ਕੋਵਿਡ-19: ਟਰੰਪ ਵੱਲੋਂ ਇਮੀਗ੍ਰੇਸ਼ਨ ਸੇਵਾਵਾਂ 60 ਦਿਨਾਂ ਲਈ ਅਸਥਾਈ ਤੌਰ ‘ਤੇ ਬੰਦ

228
Share

-ਅਗਲੇ ਹੁਕਮਾਂ ਤੱਕ ਕੋਈ ਵੀ ਵਿਦੇਸ਼ੀ ਨਾਗਰਿਕ ਨਹੀਂ ਬਣ ਸਕੇਗਾ ਅਮਰੀਕੀ ਨਾਗਰਿਕ
-ਨਵੇਂ ਗ੍ਰੀਨ ਕਾਰਡ ਜਾਰੀ ਕਰਨ ਜਾਂ ਵੈਲਿਡ ਸਥਾਈ ਨਿਵਾਸ ਦੀ ਇਜਾਜ਼ਤ ਦੇਣ ਦੀ ਪ੍ਰਕਿਰਿਆ ‘ਤੇ ਲੱਗੀ ਰੋਕ
-ਗਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਹਜ਼ਾਰਾਂ ਭਾਰਤੀ-ਅਮਰੀਕੀਆਂ ‘ਤੇ ਪਵੇਗਾ ਅਸਰ

ਵਾਸ਼ਿੰਗਟਨ, 22 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਦੇਸ਼ ਵਿਚ ਇਮੀਗ੍ਰੇਸ਼ਨ ਨੂੰ ਅਸਥਾਈ ਰੂਪ ਤੋਂ ਬੰਦ ਕਰਨ ਦੇ ਆਪਣੇ ਕਾਰਜਕਾਰੀ ਹੁਕਮ ਦੇ ਤੌਰ ‘ਤੇ ਅਗਲੇ 60 ਦਿਨਾਂ ਲਈ ਨਵੇਂ ਗ੍ਰੀਨ ਕਾਰਡ ਜਾਰੀ ਕਰਨ ਜਾਂ ਵੈਲਿਡ ਸਥਾਈ ਨਿਵਾਸ ਦੀ ਇਜਾਜ਼ਤ ਦੇਣ ਦੀ ਪ੍ਰਕਿਰਿਆ ‘ਤੇ ਰੋਕ ਲਗਾ ਦਿੱਤੀ। ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਹਾਲਾਂਕਿ ਇਸ ਕਦਮ ਦਾ ਉਨ੍ਹਾਂ ਲੋਕਾਂ ‘ਤੇ ਕੋਈ ਅਸਰ ਨਹੀਂ ਹੋਵੇਗਾ, ਜੋ ਅਸਥਾਈ ਤੌਰ ‘ਤੇ ਦੇਸ਼ ਵਿਚ ਰਹਿ ਰਹੇ ਹਨ।
ਕਈ ਲੋਕਾਂ ਦਾ ਮੰਨਣਾ ਹੈ ਕਿ ਜੋ ਲੋਕ ਐੱਚ-1 ਬੀ ਵਰਗੇ ਗੈਰ-ਇਮੀਗ੍ਰੇਸ਼ਨ ਵੀਜ਼ਾ ‘ਤੇ ਹਨ, ਉਨ੍ਹਾਂ ‘ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਐੱਚ-1 ਬੀ ਮੁੱਖ ਤੌਰ ‘ਤੇ ਉਦਯੋਗ ਦੇ ਵਿਦੇਸ਼ੀ ਪੇਸ਼ੇਵਰਾਂ ਨੂੰ ਜਾਰੀ ਕੀਤਾ ਜਾਂਦਾ ਹੈ। ਖੇਤੀ ਇਮੀਗ੍ਰੇਸ਼ਨ ਕਾਮਿਆਂ ‘ਤੇ ਵੀ ਇਸ ਦਾ ਕੋਈ ਅਸਰ ਨਹੀਂ ਪਵੇਗਾ। ਹਾਲਾਂਕਿ ਇਸ ਕਾਰਜਕਾਰੀ ਹੁਕਮ ਦਾ ਉਨ੍ਹਾਂ ਹਜ਼ਾਰਾਂ ਭਾਰਤੀ-ਅਮਰੀਕੀਆਂ ‘ਤੇ ਪ੍ਰਭਾਵ ਪਵੇਗਾ, ਜੋ ਗ੍ਰੀਨ ਕਾਰਡ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਪ੍ਰਕਿਰਿਆ ਵਿਚ ਹੋਰ ਦੇਰ ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰ ਸੰਮੇਲਨ ਵਿਚ ਕਿਹਾ, ”ਸਾਨੂੰ ਪਹਿਲਾਂ ਅਮਰੀਕੀ ਕਾਮਿਆਂ ਦਾ ਖਿਆਲ ਕਰਨਾ ਚਾਹੀਦਾ ਹੈ। ਇਹ ਹੁਕਮ 60 ਦਿਨਾਂ ਲਈ ਲਾਗੂ ਹੋਵੇਗਾ, ਜਿਸ ਦੇ ਬਾਅਦ ਕਿਸੇ ਤਰ੍ਹਾਂ ਦੇ ਵਿਸਥਾਰ ਜਾਂ ਬਦਲਾਅ ਦੀ ਜ਼ਰੂਰਤ ਉੱਤੇ ਮੈਂ ਖੁਦ ਅਤੇ ਲੋਕਾਂ ਦਾ ਇਕ ਸਮੂਹ ਉਸ ਸਮੇਂ ਆਰਥਿਕ ਸਥਿਤੀਆਂ ‘ਤੇ ਆਧਾਰਿਤ ਮੁਲਾਂਕਣ ਕਰੇਗਾ। ਇਹ ਹੁਕਮ ਸਿਰਫ ਉਨ੍ਹਾਂ ਵਿਅਕਤੀਆਂ ‘ਤੇ ਲਾਗੂ ਹੋਵੇਗਾ, ਜੋ ਸਥਾਈ ਨਿਵਾਸ ਦੀ ਇਜਾਜ਼ਤ ਮੰਗ ਰਹੇ ਹਨ। ਦੂਜੇ ਸ਼ਬਦਾਂ ‘ਚ ਕਹੀਏ ਤਾਂ ਜੋ ਗ੍ਰੀਨ ਕਾਰਡ ਪਾਉਣਾ ਚਾਹੁੰਦੇ ਹਨ।”
ਜ਼ਿਕਰਯੋਗ ਹੈ ਕਿ ਕੋਰੋਨਾ ਸੰਕਟ ਕਾਰਨ ਵੱਡੀ ਗਿਣਤੀ ‘ਚ ਅਮਰੀਕੀ ਬੇਰੁਜ਼ਗਾਰ ਹੋ ਗਏ ਹਨ। ਲਗਭਗ 2.2 ਕਰੋੜ ਤੋਂ ਵੱਧ ਅਮਰੀਕੀਆਂ ਨੇ ਬੇਰੁਜ਼ਗਾਰ ਭੱਤਿਆਂ ਲਈ ਅਪੀਲ ਦਿੱਤੀ ਹੈ, ਜੋ ਆਪਣੇ ਆਪ ‘ਚ ਇਕ ਰਿਕਾਰਡ ਹੈ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਕਾਰਨ ਅਗਲੇ ਹਫਤਿਆਂ ‘ਚ ਹੋਰ ਲੋਕ ਬੇਰੋਜ਼ਗਾਰ ਹੋ ਸਕਦੇ ਹਨ। ਕਾਂਗਰਸ ਦੀ ਇਕ ਰਿਪੋਰਟ ਮੁਤਾਬਕ 10 ਲੱਖ ਵਿਦੇਸ਼ੀ ਕਾਮੇ ਅਤੇ ਉਨ੍ਹਾਂ ਦੇ ਪਰਿਵਾਰ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਦੁਨੀਆਂ ਭਰ ਤੋਂ ਲੋਕ ਅਮਰੀਕਾ ਵਿਚ ਨੌਕਰੀ ਅਤੇ ਬਿਜ਼ਨਸ ਕਰਨ ਲਈ ਆਉਂਦੇ ਹਨ, ਜੋ ਕਿ ਕੁੱਝ ਸਮੇਂ ਦੇ ਬਾਅਦ ਇਥੇ ਹੀ ਸਿਟੀਜ਼ਨਸ਼ਿਪ ਲਈ ਅਪਲਾਈ ਕਰਦੇ ਹਨ। ਲੈਟਿਨ ਅਮਰੀਕਾ, ਯੂਰਪ ਤੋਂ ਵੱਡੀ ਗਿਣਤੀ ਵਿਚ ਲੋਕ ਅਮਰੀਕਾ ਆਉਂਦੇ ਹਨ। ਇਸ ਤੋਂ ਇਲਾਵਾ ਭਾਰਤ ਸਮੇਤ ਹੋਰ ਏਸ਼ੀਆਈ ਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਪਹੁੰਚਦੇ ਹਨ ਪਰ ਟਰੰਪ ਨੇ ਹੁਣ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ‘ਤੇ ਰੋਕ ਲਗਾ ਦਿੱਤੀ ਹੈ। ਭਾਵੇਂਕਿ ਇਹ ਰੋਕ ਹਾਲੇ ਅਸਥਾਈ ਰੂਪ ਨਾਲ ਲਗਾਈ ਗਈ ਹੈ।


Share