ਨਵੀਂ ਦਿੱਲੀ, 26 ਮਾਰਚ (ਪੰਜਾਬ ਮੇਲ)- ਕੋਰੋਨਾ ਵਾਇਰਸ ਕਾਰਨ ਭਾਰਤ ਨੂੰ 21 ਦਿਨਾਂ ਲਈ ਲਾਕ ਡਾਊਨ ਕਰ ਦਿੱਤਾ ਗਿਆ ਹੈ। ਅੱਜ ਲਾਕ ਡਾਊਨ ਦਾ ਦੂਜਾ ਦਿਨ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੋਰੋਨਾ ਵਾਇਰਸ ਦਾ ਪ੍ਰਸਾਰ ਰੋਕਣ ਲਈ ਸਰਕਾਰ ਦੇ 21 ਦਿਨਾਂ ਦੇ ਲਾਕ ਡਾਊਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਵਿਰੁੱਧ ਸਰਕਾਰ ਜੋ ਵੀ ਕਦਮ ਚੁੱਕੇਗੀ ਪਾਰਟੀ ਉਸ ਦਾ ਸਮਰਥਨ ਕਰੇਗੀ। ਸੋਨੀਆ ਗਾਂਧੀ ਨੇ ਵੀਰਵਾਰ ਭਾਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਕਿ ਕਾਂਗਰਸ ਕੋਰੋਨਾ ਵਿਰੁੱਧ ਲੜਾਈ ‘ਚ ਸਰਕਾਰ ਅਤੇ ਦੇਸ਼ ਦੀ ਜਨਤਾ ਨਾਲ ਖੜ੍ਹੀ ਹੈ।
ਮੋਦੀ ਦੇ ਪੂਰੇ ਦੇਸ਼ ‘ਚ 21 ਦਿਨਾਂ ਦਾ ਲਾਕ ਡਾਊਨ ਲਾਗੂ ਕਰਨ ਨੂੰ ਸਹੀ ਕਦਮ ਦੱਸਦੇ ਹੋਏ ਸੋਨੀਆ ਨੇ ਕਿਹਾ ਕਿ ਇਸ ਵਾਇਰਸ ਨੇ ਪੂਰੀ ਦੁਨੀਆ ਨੂੰ ਮੁਸੀਬਤ ‘ਚ ਪਾ ਦਿੱਤਾ ਹੈ ਅਤੇ ਖਾਸ ਕਰ ਕੇ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਲਈ ਇਹ ਚੁਣੌਤੀ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੂਰਾ ਦੇਸ਼ ਇਸ ਬੀਮਾਰੀ ਨੂੰ ਹਰਾਉਣ ਲਈ ਇਕਜੁੱਟ ਹੈ ਅਤੇ ਕਾਂਗਰਸ ਪਾਰਟੀ ਇਸ ਨੂੰ ਹਰਾਉਣ ਲਈ ਸਰਕਾਰ ਦੇ ਹਰ ਫੈਸਲੇ ਨਾਲ ਖੜ੍ਹੀ ਹੈ।