ਕੋਵਿਡ-19 ਟੀਕੇ ਦੇ ਦੂਜੇ ਤੇ ਤੀਜੇ ਗੇੜ ਦੇ ਮਨੁੱਖੀ ਟ੍ਰਾਇਲ ਨੂੰ ਭਾਰਤੀ ਡਰੱਗ ਕੰਟਰੋਲਰ ਵੱਲੋਂ ਹਰੀ ਝੰਡੀ

264
Share

-17 ਟ੍ਰਾਇਲ ਸਾਈਟਾਂ ‘ਚ ਪੀ.ਜੀ.ਆਈ. ਚੰਡੀਗੜ੍ਹ ਵੀ ਸ਼ਾਮਲ
-ਹਰੇਕ ਵਿਅਕਤੀ ਨੂੰ 4 ਹਫ਼ਤਿਆਂ ਦੇ ਵਕਫ਼ੇ ‘ਚ ਮਿਲਣਗੇ 2 ਡੋਜ਼
ਨਵੀਂ ਦਿੱਲੀ, 3 ਅਗਸਤ (ਪੰਜਾਬ ਮੇਲ)- ਭਾਰਤੀ ਡਰੱਗ ਕੰਟਰੋਲਰ (ਡੀ.ਸੀ.ਜੀ.ਆਈ.) ਨੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੋਵਿਡ-19 ਦੇ ਟੀਕੇ ਦੇ ਮੁਲਕ ਵਿਚ ਦੂਜੇ ਤੇ ਤੀਜੇ ਗੇੜ ਦੇ ਮਨੁੱਖੀ ਪ੍ਰੀਖਣ ਲਈ ਭਾਰਤੀ ਸੀਰਮ ਇੰਸਟੀਚਿਊਟ (ਐੱਸ.ਆਈ.ਆਈ.) ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਐੱਸ.ਆਈ.ਆਈ. ਨੂੰ ਇਹ ਮਨਜ਼ੂਰੀ ਡਰੱਗ ਕੰਟਰੋਲਰ ਡਾ. ਵੀ.ਜੀ. ਸੋਮਾਨੀ ਨੇ ਦਿੱਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਨੂੰ ਤੀਜੇ ਗੇੜ ਦੇ ਕਲੀਨਿਕਲ ਟ੍ਰਾਇਲ ਤੋਂ ਪਹਿਲਾਂ ਸੁਰੱਖਿਆ ਸਬੰਧੀ ਉਹ ਡੇਟਾ, ਜਿਸ ਦੀ ਸਮੀਖਿਆ ਡੇਟਾ ਸੁਰੱਖਿਆ ਨਿਗਰਾਨੀ ਬੋਰਡ (ਡੀ.ਐੱਸ.ਐੱਮ.ਬੀ.) ਨੇ ਕੀਤੀ ਹੋਵੇ, ਕੇਂਦਰੀ ਡਰੱਗ ਮਾਣਕ ਕੰਟਰੋਲ ਸੰਗਠਨ (ਸੀ.ਡੀ.ਐੱਸ.ਸੀ.ਓ.) ਕੋਲ ਜਮ੍ਹਾਂ ਕਰਵਾਉਣਾ ਹੋਵੇਗਾ। ਪੈਨਲ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਕਲੀਨਿਕਲ ਟ੍ਰਾਇਲ ਲਈ ਥਾਵਾਂ ਦੀ ਚੋਣ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚੋਂ ਕੀਤੀ ਜਾਵੇਗੀ। ਸੂਚੀਬੱਧ ਪ੍ਰੀਖਣ ਥਾਵਾਂ ਵਿਚ ਚੰਡੀਗੜ੍ਹ ਦਾ ਪੀ.ਜੀ.ਆਈ. ਵੀ ਸ਼ਾਮਲ ਹੈ, ਜਿੱਥੇ 17 ਸਾਈਟਾਂ ‘ਤੇ ਟ੍ਰਾਇਲਾਂ ਦੌਰਾਨ 1600 ਸਿਹਤਯਾਬ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਹੋਰਨਾਂ ਸਾਈਟਾਂ ਵਿਚ ਏਮਸ, ਪੁਣੇ ਵਿਚ ਏ.ਬੀ.ਜੇ. ਮੈਡੀਕਲ ਕਾਲਜ, ਪਟਨਾ ਵਿਚ ਰਾਜਿੰਦਰ ਮੈਮੋਰੀਅਲ ਰਿਸਰਚ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਜੋਧਪੁਰ ਵਿਚ ਏਮਸ, ਗੋਰਖਪੁਰ ਵਿਚ ਨਹਿਰੂ ਹਸਪਤਾਲ, ਵਿਸ਼ਾਖਾਪਟਨਮ ਵਿਚ ਆਂਧਰਾ ਮੈਡੀਕਲ ਕਾਲਜ ਤੇ ਮੈਸੂਰ ਵਿਚ ਜੇ.ਐੱਸ.ਐੱਸ. ਅਕੈਡਮੀ ਆਫ਼ ਹਾਇਰ ਐਜੂਕੇਸ਼ਨ ਤੇ ਰਿਸਰਚ ਸ਼ਾਮਲ ਹਨ।
ਇਸ ਸੋਧ ਦੇ ਖਰੜੇ ਮੁਤਾਬਕ ਟ੍ਰਾਇਲ ਵਿਚ ਸ਼ਾਮਲ ਹਰ ਵਿਅਕਤੀ ਨੂੰ 4 ਹਫ਼ਤਿਆਂ ਅੰਦਰ 2 ਡੋਜ ਦਿੱਤੇ ਜਾਣਗੇ। ਇਸ ਮਗਰੋਂ ਤੈਅ ਵਕਫ਼ੇ ਮਗਰੋਂ ਸੁਰੱਖਿਆ ਤੇ ਇਮਿਊਨ ਸਿਸਟਮ ਦੀ ਸਮੀਖਿਆ ਹੋਵੇਗੀ। ਆਕਸਫੋਰਡ ਵੱਲੋਂ ਵਿਕਸਤ ਇਸ ਟੀਕੇ ਦਾ ਦੂਜੇ ਤੇ ਤੀਜੇ ਗੇੜ ਦਾ ਪ੍ਰੀਖਣ ਬ੍ਰਿਟੇਨ ਵਿਚ ਚੱਲ ਰਿਹਾ ਹੈ। ਇਸੇ ਤਰ੍ਹਾਂ ਬ੍ਰਾਜ਼ੀਲ ਵਿਚ ਤੀਜੇ ਗੇੜ ਦਾ ਅਤੇ ਦੱਖਣੀ ਅਫ਼ਰੀਕਾ ਵਿਚ ਪਹਿਲੇ ਤੇ ਤੀਜੇ ਗੇੜ ਦਾ ਪ੍ਰੀਖਣ ਹੋ ਰਿਹਾ ਹੈ।


Share