ਕੋਵਿਡ-19: ਟਰੰਪ ਪ੍ਰਸ਼ਾਸਨ ਨੇ ਸਰਹੱਦੀ ਪਾਬੰਦੀਆਂ ਬਾਰੇ ਹੁਕਮ ਦੀ ਮਿਆਦ ਨੂੰ ਅਣਮਿੱਥੇ ਸਮੇਂ ਲਈ ਵਧਾਇਆ

70
Share

ਵਾਸ਼ਿੰਗਟਨ, 21 ਮਈ (ਪੰਜਾਬ ਮੇਲ)-ਨਿਰੰਤਰ ਫੈਲ ਰਹੀ ਕੋਵਿਡ-19 ਉਪਰ ਚਿੰਤਾ ਪ੍ਰਗਟ ਕਰਦਿਆਂ ਟਰੰਪ ਪ੍ਰਸ਼ਾਸਨ ਨੇ ਬਿਮਾਰੀਆਂ ‘ਤੇ ਨਿਯੰਤਰਨ ਤੇ ਰੋਕਥਾਮ ਬਾਰੇ ਕੇਂਦਰ (ਸੀ.ਡੀ.ਸੀ.) ਦੇ ਸਰਹੱਦੀ ਪਾਬੰਦੀਆਂ ਬਾਰੇ ਹੁਕਮ ਦੀ ਮਿਆਦ ਨੂੰ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਹੈ। ਇਸ ਹੁਕਮ ਤਹਿਤ ਸਰਹੱਦ ਉਪਰ ਤਾਇਨਾਤ ਸੰਘੀ ਅਧਿਕਾਰੀ ਅਮਰੀਕਾ ‘ਚ ਦਾਖਲ ਹੁੰਦੇ ਅਣਅਧਿਕਾਰਤ ਲੋਕਾਂ ਨੂੰ ਫ਼ੌਰੀ ਉਨ੍ਹਾਂ ਦੇ ਮੂਲ ਦੇਸ਼ ਵੱਲ ਵਾਪਸ ਭੇਜ ਰਹੇ ਹਨ। ਸੀ.ਡੀ. ਸੀ. ਦੇ ਡਾਇਰੈਕਟਰ ਰਾਬਰਟ ਰੈਡਫੀਲਡ ਨੇ ਆਪਣੇ ਹੁਕਮ ‘ਚ ਲਿਖਿਆ ਹੈ ਕਿ ਉਸ ਸਮੇਂ ਜਦੋਂ ਕੋਰੋਨਾ ਵਾਇਰਸ ਵਿਰੁੱਧ ਸਾਡੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਅਸਰਦਾਇਕ ਹਨ, ਅਜਿਹੇ ਵਿਚ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਦੇਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਬਾਹਰੋਂ ਆਉਣ ਵਾਲੇ ਲੋਕਾਂ ਕਾਰਨ ਖ਼ਤਰਨਾਕ ਨਤੀਜੇ ਨਿਕਲ ਸਕਦੇ ਹਨ। ਸੀ. ਡੀ. ਸੀ. ਦੇ ਅਗਲੇ ਹੁਕਮਾਂ ਤੱਕ ਇਹ ਨਿਰਦੇਸ਼ ਲਾਗੂ ਰਹਿਣਗੇ। ਸੀ. ਡੀ. ਸੀ. ਨੇ ਕਿਹਾ ਹੈ ਕਿ ਉਸ ਦੀ ਇਨ੍ਹਾਂ ਹੁਕਮਾਂ ਉਪਰ ਹਰੇਕ 30 ਦਿਨਾਂ ਬਾਅਦ ਨਜ਼ਰਸਾਨੀ ਕਰਨ ਦੀ ਯੋਜਨਾ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੋਰੋਨਾਵਾਇਰਸ ਤੋਂ ਬਚਾਅ ਲਈ ਗੈਰ-ਪ੍ਰਵਾਨਿਤ ਹਾਈਡਰੌਕਸੀਕਲੋਰੋਕੁਇਨ ਦਵਾਈ ਲੈਣ ਦੇ ਬਿਆਨ ਉਪਰੰਤ ਡਾਕਟਰਾਂ, ਪੱਤਰਕਾਰਾਂ ਤੇ ਰਾਜਸੀ ਆਗੂਆਂ ਨੇ ਹਾਈਡਰੌਕਸੀਕਲੋਰੋਕੁਇਨ ਦੀ ਵਰਤੋਂ ਵਿਰੁੱਧ ਚਿਤਾਵਨੀ ਦਿੱਤੀ ਹੈ। ਫੌਕਸ ਨਿਊਜ਼ ਦੇ ਐਂਕਰ ਨੀਲ ਕੈਵੂਟੋ ਰਾਸ਼ਟਰਪਤੀ ਵੱਲੋਂ ਦਿੱਤੇ ਬਿਆਨ ਤੋਂ ਹੈਰਾਨ ਹਨ। ਉਨ੍ਹਾਂ ਨੇ ਹਾਈਡਰੌਕਸੀਕਲੋਰੋਕੁਇਨ ਦੀ ਵਰਤੋਂ ਵਿਰੁੱਧ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਇਸ ਦੇ ਖਾਣ ਨਾਲ ਮਾੜੇ ਸਿਹਤ ਹਾਲਾਤ ਵਿਚ ਰਹਿ ਰਹੇ ਲੋਕਾਂ ਦੀ ਮੌਤ ਹੋ ਸਕਦੀ ਹੈ।


Share