ਕੋਲੋਰਾਡੋ ਦੇ ਦੋ ਪੁਲਿਸ ਅਧਿਕਾਰੀ ਤਾਕਤ ਦੀ ਵਰਤੋਂ ਕਰਨ ਦੇ ਦੋਸ਼ ਵਿਚ ਗ੍ਰਿਫਤਾਰ

359
Share

ਸੈਕਰਾਮੈਂਟੋ, 31 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੋਲੋਰਾਡੋ ਦੇ ਦੋ ਪੁਲਿਸ ਅਧਿਕਾਰੀਆਂ ਨੂੰ ਤਾਕਤ ਦੀ ਵਰਤੋਂ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁੱਖੀ ਵੈਨੇਸਾ ਵਿਲਸਨ ਨੇ ਕਿਹਾ ਹੈ ਕਿ ਇਹ ਪੁਲਿਸ ਦੀ ਅਤਿ ਘਿਣਾਉਣੀ ਕਾਰਵਾਈ ਹੈ ਤੇ ਇਸ ਘਟਨਾ ਦੀ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਜੌਹਨ ਰੇਮੌਂਡ ਹੌਬਰਟ (39) ਤੇ ਫਰੈਂਸੀ ਐਨ ਮਾਰਟੀਨੇਜ਼ (40) ਔਰੋਰਾ ਪੁਲਿਸ ਵਿਭਾਗ ਨਾਲ ਸਬੰਧਤ ਹਨ। ਇਨਾਂ ਦੋਨਾਂ ਵਿਰੁੱਧ ਫੌਜਦਾਰੀ ਦੋਸ਼ ਲਾਏ ਗਏ ਹਨ। ਹੌਬਰਟ ਉਪਰ ਫਸਟ ਤੇ ਸੈਕੰਡ ਡਿਗਰੀ ਕੁੱਟਮਾਰ ਕਰਨ , ਤਸ਼ੱਦਦ ਕਰਨ ਤੇ ਫਸਟ ਡਿਗਰੀ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਗਏ ਹਨ ਜਦ ਕਿ ਮਾਰਟੀਨੇਜ਼ ਉਪਰ ਘਟਨਾ ਦੌਰਾਨ ਦਖਲ ਦੇਣ ਵਿੱਚ ਨਾਕਾਮ ਰਹਿਣ ਤੇ ਇਕ ਪੁਲਿਸ ਅਧਿਕਾਰੀ ਦੁਆਰਾ ਕੀਤੇ ਗਏ ਧੱਕੇ ਬਾਰੇ ਰਿਪੋਰਟ ਦੇਣ ਵਿੱਚ ਨਾਕਾਮ ਰਹਿਣ ਦੇ ਦੋਸ਼ ਲਾਏ ਗਏ ਹਨ। ਫਿਲਹਾਲ ਦੋਨੋ ਪੁਲਿਸ ਅਧਿਕਾਰੀ ਜ਼ਮਾਨਤ ਉਪਰ ਹਨ। ਹੌਬਰਟ ਨੇ ਅਸਤੀਫਾ ਦੇ ਦਿੱਤਾ ਹੈ ਜਦ ਕਿ ਮਾਰਟੀਨੇਜ਼ ਛੁੱਟੀ ‘ਤੇ ਚਲੀ ਗਈ ਹੈ।
ਪੁਲਿਸ ਮੁੱਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਅਧਿਕਾਰੀ ਇਕ ਫੋਨ ਕਾਲ ਆਉਣ ‘ਤੇ ਮੌਕੇ ਉਪਰ ਜਾ ਰਹੇ ਸਨ ਤਾਂ ਉਨਾਂ ਨੇ ਰਸਤੇ ਵਿਚ ਤਿੰਨ ਵਿਅਕਤੀਆਂ ਨੂੰ ਆਪਣੇ ਬਾਈਸਾਈਕਲਾਂ ਨੇੜੇ ਬੈਠੇ ਵੇਖਿਆ। ਜਦੋਂ ਉਨਾਂ ਦੇ ਨਾਵਾਂ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਇਨਾਂ ਤਿੰਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਹਨ। ਇਨਾਂ ਵਿਚੋਂ ਦੋ ਸ਼ੱਕੀ ਤਾਂ ਮੌਕੇ ਉਪਰੋਂ ਖਿਸਕ ਗਏ ਜਦ ਕਿ ਤੀਜੇ ਨੂੰ ਕਾਬੂ ਕਰਨ ਲਈ ਪੁਲਿਸ ਅਧਿਕਾਰੀਆਂ ਨੇ ਤਾਕਤ ਦੀ ਵਰਤੋਂ ਕੀਤੀ। ਉਸ ਦੇ ਵਾਰ ਵਾਰ ਘਸੁੰਨ ਮਾਰੇ ਗਏ ਜਦ ਕਿ ਉਹ ਕਹਿ ਰਿਹਾ ਸੀ ਕਿ ਉਸ ਨੇ ਕੁਝ ਨਹੀਂ ਕੀਤਾ ਹੈ। ਬੌਡੀ ਕੈਮਰੇ ਦੀ ਵੀਡੀਓ ਵਿੱਚ ਉਹ ਵਿਅਕਤੀ ਮੈ ਸਾਹ ਨਹੀਂ ਲੈ ਸਕਦਾ ਤੇ ਤੁਸੀਂ ਮੈਨੂੰ ਮਾਰ ਦੇਵੋਗੇ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਹੈ। ਉਸ ਦੇ ਸਿਰ ਵਿਚੋਂ ਖੂਨ ਵਹਿ ਰਿਹਾ ਹੈ ਜਦ ਕਿ ਪੁਲਿਸ ਅਧਿਕਾਰੀ ਹੌਬਰਟ ਨੇ ਉਸ ਦੇ ਸਿਰ ਉਪਰ ਗੰਨ ਤਾਣੀ ਹੋਈ ਹੈ। ਇਹ ਮਾਮਲਾ ਅਪਰਾਧੀਆਂ ਨਾਲ ਨਜਿੱਠਣ ਲਈ ਬਣਾਏ ਗਏ ਨਵੇਂ ਕਾਨੂੰਨ ਕਾਰਨ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਕਾਨੂੰਨ ਦੀ ਪਰਖ ਦਾ ਸਮਾਂ ਆ ਗਿਆ ਹੈ।

 


Share