ਵਾਸ਼ਿੰਗਟਨ, 6 ਮਈ (ਪੰਜਾਬ ਮੇਲ)- ਕੋਰੋਨਾ ਵਾਇਰਸ ਸੰਕਟ ਅਤੇ ਲਾਕਡਾਊਨ ਵਿਚਕਾਰ ਅਮਰੀਕਾ ‘ਚ ਸੈਨੇਟ ਦਾ ਸੈਸ਼ਨ ਸੋਮਵਾਰ ਨੂੰ ਮੁੜ ਸ਼ੁਰੂ ਹੋਇਆ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਨਵੇਂ ਸਹਾਇਤਾ ਪੈਕੇਜ ‘ਤੇ ਸਥਿਤੀ ਕੀ ਹੋਵੇਗੀ। ਦੂਜੇ ਪਾਸੇ, ਅਮਰੀਕਾ ‘ਚ ਇਸ ਮੁੱਦੇ ‘ਤੇ ਬਹਿਸ ਵੱਧ ਰਹੀ ਹੈ ਕਿ ਗਲੋਬਲ ਮਹਾਂਮਾਰੀ ਕੋਰੋਨਾਵਾਇਰਸ ਦਾ ਮੁਕਾਬਲਾ ਕਿਵੇਂ ਕਰਨਾ ਹੈ ਅਤੇ ਤਬਾਹ ਹੋਈ ਅਰਥ ਵਿਵਸਥਾ ਨੂੰ ਕਿਵੇਂ ਮੁੜ ਲੀਹ ‘ਤੇ ਲਿਆਉਣਾ ਹੈ? ਮਾਰਚ ਤੋਂ ਬਾਅਦ ਪਹਿਲੀ ਵਾਰ, 100 ਸੈਨੇਟਰ ਸੈਸ਼ਨ ‘ਚ ਸ਼ਾਮਲ ਹੋਣਗੇ। ਮਾਰਚ ‘ਚ ਸਦਨ ਦੀ ਕਾਰਵਾਈ ਸਿਹਤ ਖਤਰੇ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ।
ਵਾਸ਼ਿੰਗਟਨ ਵਾਇਰਸ ਦਾ ਹਾਟ ਸਪਾਟ ਖੇਤਰ ਹੈ ਅਤੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੇ ਹੁਕਮ ਦਿੱਤੇ ਗਏ ਹਨ। ਸੈਨੇਟ ਵਿਚ ਬਹੁਗਿਣਤੀ ਨੇਤਾ ਮਿਚ ਮੈਕਕੌਨੈਲ ਨੇ ਸੈਸ਼ਨ ਦੀ ਸ਼ੁਰੂਆਤ ਕੀਤੀ। ਮੈਕਕੌਨੈਲ ਨੇ ਕਿਹਾ ਕਿ ਸਾਨੂੰ ਰਾਸ਼ਟਰ ਲਈ ਇਕ ਮਹੱਤਵਪੂਰਣ ਕੰਮ ਕਰਨਾ ਪਵੇਗਾ। ਸੈਨੇਟ ਦੇ ਰੀਪਬਲੀਕਨ ਪਾਰਟੀ ਦੇ ਮੈਂਬਰ ਬਹਿਸ ਲਈ ਸ਼ਰਤਾਂ ਤੈਅ ਕਰਨ ਦੀ ਕੋਸ਼ਿਸ਼ ‘ਚ ਲੱਗੇ ਹਨ ਅਤੇ ਨਿਰਾਸ਼ ਹਨ ਕਿ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਪਹਿਲਾਂ ਦੇ ਸਹਾਇਤਾ ਸਬੰਧੀ ਬਿੱਲਾਂ ਵਿਚੋਂ ਡੈਮੋਕ੍ਰੇਟਿਕ ਪਾਰਟੀ ਦੀਆਂ ਤਰਜੀਹਾਂ ਨੂੰ ਸ਼ਾਮਲ ਕਰਨ ਵਿਚ ਕਾਮਯਾਬ ਰਹੀ ਸੀ। ਉਹ ਤਕਰੀਬਨ ਤਿੰਨ ਹਜ਼ਾਰ ਅਰਬ ਡਾਲਰ ਤੋਂ ਵੱਧ ਦੇ ਫੈਡਰਲ ਫੰਡ ਦੇਣ ਦੀ ਇੱਛਾ ਵਿਚ ਨਹੀਂ ਸਨ, ਜਿਸ ਨੂੰ ਕਾਂਗਰਸ ਪਹਿਲਾਂ ਹੀ ਵਾਇਰਸ ਰਾਹਤ ਲਈ ਮਨਜ਼ੂਰੀ ਦੇ ਚੁੱਕੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਆਰਥਿਕ ਗਤੀਵਿਧੀਆਂ ਸ਼ੁਰੂ ਕਰਨਗੇ, ਜਿਸ ਨਾਲ ਵਧੇਰੇ ਸਹਾਇਤਾ ਦੀ ਜ਼ਰੂਰਤ ਘੱਟ ਜਾਵੇਗੀ।
ਸੈਨੇਟ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਚੱਕ ਸ਼ੂਮਰ ਨੇ ਸੰਕਟ ਦਾ ਸਾਹਮਣਾ ਕੀਤੇ ਬਗ਼ੈਰ ਸੈਨੇਟਰਾਂ ਅਤੇ ਸਟਾਫ ਨੂੰ ਵਾਪਸ ਬੁਲਾਉਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਅਮਰੀਕੀ ਇਤਿਹਾਸ ਦੇ ਸਭ ਤੋਂ ‘ਅਸਾਧਾਰਣ’ ਸੈਸ਼ਨਾਂ ਵਿਚੋਂ ਇਕ ਦੱਸਿਆ ਹੈ। ਪਿਛਲੇ ਪੰਜ ਹਫ਼ਤਿਆਂ ਤੋਂ ਕੋਵਿਡ-19 ਕਰਕੇ ਕਾਂਗਰਸ ਨੂੰ ਛੱਡ ਕੇ ਸਭ ਕੁਝ ਬੰਦ ਹੈ। 1918 ਵਿਚ ਸਪੈਨਿਸ਼ ਫਲੂ ਅਤੇ 2001 ਵਿਚ ਹੋਏ ਅੱਤਵਾਦੀ ਹਮਲੇ ਦੌਰਾਨ ਵੀ ਇੰਨੇ ਸਮੇਂ ਲਈ ਬੰਦ ਨਹੀਂ ਰਿਹਾ ਸੀ। ਸੈਨੇਟਰ ਇਕ ਬਦਲੇ ਹੋਏ ਸਥਾਨ ‘ਤੇ ਆਉਣਗੇ ਅਤੇ ਉਨ੍ਹਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਹੋਣਗੇ, ਜਿਨ੍ਹਾਂ ਵਿਚ ਸੈਨੇਟਰ ਅਤੇ ਕਰਮਚਾਰੀਆਂ ਲਈ ਮਾਸਕ ਲਗਾਉਣਾ, ਸਮਾਜਿਕ ਦੂਰੀ ਬਣਾਉਣਾ ਅਤੇ ਉਨ੍ਹਾਂ ਦੇ ਜ਼ਿਆਦਾਤਰ ਸਟਾਫ ਨੂੰ ਨਾ ਲਿਆਉਣਾ ਸ਼ਾਮਲ ਹੋਵੇਗਾ। ਉਨ੍ਹਾਂ ਤੱਕ ਜਨਤਾ ਦੀ ਵੀ ਸੀਮਤ ਪਹੁੰਚ ਹੋਵੇਗੀ। ਇਸ ਨਾਲ ਨਾ ਸਿਰਫ ਸੈਨੇਟਰ ਬਲਕਿ ਕੈਪੀਟਲ ਹਿੱਲ ਦੇ ਹਿੱਸੇ ਖੋਲ੍ਹਣ ਨਾਲ ਰਸੋਈਏ, ਸਫ਼ਾਈ ਕਰਨ ਵਾਲੇ, ਪੁਲਿਸ ਅਧਿਕਾਰੀ ਅਤੇ ਹੋਰ ਕਰਮਚਾਰੀ ਵੀ ਖਤਰੇ ਵਿਚ ਆ ਜਾਣਗੇ।