿਆਰ ਹੋ ਸਕਦੇ ਹਨ। ਅਮੂਮਨ ਵੈਕਸੀਨ ਦੇ ਜ਼ਰੀਏ ਐਂਟੀਬਾਡੀ ਪੈਦਾ ਹੋਣ ਵੱਲ ਧਿਆਨ ਦਿੱਤਾ ਜਾਂਦਾ ਹੈ ਪਰ ਆਕਸਫੋਰਡ ਦੀ ਵੈਕਸੀਨ ਵਿਚ ਐਂਟੀਬਾਡੀ ਦੇ ਨਾਲ-ਨਾਲ ਚਿੱਟੇ ਸੈੱਲ ਵੀ ਪੈਦਾ ਹੋ ਰਹੇ ਹਨ। ਸ਼ੁਰੂਆਤੀ ਪ੍ਰਯੋਗ ਬਿਨਾਂ ਕਿਸੇ ਨੁਕਸਾਨ ਦੇ ਸਫ਼ਲ ਰਹਿਣ ‘ਤੇ ਹਜ਼ਾਰਾਂ ਲੋਕਾਂ ‘ਤੇ ਪ੍ਰਯੋਗ ਹੋਵੇਗਾ। ਇਸ ਵੈਕਸੀਨ ਦੇ ਪ੍ਰਯੋਗ ਵਿਚ ਬਰਤਾਨੀਆ ਦੇ 8 ਹਜ਼ਾਰ, ਬ੍ਰਾਜ਼ੀਲ ਤੇ ਦੱਖਣੀ ਅਫਰੀਕਾ ਵਿਚ 6 ਹਜ਼ਾਰ ਲੋਕ ਸ਼ਾਮਲ ਹਨ। ਆਕਸਫੋਰਡ ਦੀ ਵੈਕਸੀਨ ਦਾ ਬਰਤਾਨੀਆ ਵਿਚ ਸਭ ਤੋਂ ਪਹਿਲਾਂ ਮਨੁੱਖਾਂ ‘ਤੇ ਪ੍ਰਯੋਗ ਕੀਤਾ ਗਿਆ ਸੀ। ਯੂ. ਕੇ. ਦੇ ਸਿਹਤ ਮੰਤਰੀ ਮੈਟ ਹੈਨਕੁੱਕ ਨੇ ਕਿਹਾ ਹੈ ਕਿ ਵਿਗਿਆਨੀਆਂ ਦੀਆਂ ਟੀਮਾਂ ਇਕ ਮਹਾਨ ਕਾਰਜ ‘ਚ ਲੱਗੀਆਂ ਹੋਈਆਂ ਹਨ, ਵੈਕਸੀਨ ਇਸ ਸਾਲ ਕਿਸੇ ਸਮੇਂ ਵੀ ਆ ਸਕਦੀ ਹੈ, ਜਦਕਿ ਸੰਭਾਵਿਤ ਤੌਰ ‘ਤੇ ਇਸ ਲਈ 2021 ਮੰਨਿਆ ਜਾ ਰਿਹਾ ਸੀ।