50 ਤੋਂ ਵੱਧ ਸਿਹਤ ਮੁਲਾਜ਼ਮਾਂ ’ਚ ਮਿਲੇ ਮਾੜੇ ਲੱਛਣ; 1 ਸਿਹਤ ਮੁਲਾਜ਼ਮ ਏਮਜ਼ ਦੇ ਆਈ.ਸੀ.ਯੂ. ’ਚ
ਨਵੀਂ ਦਿੱਲੀ, 17 ਜਨਵਰੀ (ਪੰਜਾਬ ਮੇਲ)- ਕੋਵਿਡ-19 ਖ਼ਿਲਾਫ਼ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਦੌਰਾਨ 50 ਤੋਂ ਵੱਧ ਸਿਹਤ ਮੁਲਾਜ਼ਮਾਂ ਵਿਚ ਮਾੜੇ ਲੱਛਣ ਪਾਏ ਗਏ ਤੇ ਇਕ ਮੁਲਾਜ਼ਮ ਨੂੰ ਏਮਜ਼ ’ਚ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਆਈ.ਸੀ.ਯੂ. ਵਿਚ ਭਰਤੀ ਕਰਵਾਇਆ ਗਿਆ ਹੈ। 2 ਕੇਸ ਚਰਕ ਹਸਪਤਾਲ ਤੋਂ ਸਾਹਮਣੇ ਆਏ ਹਨ, ਜਦੋਂਕਿ ਦੋ ਹੋਰ ਉੱਤਰੀ ਰੇਲਵੇ ਦੇ ਕੇਂਦਰੀ ਹਸਪਤਾਲ ਤੋਂ ਸਾਹਮਣੇ ਆਏ ਹਨ। ਦਿੱਲੀ ਦੇ ਦੱਖਣ ਅਤੇ ਦੱਖਣ-ਪੱਛਮ ਜ਼ਿਲ੍ਹਿਆਂ ਵਿਚ 11 ਕੇਸ ਦਰਜ ਕੀਤੇ ਗਏ, ਜਦੋਂ ਕਿ ਪੂਰਬੀ ਤੇ ਪੱਛਮੀ ਜ਼ਿਲ੍ਹਿਆਂ ਵਿਚ ਹਰੇਕ ਵਿਚ ਛੇ ਕੇਸ ਦਰਜ ਕੀਤੇ ਗਏ। ਉੱਤਰ ਪੱਛਮੀ ਦਿੱਲੀ ’ਚ ਚਾਰ ਘਟਨਾਵਾਂ ਸਾਹਮਣੇ ਆਈਆਂ, ਦੋ ਕੇਂਦਰੀ ਦਿੱਲੀ ਵਿਚ ਅਤੇ ਇਕ ਉੱਤਰੀ ਦਿੱਲੀ ਵਿਚ। ਦੱਖਣੀ ਦਿੱਲੀ ਦਾ ਇਕ ਕੇਸ ਗੰਭੀਰ ਦੱਸਿਆ ਗਿਆ ਹੈ। ਗੰਭੀਰ ਲੱਛਣਾਂ ਤੋਂ ਪ੍ਰਭਾਵਿਤ ਵਿਅਕਤੀ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ‘ਆਈ.ਸੀ.ਯੂ.’ ਵਿਚ ਦਾਖ਼ਲ ਕਰਵਾਇਆ ਗਿਆ। ਇਸ ਵਿਅਕਤੀ ਨੂੰ ਜਦੋਂ ਬੀਤੇ ਦਿਨੀਂ ਟੀਕਾ ਲਾਇਆ ਗਿਆ ਸੀ, ਤਾਂ 10 ਮਿੰਟ ਮਗਰੋਂ ਹੀ ਉਸ ਨੂੰ ਸਿਰ ਦਰਦ, ਸਰੀਰ ’ਤੇ ਧੱਫੜ, ਸਾਹ ਲੈਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਡਾਕਟਰਾਂ ਮੁਤਾਬਕ ਉਸ ਨੂੰ ਏਵਿਲ ਤੇ ਹਾਈਡ੍ਰੋਕਾਰਟੀਸੋਨ ਦਿੱਤੀ ਗਈ, ਫਿਰ ਵੀ ਸੁਧਾਰ ਨਾ ਹੋਣ ਮਗਰੋਂ ਆਈ.ਸੀ.ਯੂ. ਵਿਚ ਦਾਖ਼ਲ ਕੀਤਾ ਗਿਆ। ਉਸ ਦੇ ਕੇਸ ਨੂੰ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੰਭੀਰ ਏ.ਈ.ਐੱਫ.ਆਈ. ਵਜੋਂ ਸ਼੍ਰੇਣੀਬੱਧ ਕੀਤਾ ਗਿਆ।